ਪਿੰਗਲਵਾੜਾ ਬ੍ਰਾਂਚ ‘ਚ ਵੋਟਾਂ ਦੀ ਅਹਿਮੀਅਤ ਬਾਰੇ ਕੀਤਾ ਗਿਆ ਜਾਗਰੂਕ
ਪਿੰਗਲਵਾੜਾ ਬ੍ਰਾਂਚ ‘ਚ ਵੋਟਾਂ ਦੀ ਅਹਿਮੀਅਤ ਬਾਰੇ ਕੀਤਾ ਗਿਆ ਜਾਗਰੂਕ
- ਦਿਵਿਆਂਗ ਬਾਲਗ ਲੜਕੀਆਂ ਨੂੰ ਪੋਸਟਲ ਬੈਲਟ ਦੀ ਸੁਵਿਧਾ ਬਾਰੇ ਦਿੱਤੀ ਜਾਣਕਾਰੀ
ਪਰਦੀਪ ਕਸਬਾ,ਸੰਗਰੂਰ, 18 ਜਨਵਰੀ:2022
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਰਿਟਰਨਿੰਗ ਅਫ਼ਸਰ 108-ਸੰਗਰੂਰ ਸ਼੍ਰੀ ਚਰਨਜੋਤ ਸਿੰਘ ਵਾਲੀਆ ਵੱਲੋਂ ਸਵੀਪ ਦੀ ਟੀਮ ਸਮੇਤ ਪਿੰਗਲਵਾੜਾ ਬ੍ਰਾਂਚ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਗਲਵਾੜਾ ਵਿਖੇ ਰਹਿ ਰਹੀਆਂ ਬਾਲਗ ਲੜਕੀਆਂ ਨੂੰ ਆਪਣੀ ਵੋਟ ਪਾਉਣ ਦੇ ਕੀਮਤੀ ਅਧਿਕਾਰ ਬਾਰੇ ਜਾਗਰੂਕ ਕੀਤਾ ਗਿਆ। ਅਕਾਲ ਡਿਗਰੀ ਕਾਲਜ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਵਾਲੀਆਂ ਪਿੰਗਲਵਾੜਾ ਦੀਆਂ ਦੋ ਦਿਵਿਆਂਗ ਲੜਕੀਆਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਦੇ ਇਸਤੇਮਾਲ ਦੀ ਸੁਵਿਧਾ ਬਾਰੇ ਜਾਣੂ ਕਰਵਾਉਂਦਿਆਂ ਆਪਣੀਆਂ ਹੋਰ ਸਹਿਯੋਗੀ ਵਿਦਿਆਰਥਣਾਂ ਨੂੰ ਵੀ ਵੋਟ ਦੀ ਮਹੱਤਤਾ ਬਾਰੇ ਸੁਚੇਤ ਕਰਨ ਲਈ ਪ੍ਰੇਰਿਆ ਗਿਆ। ਰਿਟਰਨਿੰਗ ਅਫ਼ਸਰ ਸ਼੍ਰੀ ਵਾਲੀਆ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਹਰੇਕ ਬਾਲਗ ਨਾਗਰਿਕ ਕੋਲ ਪਹੁੰਚ ਕਰਕੇ ਸਵੀਪ ਗਤੀਵਿਧੀਆਂ ਤਹਿਤ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਕਿਉਂਕਿ ਹਰੇਕ ਵੋਟ ਦੀ ਆਪਣੀ ਖਾਸ ਅਹਿਮੀਅਤ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੌ ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਹੀ ਵੋਟ ਦਰ ਵਿੱਚ ਵਾਧਾ ਯਕੀਨੀ ਬਣ ਸਕੇਗਾ। ਇਸ ਦੌਰਾਨ ਸਵੀਪ ਦੇ ਅਗਾਂਹਵਧੂ ਬੁਲਾਰੇ ਸ੍ਰੀ ਹਰਨੇਕ ਸਿੰਘ ਨੇ ਵੋਟ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਲਵਲੀਨ ਬੜਿੰਗ ਵੀ ਹਾਜ਼ਰ ਸਨ।