ਪਿਛਲੇ 3 ਦਿਨਾਂ `ਚ 19,518 ਲੋਕਾਂ ਵੱਲੋਂ ਲਗਵਾਈ ਗਈ ਕੋਰੋਨਾ ਵੈਕਸੀਨ, ਲੋਕਾਂ `ਚ ਕਾਫੀ ਉਤਸਾਹ-ਡਿਪਟੀ ਕਮਿਸ਼ਨਰ
ਪਿਛਲੇ 3 ਦਿਨਾਂ `ਚ 19,518 ਲੋਕਾਂ ਵੱਲੋਂ ਲਗਵਾਈ ਗਈ ਕੋਰੋਨਾ ਵੈਕਸੀਨ, ਲੋਕਾਂ `ਚ ਕਾਫੀ ਉਤਸਾਹ-ਡਿਪਟੀ ਕਮਿਸ਼ਨਰ
- ਲੋਕਾਂ ਨੂੰ ਵੈਕਸੀਨ ਲਗਵਾਉਣ ਪ੍ਰਤੀ ਉਤਸਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ
- ਹੁਣ ਤੱਕ 7 ਲੱਖ 41 ਹਜ਼ਾਰ 67 ਲੋਕਾਂ ਵੱਲੋਂ ਲਗਵਾਈ ਜਾ ਚੁੱਕੀ ਹੈ ਵੈਕਸੀਨ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 8 ਦਸੰਬਰ 2021
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਹੈ ਕਿ ਲੋਕਾਂ `ਚ ਵੈਕਸੀਨ ਲਗਵਾਉਣ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 3 ਦਿਨਾਂ `ਚ 19,518 ਲੋਕਾਂ ਵੱਲੋਂ ਪਹਿਲਾਂ ਤੇ ਦੂਜੀ ਕਰੋਨਾ ਵੈਕਸੀਨ ਲਗਵਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਇਸ ਹਫਤੇ ਦੌਰਾਨ ਜ਼ੋ ਵੀ ਕੋਵਿਡ ਵੈਕਸੀਨ ਦਾ ਪਹਿਲੀ ਜਾਂ ਦੂਜੀ ਡੋਜ਼ ਲਗਵਾਉਣਗੇ ਉਨ੍ਹਾਂ ਵਿਚੋਂ ਲੱਕੀ ਡ੍ਰਾਅ ਨਾਲ ਚੋਣ ਕਰਕੇ ਭਾਗਸਾ਼ਲੀ ਲੋਕਾਂ ਨੂੰ ਟੀਵੀ, ਫਰਿੱਜ, ਵਾਸਿੰਗ ਮਸ਼ੀਨ ਤੇ ਸਮਾਰਟ ਫੋਨ ਇਨਾਮ ਵਿਚ ਦਿੱਤੇ ਜਾਣਗੇ।ਇਸ ਕਰਕੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜ਼ੋ ਵੀ ਵੈਕਸੀਨ ਲਗਵਾਉਣ ਤੋਂ ਰਹਿ ਗਏ ਹਨ ਉਹ ਆਪਣੀ ਵੈਕਸੀਨ ਜ਼ਰੂਰ ਲਗਵਾਉਣ `ਤੇ ਇਨਾਮ ਜਿੱਤਨ ਦੀ ਦੌੜ ਵਿਚ ਹਿੱਸਾ ਲੈਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਪਹਿਲੇ ਦਿਨ 2813, ਦੂਜੇ ਦਿਨ 9051 ਤੇ ਤੀਸਰੇ ਦਿਨ 7654 ਲੋਕਾਂ ਵੱਲੋਂ ਪਹਿਲੀ ਤੇ ਦੂਜੀ ਖੁਰਾਕ ਲਗਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 7 ਲੱਖ 41 ਹਜ਼ਾਰ 067 ਲੋਕਾਂ ਵੱਲੋਂ ਵੈਕਸੀਨ ਲਗਵਾਈ ਜਾ ਚੁੱਕੀ ਹੈ ਜਿਸ ਵਿਚੋਂ ਪਹਿਲੀ ਡੋਜ਼ ਲਗਵਾਉਣ ਵਾਲੇ 5 ਲੱਖ 35 ਹਜ਼ਾਰ 790 ਲੋਕ ਹਨ ਤੇ ਦੂਜੀ ਡੋਜ਼ ਲਗਵਾਉਣ ਵਾਲੇ 2 ਲੱਖ 5 ਹਜ਼ਾਰ 277 ਲੋਕ ਹਨ। ਉਨ੍ਹਾਂ ਕਿਹਾ ਕਿ ਜ਼ੋ ਵੀ ਲੋਕ ਕਰੋਨਾ ਵੈਕਸੀਨ ਲਗਵਾਉਣ ਤੋਂ ਵਾਂਝੇ ਰਹਿ ਗਏ ਹਨ ਉਹ ਆਪਣੀ ਵੈਕਸੀਨ ਜ਼ਰੂਰ ਲਗਵਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਤਰਾਂ ਦੁਨੀਆਂ ਤੇ ਕੋਵਿਡ ਦੇ ਨਵੇਂ ਨਵੇਂ ਵੇਰੀਏਂਟ ਆ ਰਹੇ ਹਨ ਅਤੇ ਓਮੀਕ੍ਰਾਨ ਨਾਂਅ ਦੇ ਨਵੇਂ ਵੇਰੀਏਂਟ ਦਾ ਖਤਰਾ ਵੱਧ ਰਿਹਾ ਹੈ ਇਸ ਲਈ ਜਰੂਰੀ ਹੈ ਕਿ ਹਰ ਇਕ ਨਾਗਰਿਕ ਜਲਦ ਤੋਂ ਜਲਦ ਆਪਣੀਆਂ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾ ਲਵੇ ਤਾਂ ਜ਼ੋ ਸਾਨੂੰ ਮੁੜ ਉਹ ਦੌਰ ਨਾ ਵੇਖਣਾ ਪਵੇ ਜ਼ੋ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਝੱਲਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਪਹਿਲੀ ਡੋਜ਼ ਤਾਂ ਲਗਵਾ ਲਈ ਹੈ ਪਰ ਦੂਰੀ ਡੋਜ਼ ਲਈ ਨਹੀਂ ਆ ਰਹੇ, ਉਨ੍ਹਾਂ ਨੇ ਕਿਹਾ ਕਿ ਡਾਕਟਰੀ ਸਲਾਹ ਅਨੁਸਾਰ ਦੋਨੋ ਡੋਜ਼ ਲਗਵਾਉਣੀ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਹਿੱਤ ਇਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ। ਇਸ ਸਬੰਧੀ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਕੋਵਿਡ ਦੇ ਖਤਰੇ ਨੂੰ ਦੂਰ ਰੱਖਣ ਲਈ ਵੈਕਸੀਨ ਹੀ ਇਕ ਕਾਰਗਾਰ ਹਥਿਆਰ ਹੈ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਸਰਕਾਰ ਵੱਲੋਂ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਤੇ ਹਰ ਰੋਜ਼ ਇਹ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਨਵੇਂ ਵੇਰਿਏਂਟ ਤੋਂ ਬਚਣ ਲਈ ਵੈਕਸੀਨ ਜ਼ਰੂਰ ਲਗਵਾਈ ਜਾਵੇ।