ਪੁੱਠੇ ਪੈਰੀਂ ਮੁੜੇ , ਗੋਲੀਆਂ ਲੈਣ ਪਹੁੰਚੇ ਵਿਅਕਤੀ
ਹਰਿੰਦਰ ਨਿੱਕਾ , ਬਰਨਾਲਾ, 12 ਜੁਲਾਈ 2022
ਸ਼ਹਿਰ ਦੇ 22 ਏਕੜ ਖੇਤਰ ‘ਚ ਸਥਿਤ ਭਾਈ ਮਨੀ ਸਿੰਘ ਚੌਂਕ ( ਫੁਹਾਰਾ ਚੌਂਕ ) ਨੇੜੇ ਦੇਰ ਸ਼ਾਮ ਐਸ.ਡੀ.ਐਮ ਗੋਪਾਲ ਸਿੰਘ ਦੀ ਅਗਵਾਈ ਵਿੱਚ ਸੀਆਈਏ ਦੇ ਸਟਾਫ ਦੀ ਪੁਲਿਸ ਵੱਲੋਂ ਬਰਨਾਲਾ ਮਨੋਰੋਗ ਤੇ ਨਸ਼ਾ ਛੁਡਾਊ ਕੇਂਦਰ ਅੰਦਰ ਅਚਾਨਕ ਕੀਤੀ ਛਾਪਾਮਾਰੀ ਹਾਲੇ ਵੀ ਜ਼ਾਰੀ ਹੈ। ਪੁਲਿਸ ਦੇ ਛਾਪੇ ਕਾਰਣ, ਵੱਡੀ ਸੰਖਿਆ ਵਿੱਚ ਗੋਲੀਆਂ ਲੈਣ ਲਈ, ਹਸਪਤਾਲ ਦੇ ਗੇਟ ਤੇ ਖੜ੍ਹੇ ਵਿਅਕਤੀਆਂ ਨੂੰ ਪੁੱਠੇ ਪੈਰੀਂ ਨਿਰਾਸ਼ ਮੁੜਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਛੇ ਵਜੇ ਐਸਡੀਐਮ ਗੋਪਾਲ ਸਿੰਘ ਦੀ ਅਗਵਾਈ ਵਿੱਚ ਉਨਾਂ ਦਾ ਸਟਾਫ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਹਸਪਤਾਲ ਵਿੱਚ ਪਹੁੰਚ ਗਈ । ਜਿੰਨ੍ਹਾਂ ਨੇ ਹਸਪਤਾਲ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਦੀ ਸਾਂਝੀ ਛਾਪਾਮਾਰੀ ਕਾਰਣ, ਹਸਪਤਾਲ ਦੇ ਸਟਾਫ ਅੰਦਰ ਭਗਦੜ ਮੱਚ ਗਈ। ਹਸਪਤਾਲ ਦੇ ਨੇੜੇ ਤੇੜੇ ਰਹਿੰਦੇ ਲੋਕ ਵੀ, ਛਾਪਾਮਾਰੀ ਦੀਆਂ ਕਨਸੋਆਂ ਲੈਂਦੇ ਦਿਖੇ।
ਹਸਪਾਤਲ ‘ਚ ਗੋਲੀਆਂ ਲੈਣ ਪਹੁੰਚੇ ਕੁੱਝ ਮਜਦੂਰਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਰਨਾਲਾ ਮਨੋਰੋਗ ਅਤੇ ਨਸ਼ਾ ਛੁਡਾਊ ਕੇਂਦਰ ਤੋਂ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਲੈਂਦੇ ਹਨ। ਉਨ੍ਹਾਂ ਸਰਕਾਰੀ ਹਸਪਤਾਲ ਵਿੱਚੋਂ ਗੋਲੀਆਂ ਨਾ ਲੈਣ ਬਾਰੇ, ਪੁੱਛਣ ਤੇ ਕਿਹਾ, ਬੇਸ਼ੱਕ ਉੱਥੋਂ ਗੋਲੀਆਂ ਮੁਫਤ ਮਿਲਦੀਆਂ ੲਲ, ਪਰੰਤੂ ਇੱਕ ਤਾਂ ਭੀੜ ਜਿਆਦਾ ਹੁੰਦੀ ਹੈ,ਦੂਜਾ, ਉਹ ਗੋਲੀਆਂ ਵੀ ਗਿਣਤੀ ਦੀਆਂ ਹੀ ਦਿੰਦੇ ਹਨ। ਜਦੋਂਕਿ ਇਹ ਹਸਪਤਾਲ ਚੋਂ 300 ਰੁਪਏ ਦਾ ਗੋਲੀਆਂ ਦਾ ਪੱਤਾ ਆਮ ਮਿਲ ਜਾਂਦਾ ਹੈ। ਜਿਸ ਨਾਲ, ਕਈ ਦਿਨ ਨਿੱਕਲ ਜਾਂਦੇ ਹਨ। ਖਬਰ ਲਿਖੇ ਜਾਣ ਤੱਕ, ਪੁਲਿਸ ਅਤੇ ਐਸਡੀਐਮ ਹਸਪਤਾਲ ਅੰਦਰ ਹੀ, ਪੜਤਾਲ ਕਰ ਰਹੇ ਸਨ। ਕਾਫੀ ਯਤਨਾਂ ਦੇ ਬਾਵਜੂਦ ਵੀ, ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੂੰ ਰੇਡ ਦੌਰਾਨ, ਕੋਈ ਨਸ਼ੀਲੀਆਂ ਗੋਲੀਆਂ ਜਾਂ ਹੋਰ ਨਸ਼ੀਲਾ ਪਦਾਰਥ ਬਰਾਮਦ ਵੀ ਹੋਇਆ ਹੈ ਜਾਂ ਨਹੀਂ। ਹਸਪਤਾਲ ਦੇ ਕਰਮਚਾਰੀ ਨੂੰ ਜਦੋਂ ਮੀਡੀਆ ਵਾਲਿਆਂ ਦੇ ਆਉਣ ਬਾਰੇ, ਭਿਣਕ ਪਈ ਤਾਂ ਉਨਾਂ ਗੇਟ ਬੰਦ ਕਰ ਦਿੱਤਾ। ਉੱਧਰ ਹਸਪਤਾਲ ਦੀ ਡਾਕਟਰ ਦਮਨਜੀਤ ਕੌਰ ਦਾ ਪੱਖ ਜਾਣਨ ਲਈ, ਫੋਨ ਕੀਤਾ, ਪਰੰਤੂ ਮੋਬਾਈਲ ਸਵਿੱਚ ਆਫ ਆ ਰਿਹਾ ਹੈ।