ਨਵਜੋਤ ਸਿੱਧੂ ਦੇ ਵਿਰੋਧ ਦੀਆਂ ਤਿਆਰੀਆਂ ਸ਼ੁਰੂ
C M O ਡਾਕਟਰ ਜਸਵੀਰ ਔਲਖ ਦੀ ਬਦਲੀ ਦੇ ਵਿਰੁੱਧ ਸਿਵਲ ਹਸਪਤਾਲ ਬਚਾਉ ਕਮੇਟੀ ਕਰੇਗੀ ਰੋਸ ਪ੍ਰਦਰਸ਼ਨ
ਹਰਿੰਦਰ ਨਿੱਕਾ ,ਬਰਨਾਲਾ 6 ਜਨਵਰੀ 2022
ਜਿਲ੍ਹੇ ਨਾਲ ਸਬੰਧਤ ਸਮੂਹ ਕਿਸਾਨ,ਮਜਦੂਰ,ਮੁਲਾਜਮ,ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅਧਾਰਿਤ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਸੱਦੇ ਤੇ ਅੱਜ ਦਾਣਾ ਮੰਡੀ ਵਿਖੇ ਹੋ ਰਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ ਵਿਰੋਧ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਕਲਾਬੀ ਕੇਂਦਰ ਦੇ ਸੂਬਾਈ ਆਗੂ ਅਤੇ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਮੈਂਬਰ ਨਰਾਇਣ ਦੱਤ ਨੇ ਦੱਸਿਆ ਕਿ ਜਿਲ੍ਹੇ ਦੇ ਸਿਵਲ ਸਰਜਨ ਡਾ. ਜਸਵੀਰ ਔਲਖ ਦੀ ਸਿਆਸੀ ਅਧਾਰ ਤੇ ਸਾਜਿਸ਼ ਤਹਿਤ ਕੀਤੀ ਗਈ ਨਜਾਇਜ਼ ਬਦਲੀ ਵਿਰੁੱਧ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਇਕੱਠ ਕਰਕੇ,ਉੱਥੋਂ ਰੋਸ ਮਾਰਚ ਕਰਦੇ ਹੋਏ ਸੰਘਰਸ਼ੀ ਲੋਕ ਰੈਲੀ ਵਾਲੀ ਥਾਂ ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨਗੇ।
ਉਨਾਂ ਕਿਹਾ ਕਿ ਲੋਕਾਈ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਡਾ. ਜਸਵੀਰ ਸਿੰਘ ਔਲਖ ਦੀ ਸਿਆਸੀ ਸਾਜਿਸ਼ ਤਹਿਤ ਕੀਤੀ ਗਈ ਨਜਾਇਜ਼ ਬਦਲੀ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਕਮੇਟੀ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ਸ਼ੀਲ ਕਾਫਲਿਆਂ ਲਈ ਵੱਡੀ ਚੁਣੌਤੀ ਹੈ ਕਿ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ 2 ਘਪਲੇਬਾਜ਼ ਤੇ ਹੈਂਕੜਬਾਜ ਡਾਕਟਰ ਸਿਆਸੀ ਪਹੁੰਚ ਰਾਹੀਂ ਨਾਂ ਸਿਰਫ ਉਸੇ ਥਾਂ ਤਾਇਨਾਤ ਹੋਣ , ਉਲਟਾ ਲੋਕਾਈ ਦੀ ਮੁਸ਼ਕਲ ਨੂੰ ਲੋਕ ਰਜ਼ਾ ਅਨੁਸਾਰ ਹੱਲ ਕਰਨ ਵਾਲੇ ਸਿਵਲ ਸਰਜਨ ਦੀ ਬਦਲੀ ਦੂਰ ਦੁਰਾਡੇ ਚੰਡੀਗੜ੍ਹ ਕਰਵਾ ਕੇ ਸਜ਼ਾ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੇ ਜੁਝਾਰੂ ਕਾਫਿਲੇ ਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਇਸ ਦੇ ਸਿੱਟੇ ਹੋਰ ਵੀ ਗੰਭੀਰ ਨਿੱਕਲਣਗੇ, ਜਿਸ ਦੀ ਜਿੰਮੇਵਾਰੀ ਸ਼ਾਸ਼ਨ ਪ੍ਰਸ਼ਾਸ਼ਨ ਤੋਂ ਇਲਾਵਾ ਸੂਬਾ ਸਰਕਾਰ ਦੀ ਹੋਵੇਗੀ।