ਨਕਲੀ ਬੀਜਾਂ ਦੇ ਮਾਮਲੇ ਸਬੰਧੀ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ: ਕਾਕਾ ਰਣਦੀਪ ਸਿੰਘ ਨਾਭਾ
ਨਕਲੀ ਬੀਜਾਂ ਦੇ ਮਾਮਲੇ ਸਬੰਧੀ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ: ਕਾਕਾ ਰਣਦੀਪ ਸਿੰਘ ਨਾਭਾ
ਨਰਮੇ ਦੀ ਪੈਦਾਵਾਰ ਵਧਾਉਣ ਤੇ ਸੁੰਡੀ ਤੋਂ ਬਚਾਉਣ ਲਈ ਛੇਤੀ ਲਿਆਂਦੀ ਜਾਵੇਗੀ ਨਵੀਂ ਤਕਨੀਕ
ਕੇਂਦਰ ਸਰਕਾਰ ਕਾਰਨ ਕਿਸਾਨ ਤੇ ਆੜ੍ਹਤੀ ਦੋਵੇਂ ਪ੍ਰੇਸ਼ਾਨ: ਗੁਰਕੀਰਤ ਸਿੰਘ ਕੋਟਲੀ
ਬੀ ਟੀ ਐਨ ਫ਼ਤਹਿਗੜ੍ਹ ਸਾਹਿਬ , 02 ਅਕਤੂਬਰ
ਨਕਲੀ ਬੀਜਾਂ ਦੇ ਮਾਮਲੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ ਤੇ ਰਿਪੋਰਟ ਦੇ ਆਧਾਰ ਉਤੇ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੇ ਨਾਲ ਨਾਲ ਨਰਮੇ ਦੀ ਪੈਦਾਵਾਰ ਵਧਾਉਣ ਤੇ ਇਸ ਫ਼ਸਲ ਨੂੰ ਸੁੰਡੀ ਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਨਵੀਂ ਤਕਨੀਕ ਬਹੁਤ ਛੇਤੀ ਲਿਆਂਦੀ ਜਾ ਰਹੀ ਹੈ, ਜੋ ਕਿ ਖੇਤੀਬਾੜੀ ਖੇਤਰ ਵਿਚਲਾ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਤੇ ਫੂਡ ਪ੍ਰੋਸੈਸਿੰਗ ਮੰਤਰੀ, ਪੰਜਾਬ, ਕਾਕਾ ਰਣਦੀਪ ਸਿੰਘ ਨਾਭਾ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਗੁਰਕੀਰਤ ਸਿੰਘ ਕੋਟਲੀ, ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਤੇ ਵਿਧਾਇਕ ਲਖਵੀਰ ਸਿੰਘ ਲੱਖਾ ਵੀ ਉਨ੍ਹਾਂ ਦੇ ਨਾਲ ਸਨ।
ਸ਼੍ਰੀ ਨਾਭਾ ਨੇ ਕਿਹਾ ਕਿ ਬੀਤੇ ਦਿਨ ਜ਼ਿਲ੍ਹਾ ਮੁਕਤਸਰ ਤੇ ਜ਼ਿਲ੍ਹਾ ਬਠਿੰਡਾ ਦੇ ਦੋ ਕਿਸਾਨਾਂ ਦੀ ਮੌਤ ਹੋਈ ਹੈ। ਉਨ੍ਹਾਂ ਵਿੱਚੋਂ ਇੱਕ ਕਿਸਾਨ ਨੂੰ ਡੇਂਗੂ ਸੀ ਤੇ ਕਰਜ਼ੇ ਕਾਰਨ ਫ਼ੌਤ ਹੋਏ ਦੂਜੇ ਕਿਸਾਨ ਦੇ ਪਰਿਵਾਰ ਨੂੰ 03 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਝੋਨੇ ਦੀ ਖ਼ਰੀਦ ਅੱਗੇ ਪਾਉਣ ਦੇ ਮਾਮਲੇ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨਾਲ ਵਿਤਕਰੇ ਵਾਲਾ ਰੁਖ ਅਖਤਿਆਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਨੋਟਿਸ ਆਇਆ ਹੈ ਕਿ ਬਰਸਾਤ ਕਾਰਨ ਨਮੀ ਦੀ ਮਾਤਰਾ ਜ਼ਿਆਦਾ ਹੈ ਇਸ ਲਈ ਝੋਨੇ ਦੀ ਵਾਢੀ ਅੱਗੇ ਪਾਈ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਤੇ ਸਰਕਾਰ 04 ਤਰੀਕ ਤੱਕ ਪ੍ਰਬੰਧ ਕਰਨ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਸਨਅਤ ਤੇ ਵਣਜ, ਸੂਚਨਾ ਤਕਨਾਲੋਜੀ ਅਤੇ ਸਾਇੰਸ ਤੇ ਤਕਨਾਲੋਜੀ ਮੰਤਰੀ, ਸ਼੍ਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਨ ਅੱਜ ਕਿਸਾਨ ਤੇ ਆੜ੍ਹਤੀ ਦੋਵੇਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਵੱਡੀ ਸਨਅੱਤ ਵੀ ਇੱਥੇ ਆਉਣ ਤੋਂ ਕਤਰਾਉਂਦੀ ਹੈ ਕਿਉਂਕਿ ਪਾਕਿਸਤਾਨ ਨਾਲ ਕੁਝ ਨਾ ਕੁਝ ਅਣਸੁਖਾਵੇਂ ਹਾਲਾਤ ਬਣੇ ਰਹਿੰਦੇ ਹਨ।ਅੰਦਰੂਨੀ ਤੇ ਬਾਹਰੀ ਤਾਕਤਾਂ ਵੀ ਇਸ ਤਾਕ ਵਿੱਚ ਰਹਿੰਦੀਆਂ ਹਨ ਕਿ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾਵੇ, ਜੋ ਕਿ ਕਿਸੇ ਹਾਲ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਸ਼ਾਂਤੀ ਬਹਾਲ ਕੀਤੀ, ਜਿਸ ਸਦਕਾ ਪੰਜਾਬ ਤਰੱਕੀ ਦੇ ਰਾਹ ਤੁਰਿਆ ਤੇ ਪੰਜਾਬ ਦੀ ਤਰੱਕੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਦੌਰਾਨ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦੀ ਖ਼ਰੀਦ ਸਬੰਧੀ ਇੱਕ ਤਰਫ਼ਾ ਫ਼ੈਸਲਾ ਲਿਆ ਹੈ ਤੇ ਪੰਜਾਬ ਸਰਕਾਰ ਨਾਲ ਇਸ ਸਬੰਧੀ ਕੋਈ ਸਲਾਹ ਨਹੀਂ ਕੀਤੀ ਗਈ। ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਯਤਨ ਕਰ ਰਹੀ ਹੈ ਤੇ ਜਿਹੜੇ ਕਿਸਾਨ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਪੁੱਜ ਗਏ ਹਨ, ਉਨ੍ਹਾਂ ਸਬੰਧੀ ਵੀ ਵਿਸ਼ੇਸ਼ ਉਪਰਾਲੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਰੇਲਵੇ ਮੰਤਰੀ ਤੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕਰ ਕੇ ਸਰਹਿੰਦ ਸਬੰਧੀ ਦੋ ਰੇਲ ਗੱਡੀਆਂ ਰਿਸਟੋਰ ਕਰਨ ਦੀ ਮੰਗ ਰੱਖੀ ਸੀ ਤੇ ਉਨ੍ਹਾਂ ਨੇ ਇਹ ਮੰਗ ਪੂਰੀ ਕਰਨ ਦਾ ਵਾਅਦਾ ਕੀਤਾ ਸੀ। ਹੁਣ ਉਹ ਮੁੜ ਦਿੱਲੀ ਜਾਣਗੇ ਤੇ ਇਸ ਸਬੰਧੀ ਰੇਲਵੇ ਮੰਤਰੀ ਨਾਲ ਮੁੜ ਗੱਲਬਾਤ ਕਰਨਗੇ।
ਇਸ ਮੌਕੇ ਕੈਬਨਿਟ ਮੰਤਰੀਆਂ ਨੂੰ ਬੱਚਤ ਭਵਨ ਵਿਖੇ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀਆਂ, ਸੰਸਦ ਮੈਂਬਰ ਤੇ ਵਿਧਾਇਕਾਂ ਨੇ ਰੋਜ਼ਾ ਸ਼ਰੀਫ਼, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਮਾਤਾ ਚਕਰੇਸ਼ਵਰੀ ਦੇਵੀ ਜੈਨ ਮੰਦਿਰ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਮੰਡੀ ਗੋਬਿੰਦਗੜ੍ਹ, ਕ੍ਰਿਸ਼ਨਾ ਮੰਦਿਰ, ਮੰਡੀ ਗੋਬਿੰਦਗੜ੍ਹ, ਗੁਰਦੁਆਰਾ ਸਾਹਿਬ, ਜੱਸੜਾਂ, ਸ਼ੀਤਲਾ ਮਾਤਾ ਮੰਦਿਰ ਅਮਲੋਹ, ਵਾਲਮੀਕੀ ਮੰਦਿਰ, ਅਮਲੋਹ ਅਤੇ ਭਗਤ ਰਵੀਦਾਸ ਗੁਰਦੁਆਰਾ ਸਾਹਿਬ, ਅਮਲੋਹ ਵਿਖੇ ਵੀ ਮੱਥਾ ਟੇਕਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ,
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ, ਐਸ ਐਸ ਪੀ ਸੰਦੀਪ ਗੋਇਲ, ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸੰਜੀਵ ਦੱਤਾ, ਰਾਮ ਕ੍ਰਿਸ਼ਨ ਭੱਲਾ, ਹਰਪ੍ਰੀਤ ਪ੍ਰਿੰਸ, ਅਸ਼ੋਕ ਸ਼ਰਮਾ, ਜੋਗਿੰਦਰ ਮੈਣੀ, ਨੀਲਮ ਰਾਣੀ, ਹਰਪ੍ਰੀਤ ਅਜਨਾਲੀ, ਮਾਸਟਰ ਜਰਨੈਲ ਸਿੰਘ, ਪੰਮੀ ਵਾਲੀਆ, ਰਣਧੀਰ ਹੈਪੀ, ਇੰਦਰਜੀਤ ਰੰਧਾਵਾ, ਜਗਮੋਹਨ ਬਿੱਟੂ, ਅਮਿਤ ਠਾਕੁਰ, ਅਮਰੀਕ, ਵਨੀਤ ਕੁਮਾਰ, ਬਿੱਟੂ ਮੰਡੇਰ, ਆਨੰਦ ਪਨੇਸਰ, ਮੋਹਨ ਸਿੰਘ ਸਰਪੰਚ, ਗਗਨ ਉੱਪਲ, ਮਲਕੀਤ ਸਿੰਘ ਗੁਲਾਟੀ, ਲੱਕੀ ਸ਼ਰਮਾ, ਹੈਪੀ ਸੂਦ, ਜਗਵੀਰ ਸਿੰਘ ਸਲਾਣਾ, ਪਲਵਿੰਦਰ ਸਿੰਘ ਤਲਵਾੜਾ, ਜਗਜੀਤ ਸਿੰਘ ਮਛਰਾਏ, ਬਲਵਿੰਦਰ ਸਿੰਘ, ਅਭਿਸ਼ੇਕ ਧਵਨ, ਦਿਲਸ਼ਾਦ ਭਾਂਬਰੀ, ਮੰਦੀਪ ਸਿੰਘ ਮੰਨਾ ਸਕੱਤਰ ਕੈਬਿਨੇਟ ਮੰਤਰੀ, ਸਮੇਤ ਵੱਖ ਵੱਖ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।