ਦਿਵਿਆਂਗ ਵਿਅਕਤੀਆਂ ਦੇ ਦਸਤਾਵੇਜ ਬਣਾਉਣ ਅਤੇ ਕੋਰੋਨਾ ਵੈਕਸੀਨੇਸ਼ਨ ਕਰਨ ਸਬੰਧੀ 11 ਦਸੰਬਰ ਨੂੰ ਲਗਾਇਆ ਜਾਵੇਗਾ ਕੈਂਪ : ਡਿਪਟੀ ਕਮਿਸ਼ਨਰ
ਦਿਵਿਆਂਗ ਵਿਅਕਤੀਆਂ ਦੇ ਦਸਤਾਵੇਜ ਬਣਾਉਣ ਅਤੇ ਕੋਰੋਨਾ ਵੈਕਸੀਨੇਸ਼ਨ ਕਰਨ ਸਬੰਧੀ 11 ਦਸੰਬਰ ਨੂੰ ਲਗਾਇਆ ਜਾਵੇਗਾ ਕੈਂਪ : ਡਿਪਟੀ ਕਮਿਸ਼ਨਰ
- ਮਾਤਾ ਗੁਜਰੀ ਕਾਲਜ਼ ਵਿਖੇ ਲਗਾਇਆ ਜਾਵੇਗਾ ਵਿਸ਼ੇ਼ਸ਼ ਕੈਂਪ
- ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਦੇ ਆਧਾਰ ਕਾਰਡ, ਅਪੰਗਤਾ ਸਰਟੀਫਿਕੇਟ, ਰੇਲਵੇ ਕਿਰਾਏ ਵਿੱਚ ਛੋਟ ਦਾ ਸਰਟੀਫਿਕੇਟ ਅਤੇ ਪੈਨਸ਼ਨ ਲਗਾਉਣ ਸਬੰਧੀ ਕੀਤੀ ਜਾਵੇਗੀ ਕਾਰਵਾਈ
- ਡੀ.ਸੀ. ਵੱਲੋਂ ਸਬੰਧਤ ਵਿਭਾਗਾਂ ਨੂੰ ਕੈਂਪ ਵਿੱਚ ਵੱਧ ਤੋਂ ਵੱਧ ਦਿਵਿਆਂਗਜਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ 09 ਦਸੰਬਰ : 2021
ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਲੁਈਸ ਬਰਾਇਲ ਵੈਲਫੇਅਰ ਐਸੋਸੀਏਸ਼ਨ ਫਾਰ ਬਲਾਂਈਡ(ਰਜਿ) ਦੇ ਸਹਿਯੋਗ ਨਾਲ 11 ਦਸੰਬਰ ਨੂੰ ਮਾਤਾ ਗੁਜਰੀ ਕਾਲਜ਼ ਵਿਖੇ ਵਿਸ਼ੇਸ਼ ਕੈ਼ਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਬਲਾਂਇਡ ਤੇ ਦਿਵਿਆਂਗਜ਼ਨਾਂ ਦੇ ਆਧਾਂਰ ਕਾਰਡ, ਅਪੰਗਤਾ ਸਰਟੀਫਿਕੇਟ, ਰੇਲਵੇ ਵੱਲੋਂ ਕਿਰਾਏ ਵਿੱਚ ਛੋਟ ਦੇਣ ਲਈ ਜਾਰੀ ਕੀਤਾ ਜਾਂਦਾ ਕੰਨ਼ਸੈਸ਼ਨ ਸਰਟੀਫਿਕੇਟ ਅਤੇ ਪੈਨਸ਼ਨਾਂ ਲਗਾਉਣ ਸਬੰਧੀ ਫਾਰਮ ਭਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਕੈਂਪ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਵੀ ਕੀਤਾ ਜਾਵੇਗਾ ਤਾਂ ਜੋ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਪ ਵਾਲੇ ਸਥਾਨ ’ਤੇ ਲੋੜੀਂਦੀਆਂ ਮੈਡੀਕਲ ਟੀਮਾਂ, ਅੱਖਾਂ ਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਨੂੰ ਭੇਜਿਆ ਜਾਵੇ। ਇਸ ਤੋਂ ਇਲਾਵਾ ਵੈਕਸੀਨੇਸ਼ਨ ਲਗਾਉਣ ਸਬੰਧੀ ਲੋੜੀਂਦਾ ਸਟਾਫ ਵੀ ਤਾਇਨਾਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੈਂਪ ਵਿੱਚ ਆਉਣ ਵਾਲੇ ਦਿਵਿਆਂਗਜ਼ਨਾਂ ਦਾ ਥਰਮਲ ਸਕੈਨਿੰਗ ਕਰਨ ਲਈ ਟੀਮ ਭੇਜੀ ਜਾਵੇ ਅਤੇ ਦਿਵਿਆਂਗਜ਼ਨਾਂ ਲਈ ਮਾਸਕ ਤੇ ਸੈਨੀਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਜਾਵੇ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜਿ਼ਲ੍ਹਾ ਪ੍ਰੋਗਰਾਮ ਅਫਸਰ ਨੂੰ ਕਿਹਾ ਕਿ ਦਿਵਿਆਂਗਜ਼ਨਾਂ ਨੂੰ ਪੈਨਸ਼ਨ ਲਗਾਉਣ ਸਬੰਧੀ ਫਾਰਮ ਭਰਨ ਲਈ ਲੋੜੀਂਦੇ ਸਟਾਫ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਦਿਵਿਆਂਗਜ਼ਨਾਂ ਨੂੰ ਪੈਨਸ਼ਨ ਸਕੀਮਾਂ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਈ. ਡਿਸਟ੍ਰਿਕਟ ਕੋਆਰਡੀਨੇਟਰ ਨੂੰ ਆਦੇਸ਼ ਦਿੱਤੇ ਕਿ ਦਿਵਿਆਂਗਜ਼ਨਾਂ ਦੇ ਆਧਾਰ ਕਾਰਡ ਬਣਾਉਣ ਲਈ ਵੱਖਰਾ ਕਾਊਂਟਰ ਲਗਾਇਆ ਜਾਵੇ ਤਾਂ ਜੋ ਦਿਵਿਆਂਗਜ਼ਨਾਂ ਦੇ ਆਧਾਰ ਕਾਰਡ ਬਣਾਉਣ ਵਿੱਚ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਦਿਵਿਆਂਗਜ਼ਨ ਸਾਡੇ ਸਮਾਜ ਦ ਅਹਿਮ ਹਿੱਸਾ ਹਨ ਇਸ ਲਈ ਇਨ੍ਹਾਂ ਦੀ ਭਲਾਈ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਦਿਵਿਆਂਗਜ਼ਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।