ਡੇਰਾ ਸਿਰਸਾ ਵਾਲਿਆਂ ਨੂੰ ਜਿਲ੍ਹਾ ਚੋਣ ਅਫਸਰ ਬਠਿੰਡਾ ਨੇ ਕੱਢਿਆ ਨੋਟਿਸ
ਅਸ਼ੋਕ ਵਰਮਾ , ਬਠਿੰਡਾ, 11 ਜਨਵਰੀ 2022
ਡੇਰਾ ਸਿਰਸਾ ਵੱਲੋਂ ਬਠਿੰਡਾ ਜਿਲ੍ਹੇ ’ਚ ਪੈਂਦੇ ਆਪਣੇ ਪੰਜਾਬ ਵਿਚਲੇ ਸਭ ਤੋਂ ਵੱਡੇ ਹੈਡਕੁਆਟਰ ਸਲਾਬਤਪੁਰਾ ’ਚ 9 ਜਨਵਰੀ ਨੂੰ ਡੇਰੇ ਦੇ ਦੂਸਰੇ ਗੱਦੀਨਸ਼ੀਨ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਨ ਮਨਾਉਣ ਲਈ ਕੀਤੇ ਇਕੱਠ ਨੂੰ ਲੈਕੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪੰਜਾਬ ’ਚ ਦਿਨੋ ਦਿਨ ਵਧ ਰਹੀ ਕਰੋਨਾ ਦੀ ਰਫਤਾਰ ਕਾਰਨ ਪੰਜਾਬ ਸਰਕਾਰ ਵੱਲੋਂ ਵੱਡੇ ਇਕੱਠਾਂ ਦੀ ਮਨਾਹੀ ਕੀਤੀ ਹੋਈ ਹੈ। ਇਸ ਤੋਂ ਬਿਨਾਂ ਭਾਰਤ ਦੇ ਚੋਣ ਕਮਿਸ਼ਨ ਨੇ ਵੀ ਵਿਧਾਨ ਸਭਾ ਚੋਣਾਂ ਕਾਰਨ ਪੰਜਾਬ ਭਰ ’ਚ ਵੱਡੀਆਂ ਰੈਲੀਆਂ ਜਾਂ ਰੋਡ ਮਾਰਚ ਆਦਿ ਤੇ 15 ਜਨਵਰੀ ਤੱਕ ਪੂਰੀ ਤਰਾਂ ਰੋਕ ਲਾਈ ਹੋਈ ਹੈ।
ਅਜਿਹੇ ਹਾਲਾਤਾਂ ’ਚ ਡੇਰਾ ਸਿਰਸਾ ਵੱਲੋਂ ਸਲਾਬਤਪੁਰਾ ਡੇਰੇ ਦੇ ਅੰਦਰ ਵੱਡਾ ਇਕੱਠ ਕਰਨ ਦਾ ਡਿਪਟੀ ਕਮਿਸ਼ਨਰ ਬਠਿੰਡਾ ਨੇ ਨੋਟਿਸ ਲੈਂਦਿਆਂ ਡੇਰਾ ਪ੍ਰਬੰਧਕਾਂ ਤੋਂ ਜਵਾਬਤਲਬੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਨੋਟਿਸ ਭੇਜਦਿਆਂ ਡੇਰਾ ਪ੍ਰਬੰਧਕਾਂ ਤੋਂ ਇਕੱਠ ਸਬੰਧੀ ਰਿਪੋਰਟ ਮੰਗੀ ਹੈ। ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਡੇਰੇ ਨੇ ਸਮਾਗਮ ਕਰਨ ਲਈ ਮਨਜੂਰੀ ਮੰਗੀ ਸੀ ਪਰ ਪ੍ਰਵਾਨਗੀ ਦਿੱਤੀ ਨਹੀਂ ਗਈ ਸੀ। ਦੱਸਣਯੋਗ ਹੈ ਕਿ ਡੇਰਾ ਸਿਰਸਾ ਵੱਲੋਂ 9 ਜਨਵਰੀ ਨੂੰ ਸਲਾਬਤਪੁਰਾ ’ਚ ਵੱਡਾ ਸਮਾਗਮ ਕਰਵਾਇਆ ਗਿਆ ਸੀ ਜਿਸ ’ਚ ਪੰਜਾਬ ਭਰ ਤੋਂ ਡੇਰਾ ਪੈਰੋਕਾਰ ਵੱਡੀ ਗਿਣਤੀ ’ਚ ਬੱਸਾਂ ,ਕਾਰਾਂ ਅਤੇ ਹੋਰ ਸਾਧਨਾਂ ਰਾਹੀਂ ਪੁੱਜੇ ਸਨ।
ਡੇਰੇ ਦੇ ਅਖਬਾਰ ਅਨੁਸਾਰ 9 ਜਨਵਰੀ ਨੂੰ ਸਲਾਬਤਪੁਰਾ ਡੇਰੇ ’ਚ ਜਨਮ ਦਿਨ ਦਾ ਭੰਡਾਰਾ ਮਨਾਉਣ ਲਈ 24 ਲੱਖ 75 ਹਜਾਰ ਲੋਕ ਪੁੱਜੇ ਸਨ। ਅਖਬਾਰ ਦੀ ਰਿਪੋਰਟ ਮੁਤਾਬਕ ਇੰਨ੍ਹਾਂ ਡੇਰਾ ਪੈਰੋਕਾਰਾਂ ਨੂੰ ਲੰਗਰ ਚਾਹ ਪਾਣੀ ਤੇ ਹੋਰ ਸੁਵਿਧਾ ਮੁਹੱਈਆ ਕਰਵਾਉਣ ਲਈ 50 ਹਜਾਰ ਸੇਵਾਦਾਰਾਂ ਨੇ ਡਿਊਟੀ ਦਿੱਤੀ ਹੈ। ਵੱਡੀ ਗੱਲ ਹੈ ਕਿ ਡੇਰਾ ਪ੍ਰੇਮੀਆਂ ਦੀ ਸਲਾਬਤਪੁਰਾ ਸਮਾਗਮਾਂ ’ਚ ਸ਼ਮੂਲੀਅਤ ਕਰਨ ਦੀ ਇਹ ਗਿਣਤੀ ਮੀਡੀਆ ਵੱਲੋਂ ਲਾਏ ਅਨੁਮਾਨਾਂ ਤੋਂ 8 ਗੁਣਾ ਜਿਆਦਾ ਹੈ। ਵਿਸ਼ੇਸ਼ ਤੱਥ ਹੈ ਕਿ ਪੰਜਾਬ ਦੀ ਹਾਕਮ ਧਿਰ ਕਾਂਗਰਸ ਦੀ ਸਰਕਾਰ ਦੇ ਮੰਤਰੀ ਵਿਜੇਇੰਦਰ ਸਿੰਗਲਾ ਮੀਡੀਆ ਤੇ ਦੋ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਹਰਮਿੰਦਰ ਸਿੰਘ ਜੱਸੀ, ਕਾਂਗਰਸੀ ਆਗੂ ਰਾਹੁਲਇੰਦਰ ਸਿੰਘ ਸਿੱਧੂ, ਕਾਂਗਰਸ ਦੇ ਮਾਨਸਾ ਜਿਲ੍ਹੇ ਦੇ ਪ੍ਰਧਾਨ ਮੰਗਤ ਰਾਏ ਬਾਂਸਲ, ਉਨ੍ਹਾਂ ਦੀ ਪਤਨੀ ਮੌੜ ਹਲਕੇ ਦੀ ਇੰਚਾਰਜ ਮਨੋਜ ਬਾਲਾ ਬਾਂਸਲ ਤੋਂ ਇਲਾਵਾ ਭਾਰਤੀ ਜੰਤਾ ਪਾਰਟੀ ਦੇ ਦੋ ਚੋਟੀ ਦੇ ਲੀਡਰਾਂ ਹਰਜੀਤ ਗਰੇਵਾਲ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਭਾਜਪਾ ਆਗੂ ਮੋਹਨ ਲਾਲ ਗਰਗ ਬਠਿੰਡਾ ਅਕਾਲੀ ਦਲ ਦੇ ਉਮੀਦਵਾਰ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਉਰਫ ਗੁਲਜ਼ਾਰੀ ਮੂਣਕ ਅਤੇ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਵੀ ਡੇਰਾ ਸਿਰਸਾ ਦੇ ਸਲਾਬਤਪੁਰਾ ਸਮਾਗਮ ’ਚ ਸ਼ਮੂਲੀਅਤ ਕੀਤੀ ਸੀ।
ਫਿਲਹਾਲ ਨੋਟਿਸ ਨਹੀਂ ਮਿਲਿਆ: ਪ੍ਰਬੰਧਕ
ਡੇਰਾ ਸੱਚਾ ਸੌਦਾ ਸਿਰਸਾ ਦੇ ਆਗੂ ਪ੍ਰਬੰਧਕ ਹਰਚਰਨ ਸਿੰਘ ਦਾ ਕਹਿਣਾ ਸੀ ਕਿ ਸਮਾਗਮ ਦੀ ਇਜਾਜਤ ਮਿਲੀ ਹੋਈ ਸੀ ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਹ ਕੋਈ ਮਿਥ ਕੇ ਰੱਖਿਆ ਇਕੱਠ ਨਹੀਂ ਸੀ ਬਲਕਿ ਡੇਰਾ ਸਿਰਸਾ ਵੱਲੋਂ ਹਰ ਸਾਲ ਜਨਵਰੀ ਦੇ ਦੂਸਰੇ ਐਤਵਾਰ ਨੂੰ ਭੰਡਾਰੇ ਦੇ ਰੂਪ ’ਚ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਜਿਸ ਤਹਿਤ ਐਤਕੀਂ ਵੀ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਉਨ੍ਹਾਂ ਆਖਿਆ ਕਿ ਡੇਰੇ ਵੱਲੋਂ ਕਿਸੇ ਨੂੰ ਵਿਸ਼ੇਸ਼ ਸੱਦਾ ਨਹੀਂ ਭੇਜਿਆ ਗਿਆ ਬਲਕਿ ਡੇਰਾ ਪੈਰੋਕਾਰ ਆਪਣੇ ਆਪ ਆਏ ਸਨ। ਉਨ੍ਹਾਂ ਕਿਹਾ ਕਿ ਕੋਵਿਡ ਨੂੰ ਦੇਖਦਿਆਂ ਸੈਨੇਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਮਾਸਕ ਵੀ ਵੰਡੇ ਗਏ ਸਨ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਨੋਟਿਸ ਮਿਲਣ ਉਪਰੰਤ ਜਵਾਬ ਦਾਖਲ ਕਰ ਦਿੱਤਾ ਜਾਏਗਾ।