ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਪਰਿਵਾਰਾਂ ਨੂੰ ਕੋਵਿਡ ਟੀਕਾਕਰਨ ਕਰਵਾਉਣ ਲਈ ਪ੍ਰੇਰਿਆ
ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਪਰਿਵਾਰਾਂ ਨੂੰ ਕੋਵਿਡ ਟੀਕਾਕਰਨ ਕਰਵਾਉਣ ਲਈ ਪ੍ਰੇਰਿਆ
- ਕੋਵਿਡ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ
ਪਰਦੀਪ ਕਸਬਾ,ਸੰਗਰੂਰ, 22 ਜਨਵਰੀ 2022
ਕੋਵਿਡ ਮਹਾਂਮਾਰੀ ਦਾ ਵਧ ਰਿਹਾ ਪਾਸਾਰ ਚਿੰਤਾਜਨਕ ਹੈ ਅਤੇ ਸਾਨੂੰ ਜਿਥੇ ਖ਼ੁਦ ਸਿਹਤ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਉਥੇ ਹੀ ਆਪਣੇ ਪਰਿਵਾਰਾਂ ਖਾਸ ਕਰਕੇ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਬੇਹੱਦ ਧਿਆਨ ਰੱਖਦੇ ਹੋਏ ਯਕੀਨੀ ਬਣਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅੱਜ ਉਭਾਵਾਲ, ਨਮੋਲ ਆਦਿ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਨਾਲ ਕੋਵਿਡ ਮਹਾਂਮਾਰੀ ਦੇ ਨਾਲ ਹੋ ਰਹੇ ਜਾਨੀ ਨੁਕਸਾਨ ਬਾਰੇ ਸਮਝਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਸਲਾਹਾਂ ਨੂੰ ਅਪਣਾਉਣ ਵਿੱਚ ਸਭ ਦੀ ਬਿਹਤਰੀ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਦਾ ਕੋਈ ਨੁਕਸਾਨ ਨਹੀਂ ਹੈ ਬਲਕਿ ਇਹ ਵਾਇਰਸ ਤੋਂ ਬਚਾਉਣ ਵਾਸਤੇ ਵਧੀਆ ਹਥਿਆਰ ਸਾਬਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਵਾਏ ਜਾ ਰਹੇ ਹਨ ਤਾਂ ਜੋ ਜ਼ਿਲ੍ਹਾ ਸੰਗਰੂਰ ਦਾ ਕੋਈ ਵੀ ਬਾਲਗ ਵਿਅਕਤੀ ਕੋਵਿਡ ਟੀਕਾਕਰਨ ਕਰਵਾਉਣ ਤੋਂ ਵਾਂਝਾ ਨਾ ਰਹੇ।
ਇਸ ਦੌਰਾਨ
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਬਜ਼ੁਰਗਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 80 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਅਤੇ ਕੋਵਿਡ ਪਾਜ਼ੀਟਿਵ ਲੋਕਾਂ ਦੀ ਸਿਹਤ ਸੁਰੱਖਿਆ ਲਈ ਪੋਸਟਲ ਬੈਲਟ ਸੁਵਿਧਾ ਸ਼ੁਰੂ ਕੀਤੀ ਹੈ ਅਤੇ ਆਪਣੀ ਸਿਹਤ ਪ੍ਰਤੀ ਚੇਤੰਨਤਾ ਅਪਣਾਉਂਦੇ ਹੋਏ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।