ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣਾ ਕਰ ਜਾਣ ਨਾਲ ਕੌਮੀ ਘਾਟਾ ਪਿਆ : ਪ੍ਰੋ. ਬਡੂੰਗਰ
ਡਾ. ਸਰੂਪ ਸਿੰਘ ਅਲੱਗ ਦੇ ਅਕਾਲ ਚਲਾਣਾ ਕਰ ਜਾਣ ਨਾਲ ਕੌਮੀ ਘਾਟਾ ਪਿਆ : ਪ੍ਰੋ. ਬਡੂੰਗਰ
ਪਟਿਆਲਾ 6 ਅਗਸਤ (ਰਿੱਚਾ ਨਾਗਪਾਲ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਸਿੱਖ ਸਕਾਲਰ ਡਾ. ਸਰੂਪ ਸਿੰਘ ਅਲੱਗ (86) ਦੇ ਅਕਾਲ ਚਲਾਣਾ ਕਰ ਜਾਣ ਨਾਲ ਕੌਮੀ ਘਾਟਾ ਪਿਆ ਹੈ । ਪ੍ਰੋਫ਼ੈਸਰ ਬਡੂੰਗਰ ਨੇ ਕਿਹਾ ਕਿ ਡਾ. ਸਰੂਪ ਸਿੰਘ ਅਲੱਗ ਵੱਲੋਂ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ । ਉਨ੍ਹਾਂ ਕਿਹਾ ਕਿ ਡਾ ਸਰੂਪ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ ਨਾਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਿੰਸੀਪਲ ਗੰਗਾ ਸਿੰਘ ਯਾਦਗਾਰੀ ਐਵਾਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ-ਏ-ਕੌਮ ਐਵਾਰਡ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ ।
ਉਨ੍ਹਾਂ ਕਿਹਾ ਕਿ ਡਾ ਸਰੂਪ ਸਿੰਘ ਅਲੱਗ ਵੱਲੋਂ ਸਿੱਖ ਕੌਮ ਦੀ ਝੋਲੀ ਵਿੱਚ ਵੱਖ ਵੱਖ ਭਾਸ਼ਾਵਾਂ 110 ਦੇ ਲਗਭਗ ਧਾਰਮਿਕ ਪੁਸਤਕਾਂ ਪਾਈਆਂ । ਉਨ੍ਹਾਂ ਦੱਸਿਆ ਕਿ ਡਾ ਸਰੂਪ ਸਿੰਘ ਅਲੱਗ ਵੱਲੋਂ ਆਪਣੀਆਂ ਲਿਖੀਆਂ ਪੁਸਤਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਮੁਫ਼ਤ ਵੱਡੀ ਗਿਣਤੀ ਵਿੱਚ ਪੁਸਤਕਾਂ ਲੰਗਰਾਂ ਦੇ ਰੂਪ ਵਿੱਚ ਵੀ ਵੰਡੀਆਂ । ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹੇ ਮਹਾਨ ਵਿਦਵਾਨ ਤੇ ਸਿੱਖ ਸਕਾਲਰ ਤੇ ਹਮੇਸ਼ਾਂ ਸਿੱਖ ਕੌਮ ਨੂੰ ਮਾਣ ਰਹੇਗਾ ਅਤੇ ਉਹ ਆਪਣੀਆਂ ਵਿਦਵਤਾ ਅਤੇ ਮਾਰਗ ਦਰਸ਼ਕ ਪੁਸਤਕਾਂ ਰਾਹੀਂ ਹਮੇਸ਼ਾ ਜ਼ਿੰਦਾ ਰਹਿਣਗੇ ।