ਡਾ. ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ ਰੈਲੀ-ਉੱਪਲੀ
ਡਾ. ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ ਰੈਲੀ-ਉੱਪਲੀ
ਸੋਨੀ ਪਨੇਸਰ,ਬਰਨਾਲਾ,29 ਦਸੰਬਰ 2021
ਬਰਨਾਲਾ ਜਿਲ੍ਹੇ ਨਾਲ ਸਬੰਧਤ ਸਮੂਹ ਕਿਸਾਨ,ਮਜਦੂਰ,ਮੁਲਾਜਮ,ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅਧਾਰਿਤ ਸਿਵਲ ਹਸਪਤਾਲ ਬਚਾਓ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਿਵਲ ਸਰਜਨ ਬਰਨਾਲਾ ਡਾ ਜਸਵੀਰ ਸਿੰਘ ਔਲਖ ਦੀ ਸਿਆਸੀ ਅਧਾਰ ਤੇ ਸਾਜਿਸ਼ ਤਹਿਤ ਕੀਤੀ ਗਈ ਨਜਾਇਜ਼ ਬਦਲੀ ਵਿਰੁੱਧ 30 ਦਸੰਬਰ ਨੂੰ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਵਿਸ਼ਾਲ ਰੈਲੀ ਉਪਰੰਤ ਡੀਸੀ ਦਫਤਰ ਵੱਲ ਕੀਤੀ ਜਾਣ ਵਾਲੇ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਬੰਧੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਕਨਵੀਨਰ ਬਲਵੰਤ ਸਿੰਘ ਉੱਪਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਲੋਕਾਈ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਸਿਵਲ ਸਰਜਨ ਬਰਨਾਲਾ ਡਾ ਜਸਵੀਰ ਸਿੰਘ ਔਲਖ ਦੀ ਸਿਆਸੀ ਸਾਜਿਸ਼ ਤਹਿਤ ਨਜਾਇਜ਼ ਬਦਲੀ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 30 ਦਸੰਬਰ ਨੂੰ ਸਿਵਲ ਹਸਪਤਾਲ ਪਾਰਕ ਵਿੱਚ ਹੋਣ ਵਾਲੀ ਰੈਲੀ/ਮੁਜਾਹਰੇ ਵਿੱਚ ਪੂਰੇ ਜਿਲ੍ਹੇ ਵਿੱਚੋਂ ਕਿਸਾਨ ਕਾਫ਼ਲੇ ਜੋਰਦਾਰ ਸ਼ਮੂਲੀਅਤ ਕਰਨਗੇ। ਯਾਦ ਰਹੇ ਪਿਛਲੇ ਸਮੇਂ ਸਿਵਲ ਹਸਪਤਾਲ ਬਰਨਾਲਾ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੋ ਹੱਡੀਆਂ ਦੇ ਡਾਕਟਰਾਂ ਨੂੰ ਸਿਵਲ ਹਸਪਤਾਲ ਬਚਾਓ ਕਮੇਟੀ ਦੀ ਜੋਰਦਾਰ ਮੰਗ ਤੇ ਡਾ ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਦੀ ਪੜਤਾਲੀਆ ਰਿਪੋਰਟ ਦੇ ਅਧਾਰ ਤੇ ਮੁਅੱਤਲ ਕੀਤਾ ਗਿਆ ਸੀ। ਪਰ ਸਿਆਸੀ ਸਾਜਿਸ਼ ਤਹਿਤ 22/12/2021 ਨੂੰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੋਵਾਂ ਡਾਕਟਰਾਂ ਨੂੰ ਮੁੜ ਸਿਵਲ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਕਰਕੇ ਡਾ ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੂੰ ਸੱਚ ਲਿਖਣ ਦੀ ਸਜ਼ਾ ਵਜੋਂ ਚੰਡੀਗੜ੍ਹ ਤੈਨਾਤ ਕਰ ਦਿੱਤਾ ਗਿਆ ਹੈ। ਇਹ ਡਾ ਜਸਵੀਰ ਔਲਖ ਲਈ ਚੁਣੌਤੀ ਨਹੀਂ ਸਗੋਂ ਬੇਇਨਸਾਫ਼ੀ ਵਿਰੁੱਧ ਅਵਾਜ਼ ਉਠਾਉਣ ਵਾਲੀਆਂ ਜਨਤਕ ਜਮਹੂਰੀ ਜਥੇਬੰਦੀਆਂ ਲਈ ਵਡੇਰੀ ਚੁਣੌਤੀ ਹੈ। ਆਗੂਆਂ ਨੇ ਸਭਨਾਂ ਇਨਸਾਫ਼ਪਸੰਦ ਜਥੇਬੰਦੀਆਂ ਨੂੰ ਇਸ ਉਲੀਕੇ ਪ੍ਰੋਗਰਾਮ ਵਿੱਚ ਸਾਥੀਆਂ ਸਮੇਤ ਸ਼ਮੂਲੀਅਤ ਕਰਨ ਦੀ ਕਮੇਟੀ ਵੱਲੋਂ ਅਪੀਲ ਕੀਤੀ ਹੈ। ਅੱਜ ਦੀ ਇਸ ਮੀਟਿੰਗ ਵਿੱਚ ਦਰਸ਼ਨ ਸਿੰਘ ਉੱਗੋਕੇ, ਮਲਕੀਤ ਸਿੰਘ ਈਨਾ, ਜਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਡਿਆਇਆ, ਬਾਬੂ ਸਿੰਘ ਖੁੱਡੀਕਲਾਂ, ਗੁਰਚਰਨ ਸਿੰਘ ਸਰਪੰਚ, ਨਛੱਤਰ ਸਿੰਘ ਸਹੌਰ, ਜੱਗਾ ਸਿੰਘ ਬਦਰਾ, ਜਗਤਾਰ ਸਿੰਘ, ਅਮਰਜੀਤ ਕੌਰ, ਪਰੇਮਪਾਲ ਕੌਰ, ਬਿੱਕਰ ਸਿੰਘ ਐਲਖ, ਹਰਮੇਲ ਸਿੰਘ ਖੁੱਡੀਕਲਾਂ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂ ਵੀ ਸ਼ਾਮਿਲ ਸਨ।