ਟੋਲ ਪਲਾਜ਼ਾ ਮਹਿਲ ਕਲਾਂ ਤੇ ਵਿਸ਼ਾਲ ਇਕੱਠ ਕਰਕੇ ਸਕੂਲ ਖੋਲ੍ਹਣ ਲਈ ਪ੍ਰਸ਼ਾਸ਼ਨ ਨੂੰ ਸਖਤ ਦਿੱਤੀ ਚਿਤਾਵਨੀ
ਟੋਲ ਪਲਾਜ਼ਾ ਮਹਿਲ ਕਲਾਂ ਤੇ ਵਿਸ਼ਾਲ ਇਕੱਠ ਕਰਕੇ ਸਕੂਲ ਖੋਲ੍ਹਣ ਲਈ ਪ੍ਰਸ਼ਾਸ਼ਨ ਨੂੰ ਸਖਤ ਦਿੱਤੀ ਚਿਤਾਵਨੀ
ਸੋਨੀ ਪਨੇਸਰ,ਮਹਿਲਕਲਾਂ,5 ਫਰਵਰੀ 2022
ਅੱਜ ਕਿਸਾਨ ਜਥੇਬੰਦੀਆਂ, ਸਕੂਲ ਵਿਦਿਆਰਥੀ,ਮਾਪੇ,ਅਧਿਆਪਕ ਸਕੂਲ ਪ੍ਰਬੰਧਕਾਂ ਵੱਲੋਂ ਟੋਲ ਪਲਾਜ਼ਾ ਮਹਿਲਕਲਾਂ ਤੇ ਵਿਸ਼ਾਲ ਇਕੱਠ ਕਰਕੇ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲ ਖੋਹਲਣ ਲਈ ਪ੍ਰਸ਼ਾਸ਼ਨ ਨੂੰ ਸਖਤ ਚਿਤਾਵਨੀ ਦਿੱਤੀ।ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ, ਸਕੂਲੀ ਬੱਚਿਆਂ ਦੇ ਮਾਪੇ, ਸਕੂਲੀ ਵਿਦਿਆਰਥੀ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਗੁਰਦੇਵ ਸਿੰਘ ਮਾਂਗੇਵਾਲ, ਜੁਗਰਾਜ ਸਿੰਘ ਹਰਦਾਸਪੁਰਾ,ਮਲਕੀਤ ਈਨਾ,ਅਮਨਦੀਪ ਸਿੰਘ ਰਾਏਸਰ,ਗਗਨ ਸਰਾਂ, ਰਣਜੀਤ ਸਿੰਘ ਚੀਮਾ, ਸ਼ੁਸ਼ੀਲ ਕੁਮਾਰ,ਨੇਕਦਰਸ਼ਨ ਸਿੰਘ,ਬਲਵਿੰਦਰ ਬਿੰਦੂ,ਜਰਨੈਲ ਸਹੌਰ ਨੇ ਕਿਹਾ ਕਿ ਸਰਕਾਰ ਕਰੋਨਾ ਬਹਾਨੇ ਸਾਡੇ ਬੱਚਿਆਂ ਨੂੰ ਪੜਾਈ ਲਿਖਾਈ ਤੋਂ ਵਿਰਵੇ ਕਰਨਾ ਚਾਹੁੰਦੀ ਹੈ। ਸਕੂਲ, ਕਾਲਜ ਬੰਦ ਕੀਤੇ ਹੋਏ ਹਨ,। ਵਿਧਾਨ ਸਭਾ ਚੋਣਾਂ ਦਾ ਦੌਰ ਪੂਰੇ ਜੋਰਾਂ’ਤੇ ਹੈ। ਬਜ਼ਾਰ ਖੁੱੱਲੇ ਹਨ, ਬੱਸਾਂ, ਰੇਲਾਂ ਭਰ ਭਰ ਜਾ ਰਹੀਆਂ ਹਨ। ਸ਼ਰਾਬ ਦੇ ਠੇਕੇ,ਵੱਡ ਅਕਾਰੀ ਹੋਟਲ,ਮਾਲ ਸਭ ਖੁੱੱਲੇ ਹਨ। ਇਹ ਕਿਹੜੀ ਬਲਾ ਹੈ ਕਿ ਸੀਮਤ ਗਿਣਤੀ ਦੇ ਬਾਵਜੂਦ ਕਰੋਨਾ ਸਿਰਫ਼ ਵਿਦਿਆਰਥੀਆਂ ਨੂੰ ਹੀ ਚਿੰਬੜਦਾ ਹੈ। ਬੁਲਾਰਿਆਂ ਕਿਹਾ ਕਿ ਕਰੋਨਾ ਤਾਂ ਮਹਿਜ ਇੱਕ ਬਹਾਨਾ ਹੈ, ਅਸਲ ਨਿਸ਼ਾਨਾ ਸਿੱਖਿਆ ਨੂੰ ਡਿਜੀਟਲਾਈਜੇਸ਼ਨ ਦੇ ਨਾਂ ਹੇਠ ਬਰਬਾਦ ਕਰਨ ਦਾ ਹੈ।
ਅੱਜ ਦਾ ਸਾਂਝਾ ਇਕੱਠੇ ਮਹਿਲਕਲਾਂ ਦੀ ਧਰਤੀ ਤੇ 27 ਸਾਲ ਪਹਿਲਾਂ ਸਾਂਝੇ ਸੰਘਰਸ਼ਾਂ ਦੀ ਰੱਖੀ ਦਰੁੱਸਤ ਬੁਨਿਆਦ ਦੀ ਸ਼ਾਹਦੀ ਭਰਦਾ ਸੀ। ਵਿਸ਼ੇਸ਼ ਪੱਖ ਇਹ ਰਿਹਾ ਕਿ ਚੋਣਾਂ ਦੀ ਫਸਲ ਵੱਢਣ ਦੇ ਆਹਰ ਵਿੱਚ ਮਸ਼ਰੂਫ ਕੋਈ ਵੀ ਨੁਮਾਇੰਦਾ ਇਸ ਸੰਘਰਸ਼ ਦੇ ਨੇੜੇ ਵੀ ਨਹੀਂ ਫਰਕਿਆ। ਆਗੂਆਂ ਕਿਹਾ ਕਿ ਘਰੋਂ ਬੈਠ ਕੇ ਆਨ ਲਾਈਨ ਪੜਾਈ ਕਰਨ ਨਾਲ ਮਾਪਿਆਂ ਉੱਪਰ ਤਰ੍ਹਾਂ ਤਰ੍ਹਾਂ ਦੇ ਹੋਰ ਬੋਝ ਪੈ ਰਹੇ ਹਨ। ਪੜਾਉਣ ਵਾਲੇ ਅਧਿਆਪਕ ਵੀ ਆਨਲਾਈਨ ਸਿੱਖਿਆ ਦੇ ਬੋਝ ਥੱਲੇ ਦਬੇੇ ਮਹਿਸੂਸ ਕਰ ਰਹੇ ਹਨ। ਸਭਨਾਂ ਵਿਦਿਆਰਥੀਆਂ ਲਈ ਮੁਫ਼ਤ ਤੇ ਮਿਆਰੀ ਸਿੱਖਿਆ ਦਾ ਬੁਨਿਆਦੀ ਅਧਿਕਾਰ ਹਾਕਮਾਂ ਨੇ ਪੜਾਅ ਵਾਰ ਪੜਾਅ ਆਪਣੇ ਮਨੋਰਥ ਵਿੱਚੋਂ ਗਾਇਬ ਕਰ ਦਿੱਤਾ ਹੈ। ਇਸ ਲਈ ਵੱਡੀ ਲੜਾਈ ਲੜਨ ਲਈ ਹੁਣੇ ਤੋਂ ਤਿਆਰ ਰਹਿਣ ਦੀ ਲੋੜ ਤੇ ਜੋਰ ਦਿੱਤਾ। ਸਕੂਲ ਪਰਬੰਧਕਾਂ ਵੱਲੋਂ ਭਾਕਿਯੂ ਏਕਤਾ ਡਕੌਂਦਾ ਸਮੇਤ ਸ਼ਾਮਿਲ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਇਆ ਕਿ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਉਣ ਲਈ ਤਿਆਰ ਹਨ। ਭਾਗ ਸਿੰਘ,ਸੁਖਦੇਵ ਸਿੰਘ ਕੁਰੜ,ਅਮਰਜੀਤ ਸਿੰਘ ਠੁੱਲੀਵਾਲ, ਬਲਜਿੰਦਰ ਪ੍ਰਭੂ ਆਦਿ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਾਏਸਰ, ਕੁਰੜ ,ਸਹਿਜੜਾ,ਨਿਹਾਲੂਵਾਲ ਆਦਿ ਸਰਕਾਰੀ ਸਕਲਾਂ ਵਿੱਚ ਪੜ੍ਹਾਈ ਚਾਲੂ ਕਰਵਾਈ ਗਈ ਹੈ। ਆਗੂਆਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ 6 ਫਰਬਰੀ ਤੱਕ ਕਰੋਨਾ ਦੀ ਆੜ ਹੇਠ ਜਬਰੀ ਬੰਦ ਕੀਤੇ ਸਕੂਲ ਖੋਲ੍ਹੇ ਜਾਣ ਨਹੀਂ ਤਾਂ 7 ਫਰਵਰੀ ਨੂੰ ਸਮੁੱਚੇ ਪੰਜਾਬ ਅੰਦਰ 12 ਵਜੇ ਤੋਂ 2 ਵਜੇ ਤੱਕ 2 ਘੰਟੇ ਮੁਕੰਮਲ ਸੜਕਾਂ ਜਾਮ ਕੀਤੀਆਂ ਜਾਣਗੀਆਂ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਬਰੌਡਵੇ ਪਬਲਿਕ ਸਕੂਲ ਮਨਾਲ, ਪੈਰਾਡਾਈਜ ਅਕੈਡਮੀ ਹਮੀਦੀ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕਰੜ, ਸਟੈਂਨ ਫੋਰਡ ਪਬਲਿਕ ਸਕੂਲ ਚੰਨਣਵਾਲ ਸਮੇਤ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀ, ਅਧਿਆਪਕ, ਮਾਪਿਆਂ, ਪਰਬੰਧਕਾਂ ਨੇ ਸ਼ਾਮਿਲ ਹੋਕੇ 7 ਫਰਬਰੀ ਦੇ ਦੋ ਘੰਟੇ ਸੜਕ ਜਾਮ ਨੂੰ ਸਫਲ ਬਨਾਉਣ ਵਿੱਚ ਹਰ ਸੰਭਵ ਸਹਿਯੋਗ ਕਰਨ ਦਾ ਵਿਸਵਾਸ ਦਿਵਾਇਆ। ਰੋਸ ਪ੍ਰਦਰਸ਼ਨ ਦੀ ਵਿਸ਼ੇਸ਼ਤਾ ਇਹ ਸੀ ਕਿ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਅਨੁਸ਼ਾਸ਼ਨ ਨਾਲ ਸੜਕ ਕੰਢੇ ਲੰਬੀਆਂ ਲਾਈਨਾਂ ਵਿੱਚ ਖੜਕੇ ਭਾਗ ਲਿਆ।