ਜਨਰਲ ਤੇ ਖਰਚਾ ਅਬਜ਼ਰਵਰ ਵੱਲੋਂ ਵਿਧਾਨ ਸਭਾ ਹਲਕਾ ਦੀਆਂ ਵੱਖ-ਵੱਖ ਟੀਮਾਂ ਨਾਲ ਮੀਟਿੰਗ
ਜਨਰਲ ਤੇ ਖਰਚਾ ਅਬਜ਼ਰਵਰ ਵੱਲੋਂ ਵਿਧਾਨ ਸਭਾ ਹਲਕਾ ਦੀਆਂ ਵੱਖ-ਵੱਖ ਟੀਮਾਂ ਨਾਲ ਮੀਟਿੰਗ
ਪਰਦੀਪ ਕਸਬਾ ,ਸੰਗਰੂਰ, 3 ਫਰਵਰੀ:2022
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 108-ਸੰਗਰੂਰ, 107-ਧੂਰੀ ਤੇ 100-ਦਿੜਬਾ ਲਈ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ ਆਈ.ਏ.ਐਸ ਅਧਿਕਾਰੀ ਸ਼੍ਰੀ ਸੁਬੋਧ ਯਾਦਵ ਅਤੇ ਵਿਧਾਨ ਸਭਾ ਹਲਕਿਆਂ 107-ਧੂਰੀ ਅਤੇ 108-ਸੰਗਰੂਰ ਵਿਖੇ ਖਰਚਾ ਅਬਜ਼ਰਵਰ ਵਜੋਂ ਤਾਇਨਾਤ ਆਈ.ਸੀ.ਏ.ਐਸ ਅਧਿਕਾਰੀ ਸ਼੍ਰੀ ਸੁਭਾਸ਼ ਚੰਦਰਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਸੰਗਰੂਰ ਵਿਖੇ ਚੋਣਾਂ ਸਬੰਧੀ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਵੱਖ ਵੱਖ ਟੀਮਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।
ਰਿਟਰਨਿੰਗ ਅਫ਼ਸਰ ਸ਼੍ਰੀ ਚਰਨਜੋਤ ਸਿੰਘ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਜਨਰਲ ਅਬਜ਼ਰਵਰ ਵੱਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਟੀਮਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਮਾਮਲਿਆਂ ਅਤੇ ਕੀਤੀ ਗਈ ਕਾਰਵਾਈ ਬਾਰੇ ਜਾਇਜ਼ਾ ਲਿਆ। ਸ਼੍ਰੀ ਸੁਬੋਧ ਯਾਦਵ ਨੇ ਕਿਹਾ ਕਿ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਕੋਈ ਵੀ ਬੇਨਿਯਮੀ ਸਾਹਮਣੇ ਆਉਣ ’ਤੇ ਸਬੰਧਤ ਨੋਡਲ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਉਨਾਂ ਕਿਹਾ ਕਿ ਹਰੇਕ ਪੱਧਰ ’ਤੇ ਅਧਿਕਾਰੀਆਂ ਤੇ ਚੌਕਸੀ ਟੀਮਾਂ ਦਾ ਆਪਸੀ ਤਾਲਮੇਲ ਬੇਹੱਦ ਅਹਿਮ ਹੈ। ਇਸ ਦੌਰਾਨ ਉਨਾਂ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੁਆਰਾ ਚੋਣ ਪ੍ਰਚਾਰ ਹਿੱਤ ਛਪਵਾਏ ਜਾਂਦੀ ਚੋਣ ਸਮੱਗਰੀ ਦਾ ਪ੍ਰਕਾਸ਼ਨ ਕਰਨ ਵਾਲੇ ਪ੍ਰਿੰਟਰਾਂ ਦੀ ਅਚਨਚੇਤ ਜਾਂਚ ਕਰਨ ਅਤੇ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਜਾਰੀ ਹਦਾਇਤਾਂ ਦੇ ਪਾਲਣ ਬਾਰੇ ਵੀ ਜਾਇਜ਼ਾ ਲਿਆ। ਵੀਡੀਓ ਸਰਵੇਲੈਂਸ ਟੀਮਾਂ ਤੇ ਸਟੈਟਿਵ ਸਰਵੇਲੈਂਸ ਟੀਮਾਂ ਦੁਆਰਾ ਕੀਤੀ ਜਾਂਦੀ ਕਾਰਵਾਈ ਦੇ ਨਾਲ ਨਾਲ ਉਮੀਦਵਾਰਾਂ ਦੁਆਰਾ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲੋਂਪ੍ਰਵਾਨਗੀ ਲੈਣ ਸਮੇਂ ਅਤੇ ਬਾਅਦ ਵਿੱਚ ਆਯੋਜਿਤ ਕੀਤੇ ਜਾਂਦੇ ਪ੍ਰੋਗਰਾਮਾਂ ਆਦਿ ਬਾਰੇ ਵੀ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ।
ਖਰਚਾ ਅਬਜ਼ਰਵਰ ਸ਼੍ਰੀ ਸੁਬੋਧ ਚੰਦਰਾ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਫੌਰੀ ਕਾਰਵਾਈ ਕਰਨ ਦੇ ਨਾਲ ਨਾਲ ਸਬੰਧਤ ਉਮੀਦਵਾਰ ਨੂੰ ਖਰਚਾ ਪਾਉਣ ਲਈ ਵੀ ਕਾਰਵਾਈ ਅਮਲ ਵਿੱਚ ਲਿਆਉਣੀ ਜ਼ਰੂਰੀ ਹੈ। ਉਨਾਂ ਕਿਹਾ ਕਿ ਬੈਂਕਾਂ ਵਿੱਚ ਨਗਦੀ ਦੇ ਸ਼ੱਕੀ ਲੈਣ ਦੇਣ, ਚੋਣ ਸਮੱਗਰੀ ’ਤੇ ਕੀਤੇ ਜਾਣ ਵਾਲੇ ਖਰਚਿਆਂ, ਵਾਹਨਾਂ ਦੀ ਚੈਕਿੰਗ, ਡਿਜ਼ੀਟਲ ਪ੍ਰਣਾਲੀ ਨਾਲ ਨਗਦੀ ਦੇ ਲੈਣ ਦੇਣ ਆਦਿ ’ਤੇ ਵੀ ਨਜ਼ਰ ਰੱਖੀ ਜਾਵੇ।
ਇਸ ਦੌਰਾਨ ਰਿਟਰਨਿੰਗ ਅਫਸਰ ਨੇ ਵਿਸ਼ਵਾਸ ਦਿਵਾਇਆ ਕਿ ਹਲਕਾ ਸੰਗਰੂਰ ਵਿਖੇ ਸਮੁੱਚੇ ਚੋਣ ਅਮਲ ਨੂੰ ਸ਼ਾਂਤੀਪੂਰਵਕ ਮੁਕੰਮਲ ਕਰਨ ਲਈ ਸਮੂਹ ਅਧਿਕਾਰੀਆਂ ਤੇ ਟੀਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।