ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 42 ਬੇਰੋਜ਼ਗਾਰਾਂ ਨੂੰ ਮਿਲਿਆ ਰੋਜ਼ਗਾਰ
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 42 ਬੇਰੋਜ਼ਗਾਰਾਂ ਨੂੰ ਮਿਲਿਆ ਰੋਜ਼ਗਾਰ
ਪੇਂਡੂ ਸਕਿੱਲ ਸੈਂਟਰ ਸਲਾਣੀ ਵਿਖੇ ਲਗਾਏ ਗਏ ਜਾਬ ਫੇਅਰ ਦੌਰਾਨ ਵੱਖ-ਵੱਖ ਨਾਮੀ ਕੰਪਨੀਆਂ ਨੇ ਕੀਤੀ ਚੋਣ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 22 ਦਸੰਬਰ: 2021
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਰੂਰਲ ਸਕਿੱਲ ਸੈਂਟਰ ਸਲਾਣੀ ਵਿਖੇ 42 ਬੇਰੋਜ਼ਗਾਰਾਂ ਦੀ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਚੋਣ ਕੀਤੀ ਗਈ ਇਨ੍ਹਾਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਹਾਸਲ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਫਸਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਪੇਂਡੂ ਸਕਿੱਲ ਸੈਂਟਰ ਸਲਾਣੀ ਵਿਖੇ ਜਾਬ ਫੇਅਰ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਪ੍ਰਾਈਵੇਟ ਖੇਤਰ ਦੀਆਂ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਜਾਬ ਫੇਅਰ ਵਿੱਚ ਐਕਸਿਸ ਬੈਂਕ, ਏਰੀਅਲ ਟੈਲੀਕਾਮ ਸਲਿਊਸ਼ਨ ਅਤੇ ਪੀਪਲ ਟਰੀ ਵਰਗੀਆਂ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਸੀ ਜਿਨ੍ਹਾਂ ਨੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਜਿ਼ਲ੍ਹੇ ਦੇ ਨੌਜਵਾਨਾਂ ਵਿੱਚ ਇਸ ਰੋਜ਼ਗਾਰ ਮੇਲੇ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਵਿੱਚ ਭਾਗ ਲਿਆ। ਰੋਜ਼ਗਾਰ ਮੇਲੇ ਵਿੱਚ ਸ਼ਾਮਲ ਹੋਈਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਜਾਬ ਫੇਅਰ ਵਿੱਚ ਆਪਣੇ ਅਦਾਰਿਆਂ ਲਈ ਚੰਗੇ ਉਮੀਦਵਾਰ ਮਿਲ ਰਹੇ ਹਨ।
ਸ਼੍ਰੀਮਤੀ ਦਰਸ਼ੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਕਿੱਲ ਸੈਂਟਰਾਂ ਤੋਂ ਸਿਖਲਾਈ ਹਾਸਲ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਆਉਣ ਤਾਂ ਜੋ ਉਹ ਆਪਣੇ ਪੈਰ੍ਹਾਂ ’ਤੇ ਖੜੇ ਹੋ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਬੇਰੋਜ਼ਗਾਰੀ ਦੇ ਖਾਤਮੇ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਹੋ ਸਕੇ।