PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਸਾਹਿਤ ਤੇ ਸਭਿਆਚਾਰ ਗਿਆਨ-ਵਿਗਿਆਨ ਪੰਜਾਬ ਮਾਲਵਾ ਲੁਧਿਆਣਾ

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ”ਦੋ ਹਰਫ਼ ਰਸੀਦੀ” ਦੇ ਦੂਜੇ ਐਡੀਸ਼ਨ ਦਾ ਲੋਕ ਅਰਪਨ

Advertisement
Spread Information

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ”ਦੋ ਹਰਫ਼ ਰਸੀਦੀ” ਦੇ ਦੂਜੇ ਐਡੀਸ਼ਨ ਦਾ ਲੋਕ ਅਰਪਨ


ਦਵਿੰਦਰ ਡੀ.ਕੇ,ਲੁਧਿਆਣਾ, 16 ਫਰਵਰੀ 2022

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ ਦੋ ਹਰਫ਼ ਰਸੀਦੀ ਦੇ ਦੂਜੇ ਐਡੀਸ਼ਨ ਨੂੰ ਲੋਕ ਅਰਪਨ ਕਰਦਿਆਂ ਉੁੱਘੇ ਸਭਿਆਚਾਰਕ ਕਾਮੇ ਤੇ ਵਿਰਾਸਤ ਫਾਉਂਡੇਸ਼ਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰਤੀਨਿਧ ਸ. ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਹੈ ਕਿ ਮਨੁੱਖ ਨੂੰ ਲਗਾਤਾਰ ਸੰਵੇਦਨਸ਼ੀਲ ਬਣਾਈ ਰੱਖਣ ਲਈ ਸ਼ਬਦ, ਸੁਰ ਸੰਗੀਤ ਤੇ ਚਿਤਰਕਾਰੀ ਨਾਲ ਸਬੰਧਿਤ ਕਲਾਕਾਰਾਂ ਨੂੰ ਸਿਰ ਜੋੜ ਕੇ ਤੁਰਨਾ ਚਾਹੀਦਾ ਹੈ ਤਾਂ ਜੋ ਸਰਮਾਏ ਦੀ ਅੰਨ੍ਹੀ ਦੌੜ ਸਾਨੂੰ ਪੱਥਰ ਜੂਨ ਵਿੱਚ ਨਾ ਪਾ ਦੇਵੇ। ਉਨ੍ਹਾਂ ਕਿਹਾ ਕਿ  ਸਾਹਿੱਤ ਸੰਗੀਤ ਤੇ ਨਾਟਕ ਚੇਟਕ ਨਾਲ ਸਬੰਧਿਤ ਸੰਸਥਾਵਾਂ ਤੋਂ ਬਿਨਾ ਸਾਨੂੰ ਵਿਅਕਤੀਗਤ ਪੱਧਰ ਤੇ ਵੀ ਸੰਗਠਿਤ ਕਾਫ਼ਲੇ ਬੰਨ੍ਹਣ ਦੀ ਲੋੜ ਹੈ।
ਉਨ੍ਹਾਂ ਗੁਰਭਜਨ ਗਿੱਲ ਨੂੰ ਮੁਬਾਰਕ ਦਿੱਤੀ ਜਿੰਨ੍ਹਾਂ ਨੇ ਦੇਸ਼ ਬਦੇਸ਼ ਚ ਵੱਸਦੇ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਨੂੰ ਪੰਜਾਬ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਜੋੜਨ ਦੇ ਨਾਲ ਨਾਲ ਸਾਹਿੱਤਕ ਸਭਿਆਚਾਰਕ ਸਰਗਰਮੀਆਂ ਵਿੱਚ ਵੀ ਭਾਈਵਾਲ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਲੋਕ ਮੰਚ ਵੱਲੋਂ ਕਰਵਾਏ ਸਮਾਗਮ ਵਿੱਚ ਮੈਨੂੰ ਗ਼ਜ਼ਲ ਗੁਲਜ਼ਾਰ ਵਾਘਿਉਂ ਪਾਰ ਪੁਸਤਕ ਸ. ਸੁਰਿੰਦਰ ਸਿੰਘ ਸੁੱਨੜ ਨੇ ਆਪਣੀ ਆਵਾਜ਼ ਪ੍ਰਕਾਸ਼ਨ ਵੱਲੋਂ ਭੇਂਟ ਕੀਤੀ ਜਿਸ ਚ ਪਾਕਿਸਤਾਨ ਦੇ 101 ਪੰਜਾਬੀ ਗ਼ਜ਼ਲਕਾਰਾਂ ਦਾ ਕਲਾਮ ਸ਼ਾਮਿਲ ਸੀ। ਇਸ ਕਿਤਾਬ ਦੇ ਮੁੱਖ ਬੰਦ ਤੋਂ ਮੈਨੂੰ ਪਤਾ ਲੱਗਾ ਕਿ ਨੂਰ ਮੁਹੰਮਦ ਨੂਰ ਜੀ ਦੇ ਇਸ ਮਹੱਤਵਪੂਰਨ ਕਾਰਜ ਨੂੰ ਪ੍ਰਕਾਸ਼ ਨਸੀਬ ਨਹੀਂ ਸੀ ਹੋਣਾ ਜੇਕਰ ਗੁਰਭਜਨ ਦੀ ਪ੍ਰੇਰਨਾ ਸ਼ਕਤੀ ਨਾ ਹੁੰਦੀ।
ਸ. ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਮੈਂ ਗੁਰਭਜਨ ਗਿੱਲ ਦੀਆਂ ਲਿਖਤਾਂ ਅਕਸਰ ਪੜ੍ਹਦਾ ਹਾਂ ਅਤੇ ਉਸ ਦੀਆਂ ਪਿਛਲੇ ਸਮੇਂ ਚ ਛਪੀਆਂ ਸੱਜਰੀਆਂ ਕਿਤਾਬਾਂ ਪੱਤੇ ਪੱਤੇ ਲਿਖੀ ਇਬਾਰਤ, ਚਰਖ਼ੜੀ, ਸੁਰਤਾਲ ਤੇ ਮੋਰਪੰਖ ਦੀਆਂ ਕਾਪੀਆਂ ਖ਼ਰੀਦ ਕੇ ਵੱਡੀ ਗਿਣਤੀ ਚ ਕੈਨੇਡਾ ਲਿਜਾ ਰਿਹਾ ਹਾਂ ਤਾਂ ਜੋ ਸ਼ਬਦ ਸਭਿਆਚਾਰ ਦਾ ਪਸਾਰ ਹੋ ਸਕੇ।
ਉਨ੍ਹਾਂ ਦੱਸਿਆ ਕਿ ਜਿਵੇਂ ਡਾ. ਪ੍ਰੇਮ ਪ੍ਰਕਾਸ਼ ਸਿੰਘ ਜੀ ਦਾ ਸਿਮਰਤੀ ਗਰੰਥ ਉਨ੍ਹਾਂ ਦੀ ਸੰਸਥਾ ਸਾਉਥ ਏਸ਼ੀਅਨ ਰੀਵੀਊ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਉਵੇਂ ਹੀ ਹੁਣ ਡਾ. ਕਰਨੈਲ ਸਿੰਘ ਥਿੰਦ ਜੀ ਦੀ ਯਾਦ ਵਿੱਚ ਸਿਮਰਤੀ ਗਰੰਥ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਪਿਛਲੇ ਦਿਨੀਂ ਵਿੱਛੜੇ ਮਨੁੱਖੀ ਹੱਕਾਂ ਦੇ ਰਖਵਾਲੇ ਜਸਟਿਸ ਅਜੀਤ ਸਿੰਘ ਬੈਂਸ ਨਾਲ ਸਬੰਧਿਤ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਉਨ੍ਹਾਂ ਨੂੰ ਅਕਾਲ ਚਲਾਣਾ ਕਰਨ ਤੋਂ ਸਿਰਫ਼ ਪੰਜ ਦਿਨ ਪਹਿਲਾਂ ਹੀ ਮਿਲ ਕੇ ਆਏ ਸਨ ਅਤੇ ਉਨ੍ਹਾਂ ਤਿੰਨ ਮਹੀਨਿਆਂ ਤੀਕ ਸੌ ਸਾਲ ਦੀ ਉਮਰ ਪੂਰੀ ਕਰ ਲੈਣੀ ਸੀ।
ਗੁਰਭਜਨ ਗਿੱਲ ਨੇ ਸ. ਭੁਪਿੰਦਰ ਸਿੰਘ ਮੱਲ੍ਹੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੀ ਗ਼ਜ਼ਲ ਪੁਸਤਕ ਦੋ ਹਰਫ਼ ਰਸੀਦੀ ਨੂੰ ਲੋਕ ਅਰਪਣ ਕਰਨ ਦਾ ਮਾਣ ਬਖ਼ਸ਼ਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕੈਨੇਡਾ ਅਮਰੀਕਾ ਤੇ ਹੋਰ ਪਰਦੇਸੀ ਧਰਤੀਆਂ ਤੇ ਵੱਸਦੇ ਪੰਜਾਬੀਆਂ ਨੂੰ ਮਾਂ ਬੋਲੀ ਵਿਕਾਸ ਲਈ ਆਪੋ ਆਪਣੇ ਘਰਾਂ ਵਿੱਚ ਨਿੱਕੀਆਂ ਨਿੱਕੀਆਂ ਲਾਇਬਰੇਰੀਆਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਗਲੀ ਪੀੜ੍ਹੀ ਆਪਣੇ ਵਿਰਾਸਤੀ ਮਾਣ ਨਾਲ ਅੱਗੇ ਵਧ ਸਕੇ। ਇਸ ਮੌਕੇ ਸ. ਚੰਦਨ ਸਿੰਘ ਮੱਲ੍ਹੀ ਤੇ ਸਰਬ ਅਕਾਲ ਫਾਉਂਡੇਸ਼ਨ ਕੈਨੇਡਾ ਦੇ ਭਾਰਤ ਵਿੱਚ ਪ੍ਰਤੀਨਿਧ ਗੁਰਵਿੰਦਰ ਸਿੰਘ ਨਾਮਧਾਰੀ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਵਿੱਛੜੇ ਮਹਾਨ ਪੰਜਾਬੀ ਖੋਜੀ ਲੋਕਧਾਰਾ ਵਿਦਵਾਨ ਡਾ. ਕਰਨੈਲ ਸਿੰਘ ਥਿੰਦ, ਲੋਕ ਹੱਕਾਂ ਦੇ ਪਹਿਰੇਦਾਰ ਜਸਟਿਸ ਅਜੀਤ ਸਿੰਘ ਬੈਂਸ ਤੇ ਪੰਜਾਬੀ ਆਲੋਚਕ ਤੇ ਪ੍ਰਬੁੱਧ ਅਧਿਆਪਕ ਆਗੂ ਡਾ. ਰਜਨੀਸ਼ ਬਹਾਦਰ ਸਿੰਘ ਸੰਪਾਦਕ ਪ੍ਰਵਚਨ ਦੇ ਵਿਛੋੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!