ਖੇਤੀਬਾੜੀ ਮੰਤਰੀ ਵੱਲੋਂ ਓਵਰ ਬ੍ਰਿਜ ਦੇ ਕੰਮ ਦੀ ਕਰਵਾਈ ਗਈ ਸ਼ੁਰੂਆਤ
ਖੇਤੀਬਾੜੀ ਮੰਤਰੀ ਵੱਲੋਂ ਓਵਰ ਬ੍ਰਿਜ ਦੇ ਕੰਮ ਦੀ ਕਰਵਾਈ ਗਈ ਸ਼ੁਰੂਆਤ
- ਵਿਦਿਆਰਥੀਆਂ ਤੇ ਅਮਲੇ ਨੂੰ ਮਿਲੇਗੀ ਵੱਡੀ ਸਹੂਲਤ
ਅਸ਼ੋਕ ਧੀਮਾਨ,ਅਮਲੋਹ/ਮੰਡੀ ਗੋਬਿੰਦਗੜ੍ਹ, 29 ਦਸੰਬਰ 2021
ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਤੇ ਉਹਨਾਂ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ, ਜਿਸ ਦੇ ਮੱਦੇਨਜ਼ਰ ਦੇਸ਼ ਭਗਤ ਯੂਨੀਵਰਸਿਟੀ ਦੇ ਸਾਹਮਣੇ ਪੈਦਲ ਸੜਕ ਪਾਰ ਕਰਨ ਲਈ 20 ਲੱਖ ਰੁਪਏ ਦੀ ਲਾਗਤ ਨਾਲ ਓਵਰ ਬ੍ਰਿਜ ਬਣਾਇਆ ਜਾ ਰਿਹਾ ਹੈ, ਜਿਸ ਨਾਲ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵੱਡੀ ਸਹੂਲਤ ਮਿਲੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਨੇ ਇਸ ਓਵਰ ਬ੍ਰਿਜ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਸ. ਨਾਭਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਹਨਾਂ ਨੇ ਇਕ ਵਿਦਿਆਰਥਣ ਨੂੰ ਦੇਖਿਆ ਸੀ, ਜਿਹੜੀ ਕਿ ਇਸ ਸੜਕ ਉੱਤੇ ਖੜ੍ਹੀ ਹਾਦਸੇ ਦਾ ਸ਼ਿਕਾਰ ਹੁੰਦੀ-ਹੁੰਦੀ ਬਹੁਤ ਮੁਸ਼ਕਲ ਨਾਲ ਬਚੀ ਸੀ। ਹੁਣ ਤੱਕ ਇਹ ਸੜਕ ਪਾਰ ਕਰਨ ਵਾਲਿਆਂ ਦੀ ਸੁਰੱਖਿਆ ਲਈ ਵੱਖ-ਵੱਖ ਉਪਰਾਲੇ ਕੀਤੇ ਪਰ ਸਭ ਤੋਂ ਸਥਾਈ ਉਪਰਾਲਾ ਇਹ ਹੋ ਰਿਹਾ ਹੈ।
ਸ. ਨਾਭਾ ਨੇ ਦੱਸਿਆ ਕਿ ਇਸ ਓਵਰ ਬ੍ਰਿਜ ਦੇ ਦੋਵੇਂ ਪਾਸੇ ਪੌੜੀਆਂ ਬਣਾਈਆਂ ਜਾਣਗੀਆਂ ਤੇ ਬਹੁਤ ਜਲਦ ਇਹ ਓਵਰ ਬ੍ਰਿਜ ਬਣ ਕੇ ਤਿਆਰ ਹੋ ਜਾਵੇਗਾ। ਇਸ ਸੜਕ ਦੇ ਦੋਵੇਂ ਪਾਸੇ ਵਿਦਿਅਕ ਅਦਾਰੇ, ਹਸਪਤਾਲ, ਹੋਸਟਲ ਤੇ ਹੋਰ ਸੰਸਥਾਵਾਂ ਹਨ ਤੇ ਇਸ ਓਵਰ ਬ੍ਰਿਜ ਦੀ ਅਣਹੋਂਦ ਕਾਰਨ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਓਵਰ ਬ੍ਰਿਜ ਸਦਕਾ ਵਿਦਿਆਰਥੀ ਤੇ ਹੋਰ ਅਮਲਾ ਨਿਸ਼ਚਿੰਤ ਹੋ ਕੇ ਦੋਵੇਂ ਪਾਸੇ ਦੀਆਂ ਸੰਸਥਾਵਾਂ ਵਿੱਚ ਜਾ ਸਕਣਗੇ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਬੀਤੇ ਦਿਨ ਅਮਲੋਹ ਵਿਖੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਲਾਭਪਾਤਰੀਆਂ ਨੂੰ ਵਿਕਾਸ ਕਾਰਜਾਂ ਤੇ ਮਕਾਨਾਂ ਲਈ ਕਰੀਬ 04 ਕਰੋੜ 88 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਹਨ। ਇਸ ਵਿਚ ਅਖਤਿਆਰੀ ਗਰਾਂਟ ਦੇ ਕਰੀਬ 01 ਕਰੋੜ 65 ਲੱਖ, ਪੰਜਾਬ ਨਿਰਮਾਣ ਪ੍ਰੋਗਰਾਮ (ਮਕਾਨਾਂ ਸਬੰਧੀ) ਦੇ ਕਰੀਬ 01 ਕਰੋੜ 66 ਲੱਖ ਅਤੇ ਪੰਜਾਬ ਨਿਰਮਾਣ ਪ੍ਰੋਗਰਾਮ (ਵਿਕਾਸ ਕਾਰਜਾਂ ਲਈ) ਕਰੀਬ 01 ਕਰੋੜ 56 ਲੱਖ ਰੁਪਏ ਦੀ ਗ੍ਰਾਂਟ ਸ਼ਾਮਲ ਹਨ।
ਸ. ਨਾਭਾ ਨੇ ਕਿਹਾ ਕਿ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਵਿਸੇਸ਼ ਮੁਰੰਮਤ ਅਤੇ ਨਵਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਿਆ ਹੈ। ਪਿੰਡਾਂ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਆਦਿ ਦਾ ਵਿਕਾਸ ਸ਼ਾਮਲ ਹਨ।
ਸ. ਨਾਭਾ ਨੇ ਦੱਸਿਆ ਕਿ ਅਮਲੋਹ ਮੰਡੀ ਵਿਚ ਵੀ 03 ਕਰੋੜ ਤੋਂ ਵੱਧ ਦੀ ਲਾਗਤ ਨਾਲ ਫੜ੍ਹ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਭਵਾਨੀਗੜ੍ਹ-ਮੰਡੀ ਗੋਬਿੰਦਗੜ੍ਹ ਸੜਕ ਦੀ ਹਾਲਤ ਠੀਕ ਨਹੀਂ ਹੈ ਤੇ ਉਸ ਦਾ ਹਲਕਾ ਅਮਲੋਹ ਵਿਚਲਾ ਹਿੱਸਾ ਕਰੀਬ 02.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ।
ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ ਚਾਂਸਲਰ ਤੇਜਿੰਦਰ ਕੌਰ, ਇੰਜ. ਸੰਦੀਪ ਸਿੰਘ ਪ੍ਰਧਾਨ ਦੇਸ਼ ਭਗਤ ਯੂਨੀਵਰਸਿਟੀ, ਉਪ ਕੁਲਪਤੀ ਸ਼ਾਲਿਨੀ ਗੁਪਤਾ, ਡਾਇਰੈਕਟ ਪਲਾਨਿੰਗ ਅਤੇ ਕੰਟਰੋਲ ਦੇਸ਼ ਭਗਤ ਯੂਨੀਵਰਸਿਟੀ ਸ਼੍ਰੀ ਕਲਭੁਸ਼ਨ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਹੈਪੀ ਸੂਦ, ਪੀ ਏ ਰਾਮ ਕ੍ਰਿਸ਼ਨ ਭੱਲਾ ਸਮੇਤ ਪਤਵੰਤੇ ਹਾਜ਼ਰ ਸਨ।