ਕੋਵਿਡ ਟੀਕਾਕਰਨ ਦਾ 100 ਫ਼ੀਸਦੀ ਟੀਚਾ ਪੂਰਾ ਕਰਨ ਵਾਲੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਤ
-ਕੋਵਿਡ ਤੋਂ ਬਚਾਅ ਲਈ ਟੀਕਾਕਰਨ ਜ਼ਰੂਰੀ :ਡਿਪਟੀ ਕਮਿਸ਼ਨਰ
-ਡਿਪਟੀ ਕਮਿਸ਼ਨਰ ਨੇ 12 ਪਿੰਡਾਂ ਨੂੰ ਕੀਤਾ ਸਨਮਾਨਿਤ
ਰਾਜੇਸ਼ ਗੌਤਮ,ਪਟਿਆਲਾ, 30 ਨਵੰਬਰ:2021
ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਅੱਜ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੀ ਪਹਿਲੀ ਡੋਜ਼ ਦਾ 100 ਫ਼ੀਸਦੀ ਟੀਚਾ ਪ੍ਰਾਪਤ ਕਰਨ ਵਾਲੇ 12 ਪਿੰਡਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਪਿੰਡਾਂ ਦੇ ਸਰਪੰਚਾ ਅਤੇ ਸਿਹਤ ਟੀਮਾਂ ਨੂੰ ਯੋਗ ਨਾਗਰਿਕਾਂ ਦਾ 100 ਫ਼ੀਸਦੀ ਕੋਵਿਡ ਟੀਕਾਕਰਨ ਕਰਨ ‘ਤੇ ਵਧਾਈ ਦਿੱਤੀ ਅਤੇ ਕੰਮ ਦੀ ਸ਼ਲਾਘਾ ਕਰਦੇ ਕਿਹਾ ਕਿ ਇਹਨਾਂ ਸਿਹਤ ਟੀਮਾਂ ਅਤੇ ਸਰਪੰਚਾ ਨੇ ਜਾਗਰੂਕਤਾ ਮੁਹਿੰਮ ਅਤੇ ਆਪਣੀ ਅਣਥੱਕ ਮਿਹਨਤ ਦੇ ਨਾਲ ਸਾਰੇ ਯੋਗ ਨਾਗਰਿਕਾਂ ਦਾ ਟੀਕਾਕਰਨ ਕਰਵਾਇਆ ਹੈ ਜਿਸ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੱਧ ਚੜ ਕੇ ਭੂਮਿਕਾ ਨਿਭਾਈ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਰਹਿੰਦੀਆਂ ਪੰਚਾਇਤਾਂ ਲਈ ਉਕਤ ਪੰਚਾਇਤਾਂ ਚਾਨਣ ਮੁਨਾਰੇ ਦਾ ਕੰਮ ਕਰਨਗੀਆਂ।
ਸੰਦੀਪ ਹੰਸ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੀ ਇੱਕੋ ਇੱਕ ਮਜ਼ਬੂਤ ਸਾਧਨ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਵੇਂ-ਨਵੇਂ ਰੂਪ ਆਉਣ ਦੀ ਸੰਭਾਵਨਾ ਬਣੀ ਹੋਈ ਹੈ, ਇਸ ਲਈ ਟੀਕਾਕਰਨ ਦੇ ਨਾਲ ਨਾਲ ਕੋਵਿਡ ਸਾਵਧਾਨੀਆਂ ਨੂੰ ਵੀ ਅਪਣਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਪੰਚਾਇਤਾਂ ਨੂੰ ਸਾਰੇ ਯੋਗ ਨਾਗਰਿਕਾਂ ਦੀ ਦੂਜੀ ਡੋਜ਼ ਦਾ ਵੀ 100 ਫ਼ੀਸਦੀ ਟੀਚਾ ਪੂਰਾ ਕਰਨ ‘ਤੇ ਜ਼ੋਰ ਦਿੱਤਾ।
ਇਸ ਮੌਕੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਜ਼ਿਲ੍ਹੇ ਦੇ 12 ਪਿੰਡ ਜਿਨ੍ਹਾਂ ਵਿੱਚ ਬਲਾਕ ਭਾਦਸੋਂ ਦੇ 6 ਪਿੰਡ ਖੋਖ, ਕੈਦੂਪੂਰ, ਅਗੋਲ, ਅਲੋਹਰਾਂ ਕਲਾਂ, ਸਹੋਲੀ, ਡੰਗੇਰਾ, ਬਲਾਕ ਕਾਲੋਮਾਜਰਾ ਦੇ ਤਿੰਨ ਪਿੰਡ ਚੱਕ ਖ਼ੁਰਦ, ਚੱਕ ਕਲਾਂ ਅਤੇ ਫਰੀਦਪੁਰ ਗੁਜਰਾਂ, ਬਲਾਕ ਹਰਪਾਲਪੁਰ ਦੇ ਦੋ ਪਿੰਡ ਸ਼ਾਹਪੁਰ ਅਫ਼ਗ਼ਾਨਾਂ ਅਤੇ ਖੇੜੀ ਗੰਡਿਆਂ, ਬਲਾਕ ਕੌਲੀ ਦੇ ਇੱਕ ਪਿੰਡ ਸਦਰਪੁਰ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਪਿੰਡ ਦੇ ਸਾਰੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਕੋਵਿਡ ਟੀਕਾਕਰਨ ਦੀ ਪਹਿਲੀ ਡੋਜ਼ ਦਾ ਸੌ ਫ਼ੀਸਦੀ ਟੀਚਾ ਪੂਰਾ ਕਰ ਲਿਆ, ਜਿਸ ਕਰਕੇ ਇਹਨਾਂ ਪੰਚਾਇਤਾਂ ਦੇ ਸਰਪੰਚਾ ਅਤੇ ਸਿਹਤ ਟੀਮਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਮਾਗਮ ਵਿੱਚ ਇਨ੍ਹਾਂ ਪਿੰਡਾ ਦੇ ਸਰਪੰਚਾ ਅਤੇ ਸਿਹਤ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ, ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਭਾਗ ਸਿੰਘ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ:1. ਡਿਪਟੀ ਕਮਿਸ਼ਨਰ 100 ਫ਼ੀਸਦੀ ਟੀਕਾਕਰਨ ਟੀਚਾ ਪੂਰਾ ਕਰਨ ਤੇ ਪੰਚਾਇਤਾਂ ਨੂੰ ਸਨਮਾਨਿਤ ਕਰਦੇ ਹੋਏ।
2.ਡਿਪਟੀ ਕਮਿਸ਼ਨਰ 100 ਫ਼ੀਸਦੀ ਟੀਕਾਕਰਨ ਟੀਚਾ ਪੂਰਾ ਕਰਨ ਤੇ ਸਰਪੰਚਾਂ ਅਤੇ ਸਿਹਤ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ।