ਕੋਰੋਨਾ ਦੇ ਖਾਤਮੇ ਲਈ ਜ਼ਿਲ੍ਹੇ ਵਿੱਚ 100 ਫ਼ੀਸਦ ਵੈਕਸੀਨੇਸ਼ਨ ਬਣਾਈ ਜਾਵੇ ਯਕੀਨੀ: ਪੂਨਮਦੀਪ ਕੌਰ
ਕੋਰੋਨਾ ਦੇ ਖਾਤਮੇ ਲਈ ਜ਼ਿਲ੍ਹੇ ਵਿੱਚ 100 ਫ਼ੀਸਦ ਵੈਕਸੀਨੇਸ਼ਨ ਬਣਾਈ ਜਾਵੇ ਯਕੀਨੀ: ਪੂਨਮਦੀਪ ਕੌਰ
- ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 03 ਜਨਵਰੀ 2022
ਕੋਵਿਡ-19 ਤੋਂ ਬਚਾਅ ਲਈ ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤੇ ਜ਼ਿਲ੍ਹੇ ਵਿਚ 100 ਫ਼ੀਸਦ ਟੀਕਾਕਰਨ ਯਕੀਨੀ ਬਣਾਉਣ ਦੇ ਨਾਲ-ਨਾਲ 15 ਸਾਲ ਤੋਂ 18 ਸਾਲ ਦੀ ਉਮਰ ਵਾਲਿਆਂ ਦੀ ਵੀ 100 ਫੀਸਦੀ ਵੈਕਸੀਨੇਸ਼ਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਵੱਧ ਤੋਂ ਵੱਧ ਕੈਂਪ ਲਗਾਏ ਜਾਣ ਅਤੇ ਇਨ੍ਹਾਂ ਕੈਂਪਾਂ ਸਬੰਧੀ ਵੱਖ-ਵੱਖ ਸੰਚਾਰ ਮਾਧਿਆਮ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਵੈਕਸੀਨੇਸ਼ਨ ਦੀਆਂ ਦੋ ਡੋਜ਼ਾਂ ਲਗਵਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਬੱਚਿਆਂ ਤੇ ਬਜੁਰਗਾਂ ’ਤੇ ਵੱਧ ਅਸਰ ਪੈਣ ਨੂੰ ਮੁੱਖ ਰੱਖਦੇ ਹੋਏ ਸਕੂਲਾਂ ਤੇ ਮੁਹੱਲਿਆਂ ਵਿੱਚ ਵੈਕਸੀਨੇਸ਼ਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪੋ ਆਪਣੇ ਹਲਕਿਆਂ ਵਿੱਚ ਪੈਣ ਵਾਲੇ ਪੋਲਿੰਗ ਬੂਥਾਂ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇ ਤਾਂ ਜੋ ਵੋਟਾਂ ਪਾਉਣ ਦੀ ਪ੍ਰਕ੍ਰਿਆ ਦੌਰਾਨ ਇਸ ਖ਼ਤਰਨਾਕ ਮਹਾਂਮਾਰੀ ਦਾ ਡਰ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਡਿਊਟੀ ਕਰ ਰਹੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀਆਂ ਦੋ ਡੋਜ਼ਾਂ ਲੱਗੀਆਂ ਹੋਣੀਆਂ ਜ਼ਰੂਰੀ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਆਦੇਸ਼ ਦਿੱਤੇ ਕਿ ਕੋਰੋਨਾ ਸੈਂਪਲਿੰਗ ਅਤੇ ਕੋਰੋਨਾ ਵੈਕਸੀਨੇਸ਼ਨ ਟੀਮਾਂ ਦਾ ਗਠਨ ਕਰ ਕੇ ਤੁਰੰਤ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਵਿਅਕਤੀਆਂ ਦੇ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਡਿਊ ਹੈ ਉਸ ਨੂੰ ਮੁਕੰਮਲ ਕਰਨ ਨੂੰ ਤਰਜੀਹ ਦਿੱਤੀ ਜਾਵੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਦਿਆਲ ਸਿੰਘ ਚੱਠਾ, ਸਿਵਲ ਸਰਜਨ ਡਾ. ਹਰਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਦੀਪਤੀ, ਸਕੂਲ ਹੈਲਥ ਮੈਡੀਕਲ ਅਫਸਰ ਡਾ. ਨਵਨੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਨੂ ਚੋਪੜਾ ਦੁਸਾਂਝ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ ।