ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਵਿਧਾਇਕ ਰਾਜਿੰਦਰ ਸਿੰਘ ਵਲੋਂ ਸਮਾਣਾ ਵਿਖੇ ਭਾਖੜਾ ਨਹਿਰ ‘ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ ਲੋਕ ਅਰਪਿਤ
ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਵਿਧਾਇਕ ਰਾਜਿੰਦਰ ਸਿੰਘ ਵਲੋਂ ਸਮਾਣਾ ਵਿਖੇ ਭਾਖੜਾ ਨਹਿਰ ‘ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ ਲੋਕ ਅਰਪਿਤ
- ਪੌਣੇ 13 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਮਾਣਾ ਬਾਈਪਾਸ, ਸ਼ਹਿਰ ਦੀ ਮੁੱਖ ਸੜਕ ਨੂੰ ਅਪਗ੍ਰੇਡ ਕਰਨ ਸਮੇਤ ਫਤਹਿਪੁਰ ਕੋਲ ਸੜਕ ਦਾ ਵਿੰਗ ਕੱਢਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ
- ਕੇਜਰੀਵਾਲ ਨੇ ਕੁਝ ਸੈਂਕੜੇ ਸਕੂਲਾਂ ਦੇ ਪ੍ਰਚਾਰ ਲਈ ਹੀ 600 ਕਰੋੜ ਰੁਪਏ ਖਰਚੇ ਜਦਕਿ ਪੰਜਾਬ ਸਰਕਾਰ ਨੇ 19 ਹਜਾਰ ਸਕੂਲਾਂ ‘ਚੋਂ 13 ਹਜਾਰ ਸਕੂਲਾਂ ਦੀ ਨੁਹਾਰ ਬਦਲੀ-ਵਿਜੈ ਇੰਦਰ ਸਿੰਗਲਾ
- ਪੰਜਾਬ ਸਰਕਾਰ ਤੋਂ ਲੋਕ ਖੁਸ਼, ਸੂਬੇ ‘ਚ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਬਣੇਗੀ-ਰਜਿੰਦਰ ਸਿੰਘ
ਰਿਚਾ ਨਾਗਪਾਲ,ਸਮਾਣਾ, 9 ਦਸੰਬਰ: 2021
ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇਥੇ ਭਾਖੜਾ ਨਹਿਰ ‘ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 45 ਮੀਟਰ ਪੁਲ ਸਮਾਣਾ ਦੇ ਵਿਧਾਇਕ ਸ੍ਰੀ ਰਜਿੰਦਰ ਸਿੰਘ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤਾ।ਇਸੇ ਮੌਕੇ ਉਨ੍ਹਾਂ ਨੇ 12.75 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਸਮਾਣਾ ਬਾਈਪਾਸ, ਸ਼ਹਿਰ ਦੀ ਮੁੱਖ ਸੜਕ ਨੂੰ ਅਪਗ੍ਰੇਡ ਕਰਨ ਸਮੇਤ ਸਮਾਣਾ-ਪਟਿਆਲਾ ਰੋਡ ‘ਤੇ ਫ਼ਤਹਿਪੁਰ ਵਿਖੇ ਸੜਕ ਦਾ ਵਿੰਗ ਕੱਢਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ।
ਇਸ ਦੌਰਾਨ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਸੂਬੇ ਦੇ ਬੁਨਿਆਦੀ ਢਾਂਚੇ ‘ਚ ਇਤਿਹਾਸਕ ਸੁਧਾਰ ਕੀਤੇ ਹਨ, ਜਿਸ ਦਾ ਰਾਜ ਦੇ ਹਰ ਵਰਗ ਦੇ ਲੋਕਾਂ ਨੂੰ ਲਾਭ ਹੋਇਆ ਹੈ।ਉਨ੍ਹਾਂ ਦੱਸਿਆ ਕਿ ਭਾਖੜਾ ਦੇ ਇਸ ਪੁਲ ਦੇ ਬਨਣ ਸਮੇਤ ਫਤਿਹਪੁਰ ਨੇੜੇ ਸੜਕ ਦਾ ਵਿੰਗ ਕੱਢੇ ਜਾਣ ਨਾਲ ਰਾਹਗੀਰਾਂਨੂੰ ਸੜਕ ਹਾਦਸਿਆਂ ਤੋਂ ਵੱਡੀ ਰਾਹਤ ਮਿਲੇਗੀ।
ਸ੍ਰੀ ਸਿੰਗਲਾ ਨੇ ਅੱਗੇ ਕਿਹਾ ਕਿ ਇੱਕ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ, ਜਿਸ ਨੇ ਆਪਣੇ ਕੁਲ 1250 ਦੇ ਕਰੀਬ ਸਕੂਲਾਂ ‘ਚੋਂ 400 ਦੇ ਕਰੀਬ ਸਕੂਲਾਂ ‘ਚ ਕੁਝ ਸੁਧਾਰ ਕਰਕੇ ਇਨ੍ਹਾਂ ਦੇ ਪ੍ਰਚਾਰ ਉਪਰ ਹੀ 6 ਸੌ ਕਰੋੜ ਰੁਪਏ ਖ਼ਰਚ ਦਿੱਤੇ। ਜਦਕਿ ਪੰਜਾਬ ਸਰਕਾਰ ਨੇ ਰਾਜ ਦੇ 19 ਹਜਾਰ ਸਕੂਲਾਂ ‘ਚੋਂ 13 ਹਜਾਰ ਸਕੂਲਾਂ ਦੀ ਨੁਹਾਰ ਬਦਲੀ ਅਤੇ ਸਿੱਖਿਆ ਦੇ ਖੇਤਰ ‘ਚ ਦੇਸ਼ ‘ਚੋਂ ਪਹਿਲੇ ਸਥਾਨ ‘ਤੇ ਆਇਆ ਪਰੰਤੂ ਅਸੀਂ ਆਪਣੀ ਇਸ ਪ੍ਰਾਪਤੀ ਨੂੰ ਆਦਮੀ ਪਾਰਟੀ ਦੀ ਤਰ੍ਹਾਂ ਨਹੀਂ ਪ੍ਰਚਾਰਿਆ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਮਰਹੂਮ ਸ੍ਰੀ ਸੰਤ ਰਾਮ ਸਿੰਗਲਾ, ਜਿਨ੍ਹਾਂ ਦਾ ਅੱਜ 87ਵਾਂ ਜਨਮ ਦਿਨ ਮਨਾਇਆ ਗਿਆ ਹੈ, ਦਾ ਜਿਕਰ ਕਰਦਿਆਂ, ਭਾਵੁਕਤਾ ਨਾਲ ਆਖਿਆ ਕਿ, ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦੇ ਕੇ ਆਪਣੇ ਪਿਤਾ ਦੇ ਟੀਚੇ ਪੂਰੇ ਕਰਨ ਲਈ ਭਰਪੂਰ ਸਹਿਯੋਗ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਸੰਗਰੂਰ ਵਿਖੇ ਦੇਸ਼ ਦਾ ਪਹਿਲਾ ਯਾਦਗਾਰੀ ਸਮਾਰਕ ਬਣਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਚੋਣਾਂ ਨੇੜੇ ਨਵੀਆਂ ਪਾਰਟੀਆਂ ਦਾ ਬਨਣਾ ਸੁਭਾਵਿਕ ਹੈ ਪਰੰਤੂ ਇਸ ਦਾ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ।
ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਨੇ ਕੈਬਿਨਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ‘ਚੋਂ ਇਕੱਲਾ ਸਮਾਣਾ ਹਲਕਾ ਹੀ ਇਕਲੌਤਾ ਹਲਕਾ ਹੈ, ਜਿੱਥੇ ਸਭ ਤੋਂ ਵੱਧ ਵਿਕਾਸ ਕਾਰਜ ਹੋਏ ਹਨ। ਸ. ਰਜਿੰਦਰ ਸਿੰਘ ਨੇ ਕਿਹਾ ਕਿ ਇਹ ਪੁਲ ਸਮਾਣਾ ਤੇ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਹਰਿਆਣਾ ਤੇ ਦਿਲੀ ਆਦਿ ਜਾਣ ਵਾਲੇ ਰਾਹਗੀਰਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗਾ। ਸ. ਰਾਜਿੰਦਰ ਸਿੰਘ ਨੇ ਹਲਕੇ ‘ਚ ਹੋਏ ਵਿਕਾਸ ਕਾਰਜ ਗਿਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪੰਜਾਬ ਦੇ ਲੋਕ ਖੁਸ਼ ਹਨ ਤੇ ਸੂਬੇ ਵਿਚ ਅਗਲੀ ਸਰਕਾਰ ਵੀ ਕਾਂਗਰਸ ਦੀ ਹੀ ਬਣੇਗੀ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਮਾਰਕੀਟ ਕਮੇਟੀ ਪ੍ਰਦੁਮਨ ਸਿੰਘ ਵਿਰਕ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਬਲਾਕ ਪ੍ਰਧਾਨ ਸ਼ਿਵ ਘੱਗਾ, ਰਤਨ ਸਿੰਘ ਸਿੰਘ ਚੀਮਾ, ਪੀ.ਏ. ਸਚਿਨ ਕੰਬੋਜ, ਡਾ. ਸਤਪਾਲ ਜੌਹਰੀ, ਰਾਜ ਸਚਦੇਵਾ, ਲਾਭ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਕੌਂਸਲਰ, ਐਸ.ਡੀ.ਐਮ. ਸਵਾਤੀ ਟਿਵਾਣਾ, ਡੀ.ਐਸ.ਪੀ. ਕ੍ਰਿਸ਼ਨ ਕੁਮਾਰ ਪਾਂਥੇ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਵੀਨ ਮਿੱਤਲ, ਐਸ.ਡੀ.ਓ. ਹਰਪ੍ਰੀਤ ਸਿੰਘ ਤੇ ਹਰਜੀਤ ਸਿੰਘ ਸਮੇਤ ਹੋਰ ਪਤਵੰਤੇ ਤੇ ਇਲਾਕ ਦੇ ਵਸਨੀਕ ਮੌਜੂਦ ਸਨ।
***********
ਫੋਟੋ ਕੈਪਸ਼ਨ-ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਸਮਾਣਾ ਵਿਖੇ ਭਾਖੜਾ ਦਾ ਨਵਾਂ ਬਣਿਆਂ ਪੁਲ ਲੋਕ ਅਰਪਣ ਕਰਦੇ ਹੋਏ।