ਕੈਪਟਨ ਦਾ ਸਟੈਂਡ ਆਪਾ-ਵਿਰੋਧੀ ; ਇੱਕ ਪਾਸੇ ਕਾਰਪੋਰੇਟ ਪੱਖੀ ਬਿਆਨ ਤੇ ਦੂਸਰੀ ਪਾਸੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਪਾਖੰਡ : ਉਪਲੀ
ਕੈਪਟਨ ਦਾ ਸਟੈਂਡ ਆਪਾ-ਵਿਰੋਧੀ ; ਇੱਕ ਪਾਸੇ ਕਾਰਪੋਰੇਟ ਪੱਖੀ ਬਿਆਨ ਤੇ ਦੂਸਰੀ ਪਾਸੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਪਾਖੰਡ : ਉਪਲੀ
*ਮਨੁੱਖੀ ਅਧਿਕਾਰ ਕਮਿਸ਼ਨ ਕਿਸਾਨਾਂ ਦੇ ਅਧਿਕਾਰਾਂ ਦਾ ਵੀ ਗੱਲ ਕਿਉਂ ਨਹੀਂ ਕਰਦਾ? ਰਸਤੇ ਪੁਲਿਸ ਨੇ ਰੋਕੇ ਹਨ, ਕਿਸਾਨਾਂ ਨੇ ਨਹੀਂ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 18ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 353ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਪੰਜਾਬ ਦੇ ਮੁੱਖਮੰਤਰੀ ਦੇ ਆਪਾ-ਵਿਰੋਧੀ ਬਿਆਨਾਂ ਦਾ ਗੰਭੀਰ ਨੋਟਿਸ ਲਿਆ। ਪਿਛਲੇ ਦਿਨੀਂ ਕੈਪਟਨ ਨੇ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕਿਸਾਨ ਅੰਦੋਲਨ ਕਾਰਨ ਹੋ ਰਹੇ ਆਰਥਿਕ ਨੁਕਸਾਨ ਦੀ ਦੁਹਾਈ ਦਿੱਤੀ। ਮੁੱਖਮੰਤਰੀ ਨੇ ਕਾਰਪੋਰੇਟਾਂ ਵੱਲੋਂ
ਭਵਿੱਖ ਵਿੱਚ ਪੰਜਾਬ ਵਿੱਚ ਨਿਵੇਸ਼ ਨਾ ਕਰਨ ਦਾ ਡਰਾਵਾ ਵੀ ਦਿੱਤਾ। ਦਰਅਸਲ ਕਾਰਪੋਰੇਟ ਪੱਖੀ ਸਰਕਾਰਾਂ ਨੂੰ ਵਿਕਾਸ ਦਾ ਸਿਰਫ ਕਾਰਪੋਰੇਟੀ ਮਾਡਲ ਹੀ ਨਜ਼ਰੀਂ ਪੈਂਦਾ ਹੈ। ਤਿੰਨ ਕਾਲੇ ਕਾਨੂੰਨਾਂ ਦੀ ਅਸਲੀ ਜੜ੍ਹ ਇਸੇ ਕਾਰਪੋਰੇਟੀ ਵਿਕਾਸ ਮਾਡਲ ਵਿੱਚ ਪਈ ਹੈ। ਜੇਕਰ ਕੈਪਟਨ ਨੂੰ ਕਾਰਪੋਰੇਟਾਂ ਦਾ ਇੰਨਾ ਹੀ ਹੇਜ ਆਉਂਦਾ ਹੈ ਤਾਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਪਾਖੰਡ ਨਾ ਕਰੇ। ਇਹ ਦੋਵੇਂ ਗੱਲਾਂ ਆਪਾ-ਵਿਰੋਧੀ ਹਨ। ਅਸੀਂ ਅਸਲੀਅਤ ਨੂੰ ਸਮਝਦੇ ਹਾਂ। ਦਰਅਸਲ ਕੈਪਟਨ ਕਾਰਪੋਰੇਟਾਂ ਦਾ ਹਮਾਇਤੀ ਹੈ,ਕਿਸਾਨਾਂ ਦਾ ਨਹੀਂ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਰਮਜੀਤ ਕੌਰ ਠੀਕਰੀਵਾਲਾ, ਨਛੱਤਰ ਸਿੰਘ ਸਹੌਰ, ਬਲਵਿੰਦਰ ਕੌਰ ਖੁੱਡੀ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਕੌਰ ਫਰਵਾਹੀ, ਗੁਰਜੰਟ ਸਿੰਘ ਟੀਐਸਯੂ, ਲੱਖਾ ਸਿੰਘ ਮਹਿਲ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਬੂਟਾ ਸਿੰਘ ਠੀਕਰੀਵਾਲਾ, ਮਨਜੀਤ ਕੌਰ ਖੁੱਡੀ, ਸਰਬਜੀਤ ਸਿੰਘ ਠੀਕਰੀਵਾਲਾ ਤੇ ਬਲਜੀਤ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦਿੱਲੀ ਮੋਰਚਿਆਂ ‘ਚ ‘ਸਥਾਨਕ ਲੋਕਾਂ’ ਦੀਆਂ ਮੁਸ਼ਕਲਾਂ ਨੂੰ ਲੈ ਕੇ ਜਾਰੀ ਹਿਦਾਇਤਾਂ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕਮਿਸ਼ਨ ਨੂੰ ‘ਸਥਾਨਕ ਨਿਵਾਸੀਆਂ’ ਦੀ ਸੱਚੀਆਂ ਝੂਠੀਆਂ ਸ਼ਿਕਾਇਤਾਂ ਤਾਂ ਬਹੁਤ ਅਹਿਮ ਲੱਗੀਆਂ ਪਰ ਤਕਰੀਬਨ ਇੱਕ ਸਾਲ ਤੋਂ ਕੁਦਰਤੀ ਕਰੋਪੀਆਂ ਝੱਲ ਰਹੇ ਕਿਸਾਨਾਂ ਦੇ ਅਧਿਕਾਰ ਯਾਦ ਨਹੀਂ ਆਏ।
ਮੋਰਚਿਆਂ ਨੇੜਲੇ ਰਸਤੇ, ਬੈਰੀਕੇਡ ਲਾ ਕੇ ਦਿੱਲੀ ਪੁਲਿਸ ਨੇ ਬੰਦ ਕੀਤੇ ਹਨ, ਕਿਸਾਨਾਂ ਨੇ ਨਹੀਂ। ਕਿਸਾਨ ਸਥਾਨਕ ਲੋਕਾਂ ਦੀਆਂ ਹਿੱਤਾਂ ਦਾ ਪੂਰਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਨੂੰ ਭੀ ਕਿਸਾਨਾਂ ਵਿਰੁੱਧ ਕੋਈ ਸ਼ਿਕਾਇਤ ਨਹੀਂ।ਦਰਅਸਲ ਅਜਿਹੇ ਹੱਥਕੰਡੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਵਰਤੇ ਜਾ ਰਹੇ ਹਨ। ਮਨੁੱਖੀ ਅਧਿਕਾਰ ਕਮਿਸ਼ਨ ਨੂੰ ਆਪਣੀ ਸੰਵਿਧਾਨਕ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਸਰਕਾਰ ਦਾ ਹੱਥਠੋਕਾ ਨਹੀਂ ਬਣਨਾ ਚਾਹੀਦਾ। ਅਸੀਂ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਦਿੱਲੀ ਬਾਰਡਰਾਂ ਤੋਂ ਨਹੀਂ ਉਠਾਂਗੇ।
ਉਧਰ ਰਿਲਾਇੰਸ ਮੌਲ ਮੂਹਰੇ ਲੱਗਿਆ ਧਰਨਾ 353ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਪ੍ਰਧਾਨ ਮੇਜਰ ਸਿੰਘ, ਭਜਨ ਸਿੰਘ, ਤੇਜ਼ਾ ਸਿੰਘ, ਜਗਦੇਵ ਸਿੰਘ, ਬਲਜਿੰਦਰ ਸਿੰਘ, ਵਿੱਕੀ, ਗੁਰਦੇਵ ਸਿੰਘ, ਰਾਜ ਸਿੰਘ ਬਰਨਾਲਾ, ਨਾਜਰ ਸਿੰਘ, ਜਰਨੈਲ ਸਿੰਘ ਤੇ ਬਾਵਾ ਸਿੰਘ ਸੋਹੀ ਨੇ ਸੰਬੋਧਨ ਕੀਤਾ।
ਪਿੰਡ ਠੀਕਰੀਵਾਲਾ ਦੀ ਸਮੂਹ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ, ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।