Skip to content
Advertisement
ਕੇਂਦਰੀ ਜੇਲ ਪਟਿਆਲਾ ‘ਚ ‘ਜੇਲ ਉਲੰਪਿਕ-2021’ ਖੇਡਾਂ ਦੀ ਸਮਾਪਤੀ ਮੌਕੇ 6 ਦਸੰਬਰ ਨੂੰ ਪੁੱਜਣਗੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
-ਪੰਜਾਬ ਸਰਕਾਰ ਨੇ ਕੈਦੀਆਂ ਨੂੰ ਚੰਗੇ ਨਾਗਰਿਕ ਬਣਾਉਣ ਲਈ ਕੀਤਾ ਉਪਰਾਲਾ-ਸ਼ਿਵਰਾਜ ਸਿੰਘ ਨੰਦਗੜ੍ਹ
ਰਿਚਾ ਨਾਗਪਾਲ,ਪਟਿਆਲਾ, 3 ਦਸੰਬਰ: 2021
ਪੰਜਾਬ ਸਰਕਾਰ ਵੱਲੋਂ ਕੈਦੀਆਂ ਦੇ ਮਨਾਂ ‘ਚ ਖੇਡ ਭਾਵਨਾ ਪੈਦਾ ਕਰਕੇ ਉਨ੍ਹਾਂ ਦੇ ਆਚਰਣ ‘ਚ ਸੁਧਾਰ ਲਿਆਉਣ ਲਈ ਸ਼ੁਰੂ ਕਰਵਾਈਆਂ ਗਈਆਂ ‘ਪੰਜਾਬ ਜੇਲ ਉਲੰਪਿਕ-2021’ ਖੇਡਾਂ ਦੀ ਸਮਾਪਤੀ ਕੇਂਦਰੀ ਜੇਲ ਪਟਿਆਲਾ ਵਿਖੇ 6 ਦਸੰਬਰ ਨੂੰ ਹੋਵੇਗੀ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਤੇ ਨਿਆਂ ਅਤੇ ਜੇਲਾਂ ਮਾਮਲੇ ਵਿਭਾਗ ਵੀ ਹੈ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਇਸ ਉਲੰਪਿਕ ਦੌਰਾਨ ਜੇਤੂ ਰਹਿਣ ਵਾਲੇ ਬੰਦੀ ਖਿਡਾਰੀਆਂ ਨੂੰ ਸਨਮਾਨਤ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਕੇਂਦਰੀ ਜੇਲ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ 2016 ਤੋਂ ਬਾਅਦ ਇਹ ਖੇਡਾਂ ਹੁਣ ਮੁੜ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਏ.ਡੀ.ਜੀ.ਪੀ. ਜੇਲਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਵੀ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਬੰਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਜੇਲ ਉਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਸ. ਨੰਦਗੜ੍ਹ ਨੇ ਦੱਸਿਆ ਕਿ ਪੰਜਾਬ ਦੀਆਂ ਜੇਲਾਂ ਨੂੰ 4 ਜੋਨਾਂ ਪਟਿਆਲਾ, ਅੰਮ੍ਰਿਤਸਰ, ਕਪੂਰਥਲਾ ਤੇ ਫਰੀਦਕੋਟ ‘ਚ ਵੰਡਕੇ ਕਰਵਾਏ ਜਾ ਰਹੇ ਮਰਦ ਕੈਦੀਆਂ ਦੇ ਰੱਸਾ-ਕੱਸੀ, ਵਾਲੀਵਾਲ, ਬੈਡਮਿੰਟਨ, ਅਥਲੈਟਿਕ 100 ਮੀਟਰ ਤੇ 400 ਮੀਟਰ, ਲਾਂਗ ਜੰਪ ਅਤੇ ਕਬੱਡੀ ਮੁਕਾਬਲਿਆਂ ਸਮੇਤ ਮਹਿਲਾ ਬੰਦੀਆਂ ਦੇ ਚੈਸ, ਬੈਡਮਿੰਟਨ, 60 ਮੀਟਰ ਰੇਸ ਅਤੇ ਸ਼ਾਟ ਪੁੱਟ ਮੁਕਾਬਲਿਆਂ ‘ਚ ਪੰਜਾਬ ਦੀਆਂ ਇਨ੍ਹਾਂ ਮੁਕਾਬਲਿਆਂ ‘ਚ ਬੰਦੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅੰਤਿਮ ਮੁਕਾਬਲੇ 5 ਅਤੇ 6 ਦਸੰਬਰ ਨੂੰ ਕਰਵਾਏ ਜਾਣਗੇ, ਜਿਨ੍ਹਾਂ ਲਈ ਆਪੋ-ਆਪਣੇ ਜੋਨ ਦੀਆਂ ਜੇਤੂ ਟੀਮਾਂ ਭਾਗ ਲੈਣਗੀਆਂ। ਪੁਰਸ਼ਾਂ ਦੇ ਵਾਲੀਬਾਲ ਮੈਚ ‘ਚ ਕੇਂਦਰੀ ਜੇਲ ਅੰਮ੍ਰਿਤਸਰ ਨੇ ਕੇਂਦਰੀ ਜੇਲ ਫਰੀਦਕੋਟ ਨੂੰ ਹਰਾਇਆ। ਜਦਕਿ ਇਸੇ ਮੁਕਾਬਲੇ ‘ਚ ਕੇਂਦਰੀ ਜੇਲ ਪਟਿਆਲਾ ਨੇ ਵੀ ਜਿੱਤ ਦਰਜ ਕੀਤੀ। ਮਹਿਲਾ ਵਰਗ ‘ਚ ਕੇਂਦਰੀ ਜੇਲ ਪਟਿਆਲਾ ਨੇ ਕੇਂਦਰੀ ਜੇਲ ਕਪੂਰਥਲਾ ਨੂੰ ਸਿੱਧੇ ਸੈੱਟਾਂ ‘ਚ ਹਰਾਇਆ।
ਇਸ ਮੌਕੇ ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਡਿਪਟੀ ਸੁਪਰਡੈਂਟ ਹਰਚਰਨ ਸਿੰਘ ਗਿੱਲ, ਹਰਜੋਤ ਸਿੰਘ ਕਲੇਰ, ਡਿਪਟੀ ਸੁਪਰਡੈਂਟ ਸੁਰੱਖਿਆ ਬਲਜਿੰਦਰ ਸਿੰਘ ਚੱਠਾ ਤੇ ਵਰੁਣ ਸ਼ਰਮਾ, ਸਹਾਇਕ ਸੁਪਰਡੈਂਟ ਜਗਦੀਪ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਫੋਟੋ ਕੈਪਸ਼ਨ- ਕੇਂਦਰੀ ਜੇਲ ਪਟਿਆਲਾ ਵਿਖੇ ‘ਪੰਜਾਬ ਜੇਲ ਉਲੰਪਿਕ-2021’ ਖੇਡਾਂ ‘ਚ ਹਿੱਸਾ ਲੈਂਦੇ ਹੋਏ ਬੰਦੀ ਅਤੇ ਜੇਤੂਆਂ ਨੂੰ ਸਨਮਾਨਤ ਕਰਦੇ ਹੋਏ ਜੇਲ ਅਧਿਕਾਰੀ।
Advertisement
Advertisement
error: Content is protected !!