ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ 2.30 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸ਼ੰਭੂ ਥਾਣੇ ਦੀ ਨਵੀਂ ਇਮਾਰਤ ਲੋਕ ਅਰਪਿਤ
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ 2.30 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸ਼ੰਭੂ ਥਾਣੇ ਦੀ ਨਵੀਂ ਇਮਾਰਤ ਲੋਕ ਅਰਪਿਤ
- ਪੰਜਾਬ ‘ਚ ਨਵੀਆਂ ਬਣ ਰਹੀਆਂ 83 ਥਾਣਿਆਂ ਦੀਆਂ ਇਮਾਰਤਾਂ ‘ਚੋਂ 45 ਲੋਕਾਂ ਲਈ ਖੋਲ੍ਹ ਦਿੱਤੇ-ਰੰਧਾਵਾ
- ਝੂਠੀਆਂ ਸੌਂਹਾਂ ਖਾਣ ਵਾਲਿਆਂ ਤੋਂ ਹਿਸਾਬ ਲੈਣਗੇ ਪੰਜਾਬ ਦੇ ਲੋਕ-ਰੰਧਾਵਾ
- ਕਾਂਗਰਸ ਸਰਕਾਰ ਨੇ ਕਦੇ ਵੀ ਬਦਲਾਖੋਰੀ ਵਾਲੀ ਸਿਆਸਤ ਨਹੀਂ ਕੀਤੀ-ਰੰਧਾਵਾ
- ਮਦਨ ਲਾਲ ਜਲਾਲਪੁਰ ਵੱਲੋਂ ਉੱਪ ਮੁੱਖ ਮੰਤਰੀ ਰੰਧਾਵਾ ਦਾ ਧੰਨਵਾਦ
ਰਿਚਾ ਨਾਗਪਾਲ,ਸ਼ੰਭੂ, ਘਨੌਰ, ਰਾਜਪੁਰਾ, 6 ਦਸੰਬਰ: 2021
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼ੰਭੂ ਥਾਣੇ ਦੀ 1.25 ਏਕੜ ਰਕਬੇ ‘ਚ ਨਵੀਂ ਬਣਾਈ ਗਈ ਅਤਿਆਧੁਨਿਕ ਇਮਾਰਤ ਦਾ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਖੀ ਸ. ਇਕਬਾਲ ਪ੍ਰੀਤ ਸਿੰਘ ਸਹੋਤਾ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਗਗਨਦੀਪ ਸਿੰਘ ਜਲਾਲਪੁਰ, ਆਈ.ਜੀ ਪਟਿਆਲਾ ਸ. ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਵੀ ਮੌਜੂਦ ਸਨ।
ਇਸ ਮੌਕੇ ਉੱਪ ਮੁੱਖ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉਪਰ ਪੰਜਾਬ ਦਾ ਇਹ ਪਹਿਲਾ ਥਾਣਾਂ ਹੈ। ਉਨ੍ਹਾਂ ਦੱਸਿਆ ਕਿ ਸ਼ੰਭੂ ਥਾਣੇ ਦੀ ਨਵੀਂ ਦੋ ਮੰਜ਼ਿਲਾ ਇਮਾਰਤ ਦੀ 12350 ਵਰਗ ਫੁੱਟ ‘ਚ ਉਸਾਰੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ 2 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਹੈ। ਇਸ ਇਮਾਰਤ ‘ਚ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਕਿ ਥਾਣੇ ‘ਚ ਆਉਣ ਵਾਲੇ ਸ਼ਰੀਫ਼ ਲੋਕਾਂ ਦਾ ਸਵਾਗਤ ਹੋਵੇ ਅਤੇ ਬਦਮਾਸ਼ ਤੇ ਗੁੰਡਾ ਅਨਸਰਾਂ ‘ਚ ਡਰ ਪੈਦਾ ਹੋਵੇ।
ਇਸ ਤੋਂ ਬਾਅਦ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੱਲੋਂ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਸਵਾਗਤ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਇਤਿਹਾਸਕ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਗਲੀ ਸਰਕਾਰ ਵੀ ਕਾਂਗਰਸ ਦੀ ਅਗਵਾਈ ਹੇਠ ਬਣੇਗੀ। ਸ੍ਰੀ ਮਦਨ ਲਾਲ ਜਲਾਲਪੁਰ ਨੇ ਸ. ਰੰਧਾਵਾ ਵੱਲੋਂ ਥਾਣਾ ਸ਼ੰਭੂ ਦੀ ਅਤਿਆਧੁਨਿਕ ਇਮਾਰਤ ਨੂੰ ਲੋਕ ਅਰਪਣ ਕਰਨ ਲਈ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਸ. ਰੰਧਾਵਾ ਨੇ ਦੱਸਿਆ ਕਿ ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਪੰਜਾਬ ‘ਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ‘ਚ ਸੁਧਾਰ ਲਿਆਂਦੇ ਗਏ ਹਨ ਉਥੇ ਹੀ ਥਾਣਿਆਂ ਤੇ ਪੁਲਿਸ ਲਾਈਨਾਂ ਦੇ ਬੁਨਿਆਦੀ ਢਾਂਚੇ ‘ਚ ਵੀ ਮਿਸਾਲੀ ਸੁਧਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਜ ‘ਚ 83 ਥਾਣਿਆਂ ਦੀਆਂ ਨਵੀਆਂ ਇਮਾਰਤਾਂ ਉਸਾਰੀ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ‘ਚੋਂ 45 ਥਾਣੇ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਥਾਣਿਆਂ ‘ਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ।
ਇੱਕ ਸਵਾਲ ਦੇ ਜਵਾਬ ‘ਚ ਉੱਪ ਮੁੱਖ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਸਿਆਸੀ ਬਦਲਖੋਰੀ ਦੇ ਦੋਸ਼ ਲਾਉਣ ਵਾਲੇ ਅਕਾਲੀ ਦਲ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਦੇ ਵੀ ਬਦਲਾਖੋਰੀ ਦੀ ਸਿਆਸਤ ਨਹੀਂ ਕੀਤੀ ਜਦਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ 1977 ‘ਚ ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵਿਰੁਧ ਸਿਆਸੀ ਬਦਲਾਖੋਰੀ ਨਾਲ ਕੇਸ ਦਰਜ ਕੀਤਾ, ਜਿਸ ‘ਚ ਉਨ੍ਹਾਂ ਦੇ ਪਿਤਾ ਜੀ ਸ. ਸੰਤੋਖ ਸਿੰਘ ਰੰਧਾਵਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਬਾਰੇ ਪੁੱਛੇ ਜਾਣ ‘ਤੇ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਸਭ ਤੋਂ ਗ਼ੈਰ-ਵਿਸ਼ਵਾਸ਼ਯੋਗ ਵਿਅਕਤੀ ਹੈ, ਜਿਸ ਨੂੰ ਉਹ 2009 ‘ਚ ਘਰ ਬੈਠੇ ਨੂੰ ਪੈਲੇਸ ‘ਚੋਂ ਕੱਢਕੇ ਡੇਰਾ ਬਾਬਾ ਨਾਨਕ ਵਿਖੇ ਲੈਕੇ ਗਏ ਸਨ। ਉਨ੍ਹਾਂ ਕਿਹਾ ਕਿ ਝੂਠੀਆਂ ਸੌਹਾਂ ਖਾਣ ਵਾਲਿਆਂ ਤੋਂ ਪੰਜਾਬ ਦੇ ਲੋਕ ਹਿਸਾਬ ਲੈਣਗੇ। ਉਨ੍ਹਾਂ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਆਮ ਆਦਮੀ ਪਾਰਟੀ ਵੱਲੋਂ ਖਨ੍ਹਣ ਦੇ ਮੁੱਦੇ ‘ਤੇ ਉਠਾਏ ਸਵਾਲਾਂ ਦੇ ਜਵਾਬ ‘ਚ ਆਪ ਪਾਰਟੀ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਕੋਲ ਬੋਲਣ ਲਈ ਕੋਈ ਹੋਰ ਮੁੱਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਜ਼ੁਰਮ ਸਭ ਤੋਂ ਵੱਧ ਹੈ ਜਦਕਿ ਇਹ ਲੋਕ ਪੰਜਾਬ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸੋਪਰਟ ਮਾਫੀਏ ਦਾ ਖਾਤਮਾ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ।
ਇਸ ਮੌਕੇ ਉਨ੍ਹਾਂ ਨਾਲ ਮੌਜੂਦ ਡੀ.ਜੀ.ਪੀ. ਸ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸ਼ੰਭੂ ਥਾਣੇ ਦੀ ਇਹ ਨਵੀਂ ਇਮਾਰਤ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਥੇ ਕਿ ਆਮ ਪਬਲਿਕ ਦੀ ਸਹੂਲਤ ਲਈ ਹੈਲਪ ਡੈਸਕ ਬਣਾਇਆ ਗਿਆ ਹੈ ਜਿਥੋਂ ਆਮ ਲੋਕ ਆਪਣੀਆਂ ਦਰਖਾਸਤਾਂ ਅਤੇ ਮੁਕੱਦਮਿਆਂ ਨਾਲ ਸਬੰਧਤ ਸੂਚਨਾ ਪ੍ਰਾਪਤ ਕਰ ਸਕਣਗੇ।
ਡੀ.ਜੀ.ਪੀ ਨੇ ਹੋਰ ਦੱਸਿਆ ਕਿ ਥਾਣੇ ‘ਚ ਜੂਵੇਨਾਈਲ ਲਈ ਇਕ ਸਪੈਸ਼ਲ ਜੂਵੇਨਾਈਲ ਰੂਮ ਤਿਆਰ ਕੀਤਾ ਗਿਆ ਅਤੇ ਔਰਤਾਂ ਲਈ ਵੀ ਵੱਖਰਾ ਕਮਰਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣੇ ‘ਚ ਤਫ਼ਤੀਸ਼ੀ ਅਫ਼ਸਰਾਂ ਦੇ ਕਮਰਿਆਂ ‘ਚ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਆਈ.ਜੀ. ਸ. ਐਮ.ਐਸ. ਛੀਨਾ ਅਤੇ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਸ. ਰੰਧਾਵਾ ਅਤੇ ਸ. ਸਹੋਤਾ ਦਾ ਸਵਾਗਤ ਕੀਤਾ। ਪੁਲਿਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ।
ਇਸ ਮੌਕੇ ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਕਸੀਐਨ ਪਰਮਜੀਤ ਤੇ ਵਿਨੋਦ ਪਰਾਸ਼ਰ, ਜ਼ਿਲ੍ਹਾ ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਨਗਰ ਪੰਚਾਇਤ ਘਨੌਰ ਪ੍ਰਧਾਨ ਨਰਭਿੰਦਰ ਸਿੰਘ, ਬਲਾਕ ਸੰਮਤੀ ਚੇਅਰਮੈਨ ਜਗਦੀਪ ਸਿੰਘ ਚਪੜ, ਹਰਦੀਪ ਸਿੰਘ ਲਾਡਾ, ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸਿਹਰਾ, ਹਰਪ੍ਰੀਤ ਸਿੰਘ ਚਮਾਰੂ, ਮਾਰਕੀਟ ਕਮੇਟੀ ਚੇਅਰਮੈਨ ਬਲਜੀਤ ਸਿੰਘ ਗਿੱਲ, ਵਾਈਸ ਚੇਅਰਮੈਨ ਗੁਰਮੀਤ ਸਿੰਘ ਮਹਿਮਦਪੁਰ, ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਚੇਅਰਮੈਨ ਲੈਂਡ ਮਾਰਗੇਜ ਹਰਵਿੰਦਰ ਸਿੰਘ ਕਾਮੀ, ਬਲਾਕ ਪ੍ਰਧਾਨ ਸ਼ੰਭੂ ਗੁਰਨਾਮ ਸਿੰਘ ਭੂਰੀਮਾਜਰਾ, ਬਲਾਕ ਪ੍ਰਧਾਨ ਘਨੌਰ ਕੁਲਦੀਪ ਸਿੰਘ ਮਾਰ੍ਹੀਆਂ, ਚੇਅਰਮੈਨ ਬਲਰਾਜ ਸਿੰਘ, ਯੂਥ ਪ੍ਰਧਾਨ ਇੰਦਰਜੀਤ ਸਿੰਘ ਗਿਫ਼ਟੀ, ਚੇਅਰਮੈਨ ਲੈਂਡ ਮਾਰਗੇਜ ਅਮਰਜੀਤ ਸਿੰਘ ਥੂਹਾ, ਸਰਪੰਚ ਹਰਪ੍ਰੀਤ ਸਿੰਘ ਚਮਾਰੂ, ਸਰਪੰਚ ਨਰਿੰਦਰਪਾਲ ਸਿੰਘ ਪੱਬਰੀ, ਐਸ.ਪੀ ਕੇਸਰ ਸਿੰਘ, ਡੀ.ਐਸ.ਪੀ ਜਸਵਿੰਦਰ ਸਿੰਘ ਟਿਵਾਣਾ, ਥਾਣਾ ਸ਼ੰਭੂ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਅਤੇ ਹੋਰ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ।
***********
ਫੋਟੋ ਕੈਪਸ਼ਨ-ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਸ਼ੰਭੂ ਥਾਣੇ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਦੇ ਹੋਏ। ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਖੀ ਸ. ਇਕਬਾਲ ਪ੍ਰੀਤ ਸਿੰਘ ਸਹੋਤਾ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਗਗਨਦੀਪ ਸਿੰਘ ਜਲਾਲਪੁਰ, ਆਈ.ਜੀ ਪਟਿਆਲਾ ਸ. ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਵੀ ਨਜ਼ਰ ਆ ਰਹੇ ਹਨ।