ਈ.ਵੀ.ਐਮਜ ਦੀ ਦੂਸਰੀ ਰੈਂਡਮਾਈਜ਼ੇਸ਼ਨ ਸਿਆਸੀ ਪਾਰਟੀਆਂ ਤੇ ਜਨਰਲ ਅਬਜ਼ਰਵਰਾਂ ਦੀ ਹਾਜ਼ਰੀ ‘ਚ ਸੰਪਨ
ਈ.ਵੀ.ਐਮਜ ਦੀ ਦੂਸਰੀ ਰੈਂਡਮਾਈਜ਼ੇਸ਼ਨ ਸਿਆਸੀ ਪਾਰਟੀਆਂ ਤੇ ਜਨਰਲ ਅਬਜ਼ਰਵਰਾਂ ਦੀ ਹਾਜ਼ਰੀ ‘ਚ ਸੰਪਨ
ਦਵਿੰਦਰ ਡੀ.ਕੇ,ਲੁਧਿਆਣਾ, 08 ਫਰਵਰੀ 2022
ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਰੈਂਡਮਾਈਜ਼ੇਸ਼ਨ ਅੱਜ ਸਥਾਨਕ ਬੱਚਤ ਭਵਨ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਜਨਰਲ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਹੋਈ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ 19, ਪਾਇਲ ਤੋਂ 18, ਲੁਧਿਆਣਾ (ਦੱਖਣੀ) ਤੋਂ 17, ਆਤਮ ਨਗਰ ਤੋਂ 15, ਲੁਧਿਆਣਾ (ਪੂਰਬੀ) ਤੇ ਸਮਰਾਲਾ ਤੋਂ 14-14 ਉਮੀਦਵਾਰ ਚੋਣ ਲੜਨਗੇ। ਇਸੇ ਤਰ੍ਹਾਂ ਹਲਕਾ ਗਿੱਲ ਤੋਂ 11, ਖੰਨਾ, ਲੁਧਿਆਣਾ (ਉੱਤਰੀ), ਦਾਖਾ, ਰਾਏਕੋਟ ਅਤੇ ਜਗਰਾਉਂ ਤੋਂ 10-10, ਲੁਧਿਆਣਾ (ਕੇਂਦਰੀ) ਤੋਂ 9 ਅਤੇ ਲੁਧਿਆਣਾ (ਪੱਛਮੀ) ਹਲਕੇ ਤੋਂ 8 ਉਮੀਦਵਾਰ ਚੋਣ ਲੜਨਗੇ।
ਉਨ੍ਹਾਂ ਕਿਹਾ ਕਿ 11 ਹਲਕਿਆਂ ਦੇ ਸਾਰੇ ਪੋਲਿੰਗ ਬੂਥਾਂ ‘ਤੇ ਇਕ ਕੰਟਰੋਲ ਯੂਨਿਟ, ਇਕ ਬੈਲਟ ਯੂਨਿਟ ਅਤੇ ਹਰੇਕ ਈ.ਵੀ.ਐਮ. ਦਾ ਇਕ ਵੀਵੀਪੈਟ ਲਗਾਇਆ ਜਾਵੇਗਾ, ਜਦਕਿ ਤਿੰਨ ਹਲਕਿਆਂ ਸਾਹਨੇਵਾਲ, ਲੁਧਿਆਣਾ (ਦੱਖਣੀ) ਅਤੇ ਪਾਇਲ ਵਿਚ ਉਮੀਦਵਾਰਾਂ ਦੀ ਗਿਣਤੀ 15 ਤੋਂ ਵੱਧ ਹੈ। ਇੱਥੇ ਹਰੇਕ ਪੋਲਿੰਗ ਬੂਥ ‘ਤੇ ਦੋ ਬੈਲਟ ਯੂਨਿਟ, ਇੱਕ ਕੰਟਰੋਲ ਯੂਨਿਟ ਅਤੇ ਇੱਕ ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਾਧੂ ਈ.ਵੀ.ਐਮਜ਼ ਦੀ ਰੈਂਡਮਾਈਜ਼ੇਸ਼ਨ 6 ਫਰਵਰੀ ਨੂੰ ਕੀਤੀ ਗਈ ਸੀ, ਜਦੋਂ ਕਿ ਅੱਜ ਈ.ਵੀ.ਐਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ।
ਇਸ ਮੌਕੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਚੋਣਾਂ ਬਿਨਾਂ ਕਿਸੇ ਡਰ ਭੈਅ ਦੇ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 175 ਉਮੀਦਵਾਰ ਮੈਦਾਨ ਵਿੱਚ ਹਨ, ਜੋ ਜ਼ਿਲ੍ਹੇ ਦੇ ਵੱਖ-ਵੱਖ 14 ਹਲਕਿਆਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ।