ਈ.ਟੀ.ਟੀ ਅਧਿਆਪਕ ਯੂਨੀਅਨ ਵੱਲੋਂ ਜ਼ਿਲ੍ਹਾ ਪੱਧਰੀ ਦਿੱਤੇ ਮੰਗ ਪੱਤਰ
ਪਟਿਆਲਾ (ਰਾਜੇਸ਼ ਗੌਤਮ)
ਪੁਰਾਣੀ ਪੈਨਸ਼ਨ ਅਤੇ ਵਿੱਤ ਵਿਭਾਗ ਨਾਲ ਸਬੰਧਿਤ ਮੰਗਾਂ ਤੋਂ ਇਲਾਵਾ ਬਹੁਤ ਸਾਰੀਆਂ ਵਿਭਾਗੀ ਮੰਗਾਂ ਹਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ 8ਅਤੇ 9 ਅਗਸਤ ਨੂੰ ਦਿੱਤੇ ਐਕਸ਼ਨਾਂ ਦੀ ਕੜੀ ਤਹਿਤ ਜਥੇਬੰਦੀ ਪਟਿਆਲਾ ਇਕਾਈ ਵੱਲੋਂ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਮੈਮੋਰੰਡਮ ਦਿੱਤਾ ਗਿਆ।ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਈ.ਟੀ.ਟੀ ਯੂਨੀਅਨ ਦੇ ਸੂਬਾ ਮੀਤ-ਪ੍ਰਧਾਨ ਅਨੂਪ ਸ਼ਰਮਾ ਨੇ ਕਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਅਨਾਮਲੀ ਬਣੀ ਹੋਈ ਹੈ। ਜੋ ਦੂਰ ਕਰਨ ਲਈ ਅਧਿਕਾਰੀ ਟਾਲ ਮਟੋਲ ਕਰ ਰਹੇ ਹਨ । ਈ.ਟੀ.ਟੀ ਤੋਂ ਮਾਸਟਰ ਕਾਡਰ ਪ੍ਰਮੋਸ਼ਨ ਪਿਛਲੇ ਚਾਰ ਸਾਲ ਤੋਂ ਰੁਕੀ ਹੋਈ ਹੈ, ਅਤੇ ਪੇਂਡੂ ਭੱਤੇ, ਬਾਰਡਰ ਏਰੀਏ ਭੱਤੇ ਸਮੇਤ ਅਨੇਕਾਂ ਭੱਤੇ ਬੰਦ ਕੀਤੇ ਹੋਏ ਹਨ। ਇਹਨਾਂ ਨੂੰ ਜਲਦ ਬਹਾਲ ਕੀਤੇ ਜਾਣ ਲਈ ਸਰਕਾਰ ਨੂੰ ਮੰਗ ਪੱਤਰ ਰਹੀ ਚੇਤਾਵਨੀ ਦੇ ਰਹੇ ਹਾਂ। ਇਸ ਦੇ ਨਾਲ਼ ਹੀ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਗਿਆ ਕਿ ਏ.ਸੀ.ਪੀ ਸਕੀਮ ‘ਤੇ ਰੋਕ ਲਾਈ ਹੋਈ ਹੈ। ਵਿਦੇਸ਼ ਛੁੱਟੀ ਆਮ ਦਿਨਾਂ ਵਿਚ ਲੈਣ ਸਬੰਧੀ ਰੋਕ ਲਾਈ ਹੋਈ ਹੈ ਅਤੇ ਤਬਾਦਲਿਆਂ ਦਾ ਇੱਕੋ ਗੇੜ ਚਲਾ ਕੇ ਵਿਭਾਗ ਕੁੰਭਕਰਨੀ ਨੀਂਦ ਸੌਂ ਗਿਆ ਹੈ। ਪ੍ਰਧਾਨ ਨੇ ਇਹ ਵੀ ਆਖਿਆ ਕਿ ਪਹਿਲਾਂ ਹੋਈਆਂ ਬਦਲੀਆਂ ‘ਤੇ ਕੈਟਾਗਰੀ ਸਿਸਟਮ ਲਾਗੂ ਕਰ ਕੇ ਅਧਿਆਪਕ ਸਾਥੀਆਂ ਨੂੰ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਹੈ । ਹਜ਼ਾਰਾਂ ਸਕੂਲ ਸਿੰਗਲ ਟੀਚਰ ਪਏ ਹਨ ਅਤੇ ਕੁਝ ਕੁ ਬਲਾਕਾਂ ਚ ਹੀ ਨਵੀਂ ਭਰਤੀ ਕੀਤੀ ਜਾ ਰਹੀ ਹੈ। ਜਿਸ ਨਾਲ ਨਵੇਂ ਸਾਥੀਆਂ ਨੂੰ ਦੂਰ-ਦੁਰਾਡੇ ਸਟੇਸ਼ਨ ਦਿੱਤੇ ਜਾ ਰਹੇ ਹਨ ਜਾਂ ਦਿੱਤੇ ਜਾ ਚੁੱਕੇ ਹਨ। ਅਧਿਆਪਕਾਂ ਦੇ ਵਫ਼ਦ ਨੇ ਸਰਕਾਰ ਨੂੰ ‘ਤੇ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਧਿਆਪਕਾਂ ਦੇ ਉਕਤ ਮਸਲਿਆਂ ਦਾ ਹੱਲ ਜਲਦ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਕੱਲ੍ਹ ਦੇ ਫੰਕਸ਼ਨ ਦੇ ਰੁਝੇਵੇਂ ਹੋਣ ਕਾਰਨ ਦਫ਼ਤਰ ਦੇ ਸੀਨੀਅਰ ਸਹਾਇਕ ਮੈਡਮ ਰੂਪ ਕਾਲੀਆ ਨੇ ਮੈਮੋਰੰਡਮ ਲੈਂਦਿਆਂ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਲ੍ਹਾ ਪੱਧਰ ‘ਤੇ ਹੱਲ ਹੋਣ ਵਾਲੇ ਅਧਿਆਪਕਾਂ ਦੇ ਮਸਲੇ ਜਲਦ ਹੱਲ ਕਰਨ ਲਈ ਡੀ ਈ ਓ ਪਟਿਆਲਾ ਜੀ ਨਾਲ਼ ਗੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਵੱਲੋਂ ਹੱਲ ਕੀਤੇ ਜਾਣ ਵਾਲੇ ਮਸਲਿਆਂ ਸੰਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਤੇ ਦੀਪਕ ਪੁਰੀ ਬਲਾਕ ਪ੍ਰਧਾਨ ਰਾਜਪੁਰਾ , ਰਵਿੰਦਰ ਕੁਮਾਰ ਰਾਜਨ ਮੀਤ ਪ੍ਰਧਾਨ ਨਾਭਾ ਪ੍ਰੇਮ ਕੁਮਾਰ, ਕਪਤਾਨ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ ਚੰਨੀ, ਸੰਦੀਪ ਭਾਰਦਵਾਜ, ਜਰਨੈਲ ਸਿੰਘ, ਕੁਲਦੀਪ ਸਿੰਘ, ਨਰਿੰਦਰ ਸਿੰਘ ਨਿੰਦੀ, ਕਿਰਨਦੀਪ ਸਿੰਘ ਅਤੇ ਹਰਮਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ।