ਜ਼ਿਲ੍ਹੇ ਦੇ 570 ਪੋਲਿੰਗ ਸਟੇਸ਼ਨਾਂ ’ਤੇ 4 ਲੱਖ 47 ਹਜ਼ਾਰ 117 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ: ਜ਼ਿਲ੍ਹਾ ਚੋਣ ਅਫਸਰ
ਜ਼ਿਲ੍ਹੇ ਦੇ 570 ਪੋਲਿੰਗ ਸਟੇਸ਼ਨਾਂ ’ਤੇ 4 ਲੱਖ 47 ਹਜ਼ਾਰ 117 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ: ਜ਼ਿਲ੍ਹਾ ਚੋਣ ਅਫਸਰ
- ਜ਼ਿਲ੍ਹੇ ’ਚ 2 ਲੱਖ 34 ਹਜ਼ਾਰ 764 ਮਰਦ ਅਤੇ 2 ਲੱਖ 10 ਹਜ਼ਾਰ 983 ਮਹਿਲਾ ਵੋਟਰ ਰਜਿਸਟਰ
- ਸਵੀਪ ਪ੍ਰੋਗਰਾਮ ਅਧੀਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਜਾ ਰਹੇ ਹਨ ਜਾਗਰੂਕਤਾ ਪ੍ਰੋਗਰਾਮ
- ਜ਼ਿਲ੍ਹਾ ਚੋਣ ਅਫਸਰ ਨੇ ਜਿ਼ਲ੍ਹੇ ਦੇ ਵੋਟਰਾਂ ਨੂੰ ਚੋਣ ਪ੍ਰਕ੍ਰਿਆ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ
ਅਸ਼ੋਕ ਧੀਮਾਨ, ਫ਼ਤਹਿਗੜ੍ਹ ਸਾਹਿਬ, 10 ਦਸੰਬਰ : 2021
ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੁੱਲ 570 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ 04 ਲੱਖ 47 ਹਜ਼ਾਰ 117 ਵੋਟਰ ਆਪਣੇ ਮੱਤ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਵਿਧਾਨ ਸਭਾ ਚੋਣਾ ਲਈ ਕੀਤੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ ਤਿੰਨ ਵਿਧਾਨ ਸਭਾ ਹਲਕਿਆਂ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾਂ ਅਤੇ ਅਮਲੋਹ ਦੇ 02 ਲੱਖ 34 ਹਜ਼ਾਰ 117 ਮਰਦ ਵੋਟਰ ਅਤੇ 02 ਲੱਖ 10 ਹਜ਼ਾਰ 983 ਮਹਿਲਾ ਵੋਟਰ ਵੋਟ ਪਾਉਣਗੇ। ਉਨ੍ਹਾਂ ਦੱਸਿਆ ਕਿ 01-01-2022 ਦੀ ਡਰਾਫਟ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ 18-19 ਸਾਲ ਦੀ ਉਮਰ ਦੇ 2809 ਵੋਟਰ ਹਨ ਜਿਨ੍ਹਾਂ ਵਿੱਚੋਂ 1807 ਮਰਦ ਵੋਟਰ ਅਤੇ 1002 ਮਹਿਲਾ ਵੋਟਰ ਹਨ
ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 18-19 ਸਾਲ ਦੇ 2809 ਵੋਟਰ, 20-29 ਸਾਲ ਦੀ ਉਮਰ ਦੇ 81 ਹਜ਼ਾਰ 841 ਵੋਟਰ, 30-39 ਸਾਲ ਦੇ 01 ਲੱਖ 19 ਹਜ਼ਾਰ 099 ਵੋਟਰ, 40-49 ਸਾਲ ਦੇ 90 ਹਜ਼ਾਰ 401 ਵੋਟਰ, 50-59 ਸਾਲ ਉਮਰ ਵਰਗ ਦੇ 70 ਹਜ਼ਾਰ 899 ਵੋਟਰ, 60-69 ਸਾਲ ਦੇ 45 ਹਜਾਰ 292 ਵੋਟਰ, 70-79 ਸਾਲ ਦੇ 25 ਹਜਾਰ 692 ਵੋਟਰ, 80-89 ਸਾਲ ਦੇ 8255 ਵੋਟਰ, 90-99 ਸਾਲ ਦੀ ਉਮਰ ਦੇ 8255 ਵੋਟਰ, 90-99 ਸਾਲ ਦੇ 1371 ਵੋਟਰ ਅਤੇ 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ 96 ਵੋਟਰ ਸੂਚੀ ਵਿੱਚ ਦਰਜ਼ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਬਣਾਏ ਗਏ ਪੋਲਿੰਗ ਸਟੇਸ਼ਨਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 54-ਬਸੀ ਪਠਾਣਾ 185 ਪੋਲਿੰਗ ਸਟੇਸ਼ਨ, 55- ਫ਼ਤਹਿਗੜ੍ਹ ਸਾਹਿਬ ਵਿੱਚ 207 ਪੋਲਿੰਗ ਸਟੇਸ਼ਨ ਅਤੇ 56 ਅਮਲੋਹ ਹਲਕੇ ਵਿੱਚ 178 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਵੀਲ੍ਹ ਚੇਅਰ, ਰੈਂਪ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ 4086 ਦਿਵਿਆਂਗ ਵੋਟਰਾਂ ਨੂੰ ਆਪਣੀ ਵੋਟ ਪਾਉਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਆਪਣੇ ਘਰਾਂ ਵਿੱਚ ਹੀ ਵੋਟਾਂ ਪਾਉਣ ਦੀ ਸਹੂਲਤ ਦਿੱਤੀ ਗਈ ਹੈ ਜਿਸ ਲਈ ਉਨ੍ਹਾਂ ਨੂੰ ਫਾਰਮ ਭਰ ਕੇ ਦੇਣਾ ਹੋਵੇਗਾ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾ ਲਈ 54-ਬਸੀ ਪਠਾਣਾ ਵਿੱਚ 01 ਲੱਖ 47 ਹਜ਼ਾਰ 065 ਵੋਟਰ, 55-ਫ਼ਤਹਿਗੜ੍ਹ ਸਾਹਿਬ ਹਲਕੇ ਵਿੱਚ 01 ਲੱਖ 58 ਹਜ਼ਾਰ 590 ਵੋਟਰ ਅਤੇ 56-ਅਮਲੋਹ ਵਿਧਾਨ ਸਭਾ ਹਲਕੇ ਵਿੱਚ 01 ਲੱਖ 41 ਹਜ਼ਾਰ 462 ਵੋਟਰ ਇਨ੍ਹਾਂ ਚੋਣਾਂ ਵਿੱਚ ਭਾਗ ਲੈਣਗੇ। ਉਨ੍ਹਾਂ ਹੋਰ ਦੱਸਿਆ ਕਿ ਜਿ਼ਲ੍ਹੇ ਵਿੱਚ 1380 ਸਰਵਿਸ ਵੋਟਰ ਅਤੇ 4086 ਦਿਵਿਆਂਗ ਵੋਟਰ ਹਨ ਜੋ ਕਿ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਦਾ ਇਸਤੇਮਾਲ ਕਰਨਾ ਜਿਥੇ ਸਾਡਾ ਸੰਵਿਧਾਨਕ ਹੱਕ ਹੈ ਉਥੇ ਹੀ ਇਹ ਸਮਾਜ ਪ੍ਰਤੀ ਸਾਡੀ ਜਿੰਮੇਵਾਰੀ ਵੀ ਬਣਦੀ ਹੈ ਇਸ ਲਈ ਕਿਸੇ ਵੀ ਵੋਟਰ ਨੂੰ ਆਪਣੀ ਜਿੰਮੇਵਾਰੀ ਤੋਂ ਪਿਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਵੋਟ ਦੀ ਤਾਕਤ ਨਾਲ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਲੋਕਤੰਤਰ ਦੀ ਮਜਬੂਤੀ ਨੂੰ ਬਰਕਰਾਰ ਰੱਖਿਆ ਜਾ ਸਕੇ।ਕੈਪਸ਼ਨ:
ਵੋਟਰਾਂ ਨੂੰ ਈ.ਵੀ.ਐਮ. ਤੇ ਵੀ.ਵੀ. ਪੈਟ ਬਾਰੇ ਜਾਗਰੂਕ ਕਰਨ ਲਈ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਜਾਣਕਾਰੀ ਹਾਸਲ ਕਰਦੇ ਵੋਟਰ।