Skip to content
Advertisement
ਜ਼ਿਲ੍ਹੇ ਦੇ ਸੌ ਫੀਸਦੀ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਜਾਗਰੂਕ ਕਰਨਾ ਸਾਡਾ ਟੀਚਾ: ਜ਼ਿਲਾ ਚੋਣ ਅਫ਼ਸਰ
ਪਰਦੀਪ ਕਸਬਾ ,ਸੰਗਰੂਰ, 16 ਫਰਵਰੀ 2022
ਵਿਧਾਨ ਸਭਾ ਚੋਣਾਂ ਦੌਰਾਨ 20 ਫਰਵਰੀ ਨੂੰ ਜ਼ਿਲਾ ਸੰਗਰੂਰ ਦੇ 9 ਲੱਖ 5 ਹਜ਼ਾਰ 831 ਵੋਟਰਾਂ ਨੂੰ ਆਪਣੇ ਵੋਟ ਪਾਉਣ ਦੇ ਮਹੱਤਵਪੂਰਨ ਅਧਿਕਾਰ ਦੀ ਲਾਜ਼ਮੀ ਤੌਰ ’ਤੇ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਵਜੋਂ ਹਰੇਕ ਹਲਕੇ ਵਿੱਚ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਗਠਨ, ਵਿਦਿਆਰਥੀ ਅਤੇ ਹੋਰ ਕਿੱਤਿਆਂ ਨਾਲ ਜੁੜੇ ਹੋਏ ਲੋਕ ਵੋਟਾਂ ਦੇ ਤਿਓਹਾਰ ਨੂੰ ਉਤਸ਼ਾਹ ਨਾਲ ਮਨਾਉਣ ਦੀ ਮੁਹਿੰਮ ਵਿੱਚ ਵਧ ਚੜ ਕੇ ਭਾਗ ਲੈ ਰਹੇ ਹਨ।
ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਜ਼ਿਲਾ ਸੰਗਰੂਰ ਦੇ ਸਾਰੇ ਹਲਕਿਆਂ ਦੇ ਸੌ ਫੀਸਦੀ ਵੋਟਰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਭੁਗਤਾਨ ਕਰਨ ਜਿਸ ਲਈ ਵਿਆਪਕ ਪੱਧਰ ’ਤੇ ਜਾਗਰੂਕਤਾ ਮੁਹਿੰਮ ਚੱਲ ਰਹੀ ਹੈ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਹਰ ਹਲਕੇ ਵਿੱਚ ਸਾਇਕਲ ਰੈਲੀਆਂ ਦਾ ਆਯੋਜਨ ਕਰਕੇ ਲੋਕਾਂ ਨੂੰ ਨਾਲ ਜੋੜਿਆ ਹੈ ਅਤੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਵੀ ਖੁਦ ਇਨਾਂ ਸਾਇਕਲ ਰੈਲੀਆਂ ਵਿੱਚ ਸ਼ਾਮਲ ਹੋ ਕੇ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹਨ। ਉਨਾਂ ਦੱਸਿਆ ਕਿ ਪਾਰਕਾਂ ਤੇ ਪ੍ਰਮੁੱਖ ਚੌਂਕਾਂ ਵਿੱਚ ਸਵੀਪ ਦੀਆਂ ਗਤੀਵਿਧੀਆਂ ਵਜੋਂ ਵਡ ਅਕਾਰੀ ਵੋਟਰ ਜਾਗਰੂਕਤਾ ਚਿੰਨ ਸਥਾਪਤ ਕੀਤੇ ਗਏ ਹਨ ਜੋ ਕਿ ਲੋਕਾਂ ਲਈ ਸੈਲਫੀ ਪੁਆਇੰਟ ਸਾਬਤ ਹੋ ਰਹੇ ਹਨ। ਉਨਾਂ ਦੱਸਿਆ ਕਿ ਸਵੀਪ ਫਲੈਗ ਮਾਰਚ ਵੀ ਇਸ ਆਸ਼ੇ ਦੀ ਪੂਰਤੀ ਹਿੱਤ ਸਹਾਇਕ ਸਾਬਤ ਹੋ ਰਹੇ ਹਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਗੈਸ ਉਪਭੋਗਤਾਵਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਗੈਸ ਸਿਲੰਡਰਾਂ ’ਤੇ ਵੀ ਵੋਟਾਂ ਪਾਉਣ ਦੀ ਅਪੀਲ ਵਾਲੇ ਟੈਗ ਲਗਵਾਏ ਜਾ ਰਹੇ ਹਨ। ਜ਼ਿਲਾ ਪੱਧਰੀ ਦਸਤਖ਼ਤ ਮੁਹਿੰਮ ਤੇ ਵੋਟਰ ਪ੍ਰਣ ਦੀ ਲੜੀ ਨੂੰ ਅੱਗੇ ਤੋਰਦਿਆਂ ਹਰੇਕ ਹਲਕੇ ਵਿੱਚ ਵਿਭਾਗੀ ਪੱਧਰ ’ਤੇ ਅਤੇ ਜਨਤਕ ਸਥਾਨਾਂ ’ਤੇ ਆਮ ਲੋਕਾਂ ਨੂੰ 20 ਫਰਵਰੀ ਨੂੰ ਆਪਣੀ ਵੋਟ ਜ਼ਰੂਰ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਹਰ ਥਾਈਂ ਲੋਕ ਵਧ ਚੜ ਕੇ ਵੋਟਰ ਪ੍ਰਣ ਬੋਰਡਾਂ ’ਤੇ ਦਸਤਖ਼ਤ ਕਰ ਰਹੇ ਹਨ।
ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ 83 ਫੀਸਦੀ ਰਹੀ ਸੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਪ੍ਰਤੀਸ਼ਤਤਾ ਨੂੰ 100 ਫੀਸਦੀ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ 6671 ਦਿਵਿਆਂਗ ਵੋਟਰਾਂ ਦੀ ਸੌ ਫੀਸਦੀ ਭਾਗੀਦਾਰੀ ਲਈ ਵੀ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ ਅਤੇ ਦਿਵਿਆਂਗ ਆਈਕਨ ਸ਼੍ਰੀ ਸਤੀਸ਼ ਗੋਇਲ ਪ੍ਰਸ਼ਾਸਨਿਕ ਉਪਰਾਲਿਆਂ ਵਿੱਚ ਸਹਿਯੋਗ ਦੇ ਰਹੇ ਹਨ। ਉਨਾਂ ਅਪੀਲ ਕਰਦਿਆਂ ਕਿਹਾ ਕਿ ਹਰੇਕ ਵੋਟਰ ਨੂੰ ਵੋਟ ਪਾਉਣ ਦੇ ਮਹੱਤਵਪੁਰਨ ਅਧਿਕਾਰ ਦੀ ਲਾਜ਼ਮੀ ਤੌਰ ’ਤੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ।
Advertisement
Advertisement
error: Content is protected !!