ਜ਼ਿਲ੍ਹਾ ਪ੍ਰਸ਼ਾਸਨ ਪੂਰੀ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ ਤੇ ਸੁਤੰਤਰ ਢੰਗ ਨਾਲ ਕਰਵਾਏਗਾ ਵਿਧਾਨ ਸਭਾ ਚੋਣਾ-ਸੰਦੀਪ ਹੰਸ
ਜ਼ਿਲ੍ਹਾ ਪ੍ਰਸ਼ਾਸਨ ਪੂਰੀ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ ਤੇ ਸੁਤੰਤਰ ਢੰਗ ਨਾਲ ਕਰਵਾਏਗਾ ਵਿਧਾਨ ਸਭਾ ਚੋਣਾ-ਸੰਦੀਪ ਹੰਸ
- ਚੋਣਾਂ ‘ਚ ਕੋਵਿਡ ਵੱਡੀ ਚੁਣੌਤੀ ਪਰੰਤੂ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਹੋਵੇਗੀ ਪਾਲਣਾ-ਸੰਦੀਪ ਹੰਸ
- ਵਿਧਾਨ ਸਭਾ ਚੋਣ ਪ੍ਰਕ੍ਰਿਆ ਮੁਕੰਮਲ ਕਰਵਾਉਣ ਲਈ 12 ਹਜ਼ਾਰ ਤੋਂ ਵੀ ਵਧ ਚੋਣ ਅਮਲਾ ਤਾਇਨਾਤ
ਰਾਜੇਸ਼ ਗੌਤਮ, ਪਟਿਆਲਾ, 14 ਜਨਵਰੀ:2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ, ਵਿਧਾਨ ਸਭਾ ਚੋਣਾਂ-2022 ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ ਅਤੇ ਸੁਤੰਤਰ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਕੋਵਿਡ ਇੱਕ ਵੱਡੀ ਚੁਣੌਤੀ ਹੈ ਪਰੰਤੂ ਵੋਟਰਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਉਣ ਲਈ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਗੰਭੀਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਤੱਥਾਂ ਦੀ ਪੜਤਾਲ ਕਰਕੇ ਤੁਰੰਤ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ ਵਿਜਿਲ ‘ਤੇ ਹੁਣ ਤੱਕ 66 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ‘ਚੋਂ 65 ਦਾ ਨਿਪਟਾਰਾ ਕੀਤਾ ਗਿਆ ਅਤੇ ਇੱਕ ‘ਤੇ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਮਰਾ ਨੰਬਰ 114 ਵਿੱਚ ਸ਼ਿਕਾਇਤ ਸੈਲ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ 0175-2359441 ਹੈ।
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਨਿਰਵਿਘਨ ਸੰਪੰਨ ਕਰਨ ਲਈ 1784 ਪੋਲਿੰਗ ਸਟੇਸ਼ਨਾਂ ‘ਤੇ 12 ਹਜ਼ਾਰ ਤੋਂ ਵਧੇਰੇ ਚੋਣ ਅਮਲੇ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਦੀ ਸਿਖਲਾਈ ਦਾ ਪ੍ਰਬੰਧ ਕੋਵਿਡ ਨੂੰ ਦੇਖਦੇ ਹੋਏ ਟੁਕੜੀਆਂ ‘ਚ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਹਲਕੇ ‘ਚ ਪਿੰਕ 7-7 ਪੋਲਿੰਗ ਸਟੇੇਸ਼ਨ ਬਣਨਗੇ, ਜਿੱਥੇ ਸਾਰੇ ਮਹਿਲਾ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਸਾਰੇ ਚੋਣ ਅਮਲੇ ਦਾ ਕੋਵਿਡ ਟੀਕਾਕਰਨ ਵੀ ਕਰਵਾ ਲਿਆ ਗਿਆ ਹੈ ਅਤੇ ਹੁਣ ਵੀ ਵਧੇਰੇ ਜੋਰ ਕੋਵਿਡ ਟੀਕਾਕਰਨ ‘ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸਿਆਸੀ ਪਾਰਟੀਆਂ ਤੇ ਚੋਣ ਲੜ੍ਹਨ ਦੇ ਸੰਭਾਵੀ ਉਮੀਦਵਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਾਰੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਉਹ ਮੁੱਲ ਦੀਆਂ ਖ਼ਬਰਾਂ ਦੇ ਮਾੜੇ ਰੁਝਾਨ ਤੋਂ ਬਚਣ ਕਿਉਂਕਿ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਜਿਹਾ ਵਰਤਾਰਾ ਲੋਕਤੰਤਰ ਲਈ ਬਹੁਤ ਨੁਕਸਾਨਦੇਹ ਸਾਬਤ ਹੁੰਦਾ ਹੈ, ਕਿਉਂਕਿ ਇਸ ਨਾਲ ਲੋਕਾਂ ਦੇ ਜਾਣਕਾਰੀ ਪ੍ਰਾਪਤ ਕਰਨ ਦੇ ਅਧਿਕਾਰ ਨੂੰ ਸੱਟ ਵੱਜਦੀ ਹੈ।
ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਮੁੱਲ ਦੀਆਂ ਖ਼ਬਰਾਂ ਤੋਂ ਬਚਿਆ ਜਾਵੇ ਕਿਉਂਕਿ ਜ਼ਿਲ੍ਹਾ ਪੱਧਰ ‘ਤੇ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਵੀ ਐਮ.ਸੀ.ਐਮ.ਸੀ. (ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ) ਦਾ ਗਠਨ ਕੀਤਾ ਗਿਆ ਹੈ, ਜਿਸ ਵੱਲੋਂ ਅਖ਼ਬਾਰਾਂ ਦੀਆਂ ਖ਼ਬਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਸੋਸ਼ਲ ਮੀਡੀਆ ਖਾਤਿਆਂ ਸਮੇਤ ਇਲੈਕਟ੍ਰੋਨਿਕ ਮੀਡੀਆ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ, ਅੰਤਰ ਜ਼ਿਲ੍ਹਾ ਅਤੇ ਅੰਤਰਰਾਜੀ ਨਾਕੇ ਲਗਾਉਣ ਸਮੇਤ ਮਾੜੇ ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਪਟਿਆਲਾ ਪੁਲਿਸ ਨੇ ਨਕੇਲੀ ਕਸੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਆਈ.ਟੀ.ਬੀ.ਪੀ. ਦੀਆਂ 2 ਕੰਪਨੀਆਂ ਅਤੇ ਬੀ.ਐਸ.ਐਫ. ਦੀ 1 ਕੰਪਨੀ ਇੱਥੇ ਪੁੱਜ ਗਈ ਹੈ ਅਤੇ ਲੋੜੀਂਦੀ ਹੋਰ ਫੋਰਸ ਵੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲਾਇਸੈਂਸੀ ਅਸਲਾ ਧਾਰਕਾਂ ਦਾ ਅਸਲਾ ਪਹਿਲਾਂ ਹੀ ਜਮ੍ਹਾਂ ਕਰਵਾਉਣ ਲਈ ਆਦੇਸ਼ ਜਾਰੀ ਕੀਤੇ ਹੋਏ ਹਨ ਅਤੇ 65 ਫੀਸਦੀ ਅਸਲਾ ਜਮ੍ਹਾ ਹੋ ਗਿਆ ਹੈ।
ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ‘ਚ ਵੋਟਰਾਂ ਦੇ ਪ੍ਰਭਾਵਤ ਹੋਣ ਵਾਲੇ ਇਲਾਕਿਆਂ ਦੀ ਪਛਾਣ ਵੰਨਰਏਬਲ ਇਲਾਕਿਆਂ ਵਜੋਂ ਪਛਾਣ ਕੀਤੀ ਗਈ ਹੈ ਅਤੇ ਇੱਥੇ ਲੋਕਾਂ ਨੂੰ ਡਰਾਉਣ-ਧਮਕਾਉਣ ਤੇ ਕਿਸੇ ਤਰ੍ਹਾਂ ਦੇ ਪ੍ਰਭਾਵ ਪਾਉਣ ਵਾਲੇ ਗੁੰਡਾ ਅਨਸਰਾਂ ‘ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂਕਿ ਕ੍ਰਿਟੀਕਲ ਉਹ ਪੋਲਿੰਗ ਬੂਥ ਹੈ ਜਿੱਥੇ ਕਿ 90 ਫੀਸਦੀ ਵੋਟਾਂ ਪਈਆਂ ਹੋਣ ਅਤੇ ਇਕੋ ਉਮੀਦਵਾਰ ਨੂੰ 75 ਫੀਸਦੀ ਪਈਆਂ ਹੋਣ ਜਾਂ ਜਾਅਲੀ ਵੋਟਾਂ ਪੈਣ ਦਾ ਖਦਸ਼ਾ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਚੌਕਸ ਹੈ।
ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਰਾਹੀਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲੇ 1950 ਹੈਲਪਲਾਈਨ ਨੰਬਰ ਸਮੇਤ ਆਪਣੇ ਮੋਬਾਇਲ ਫੋਨਾਂ ਵਿੱਚ ਸੀ-ਵਿਜਿਲ ਐਪ ਡਾਊਨਲੋਡ ਕਰਕੇ ਇਸ ਰਾਹੀਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ‘ਚ ਲਿਆਉਣ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਯੋਗ ਵੋਟਰ ਦੀ ਵੋਟ ਬਣਾਉਣ ਸਮੇਤ ਹਰ ਵੋਟਰ ਦੀ ਵੋਟ ਬਿਨ੍ਹਾਂ ਪੁਆਏ ਨਾ ਰਹਿ ਜਾਵੇ, ਇਸ ਲਈ ਸਵੀਪ ਗਤੀਵਿਧੀਆਂ ਬਹੁਤ ਜੋਰ-ਸ਼ੋਰ ਨਾਲ ਚਲਾਈਆਂ ਜਾ ਰਹੀਆਂ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਵਾਰ ਕੋਵਿਡ ਪਾਜਿਟਿਵ ਮਰੀਜਾਂ ਸਮੇਤ 80 ਸਾਲ ਤੋਂ ਵੱਧ ਉਮਰ ਦੇ ਨਾਗਰਿਕ, ਦਿਵਿਆਂਗ ਜਨਾਂ ਸਮੇਤ ਟਰਾਂਸਜੈਂਡਰਾਂ ਦੀਆਂ ਵੋਟਾਂ ਵੀ ਲਾਜਮੀ ਪੁਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ ‘ਤੇ ਦਿਵਿਆਂਗ ਜਨਾਂ ਤੇ ਬਿਰਧਾਂ ਲਈ ਵ੍ਹੀਲ ਚੇਅਰ ਅਤੇ ਸਹਾਇਕ ਦਾ ਪ੍ਰਬੰਧ ਕੀਤਾ ਗਿਆ ਹੈ।