ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਨਾਲ 95 % ਵਿਅਕਤੀਆਂ ਦੀ ਹੋਈ ਵੈਕਸੀਨੇਸ਼ਨ -ਡਿਪਟੀ ਕਮਿਸ਼ਨਰ
ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਨਾਲ 95 % ਵਿਅਕਤੀਆਂ ਦੀ ਹੋਈ ਵੈਕਸੀਨੇਸ਼ਨ -ਡਿਪਟੀ ਕਮਿਸ਼ਨਰ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 17 ਫਰਵਰੀ 2022
ਸਮੂਹ ਜ਼ਿਲ੍ਹਾ ਨਿਵਾਸੀਆਂ ਦਾ ਕਰੋਨਾ ਟੀਕਾਕਰਨ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਹੁਣ ਤੱਕ 74 ਹਜ਼ਾਰ ਵਿਅਕਤੀਆਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਜੋ ਕਿ ਟੀਚੇ ਦਾ 95 ਪ੍ਰਤੀਸ਼ਤ ਬਣਦਾ ਹੈ। ਇਸ ਤੋਂ ਇਲਾਵਾ 3 ਜਨਵਰੀ 2022 ਨੂੰ 15 ਤੋਂ 18 ਸਾਲ ਦੇ ਵਿਅਕਤੀਆਂ ਲਈ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਦੇ ਤਹਿਤ 65 ਪ੍ਰਤੀਸ਼ਤ ਨੌਜਵਾਨਾਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ. ਗਿਰੀਸ਼ ਦਿਆਲਨ ਨੇ ਦੱਸਿਆ ਕਿ 95 ਪ੍ਰਤੀਸ਼ਤ ਟੀਚੇ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਸਿਵਲ ਅਧਿਕਾਰੀਆਂ ਦੇ ਮਿਲ ਕੇ ਇੱਕ ਯੋਜਨਾ ਦੇ ਤਹਿਤ ਕੰਮ ਕੀਤਾ ਗਿਆ ਸੀ। ਇਸ ਦੇ ਤਹਿਤ ਤੇਜ਼ੀ ਨਾਲ ਕਰੋਨਾ ਵੈਕਸੀਨੇਸ਼ਨ ਕਰਵਾਈ ਗਈ ਅਤੇ ਵੈਕਸੀਨੇਸ਼ਨ ਲਗਵਾਉਣ ਵਾਲੇ ਵਿਅਕਤੀਆਂ ਦੇ ਲਈ ਇਸ ਢੰਗ ਨਾਲ ਯੋਜਨਾ ਬਣਾਈ ਗਈ ਕਿ ਸੈਂਟਰ ਤੇ ਆਉਂਦੇ ਹੀ ਉਨ੍ਹਾਂ ਦਾ ਟੀਕਾ ਲੱਗ ਜਾਵੇ ਅਤੇ ਨਾਮ ਅਤੇ ਮੋਬਾਇਲ ਨੰਬਰ ਲੈ ਕੇ ਡਾਟਾ ਐਂਟਰੀ ਬਾਅਦ ਵਿੱਚ ਕੀਤੀ ਜਾਵੇ। ਇਸ ਤਰ੍ਹਾਂ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਐੱਸ.ਡੀ.ਐੱਮ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕਰਕੇ ਪਿੰਡ-ਪਿੰਡ ਵਿੱਚ ਪਹੁੰਚ ਕੀਤੀ ਗਈ ਅਤੇ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਪਹਿਲੀ ਡੋਜ਼ ਦਾ 100 ਪ੍ਰਤੀਸ਼ਤ ਟੀਕਾਕਰਨ ਦਾ ਟੀਚਾ ਪੂਰਾ ਕਰਨ ਸਬੰਧੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 20 ਫਰਵਰੀ ਨੂੰ ਜ਼ਿਲ੍ਹੇ ਦੇ ਯੋਗ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਟੀਕਾਕਰਨ ਮੁਹਿੰਮ ਦੇ ਵਿੱਚ ਵੀ ਸਿਹਤ ਵਿਭਾਗ ਦਾ ਸਹਿਯੋਗ ਦਿੰਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਜਿਹੜੇ 5 ਪ੍ਰਤੀਸ਼ਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ ਉਹ ਵੀ ਅੱਗੇ ਆ ਕੇ ਆਪਣਾ ਟੀਕਾ ਕਰਵਾਉਣ ਤਾਂ ਜੋ ਪਹਿਲੀ ਡੋਜ਼ ਦੇ 100 ਪ੍ਰਤੀਸ਼ਤ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਅੱਜ ਵੀ ਸਿਹਤ ਵਿਭਾਗ ਵੱਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਉਟਰੀਚ ਬਿਊਰੋ ਦੇ ਸਹਿਯੋਗ ਦੇ ਨਾਲ ਪਿੰਡ ਪੀਰ ਇਸਮਾਇਲ ਖਾਂ ਦੇ ਸਕੂਲ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ। ਇਸ ਦੌਰਾਨ ਟੀਕਾ ਲਗਵਾਉਣ ਸਬੰਧੀ ਜਾਗਰੂਕ ਕਰਨ ਲਈ “ਆਈ.ਐੱਮ.ਵੈਕਸੀਨੇਟਿਡ” ਲਿਖੀਆਂ ਵਿਸ਼ੇਸ਼ ਟੋਪੀਆਂ ਵੀ ਵੰਡੀਆਂ ਗਈਆਂ। ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ, ਸਕੂਲ ਦੀ ਪ੍ਰਿੰਸੀਪਲ ਸੋਨੀਆ ਸਿੱਧੂ ਅਤੇ ਡਾ. ਹਰਪ੍ਰੀਤ ਨੇ ਟੀਕਾ ਲਗਵਾਉਣ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬਿਊਰੋ ਦੇ ਤਕਨੀਕੀ ਸਹਾਇਕ ਡਾ. ਕਵੀਸ਼ ਦੱਤ, ਡਾ. ਅਮਨਦੀਪ, ਫਾਰਮੈਸੀ ਅਧਿਕਾਰੀ ਅਮਰੀਕ ਸਿੰਘ ਅਤੇ ਸਟਾਫ ਨਰਸ ਰਮਨਦੀਪ ਕੌਰ ਵੀ ਮੌਜੂਦ ਸਨ।