ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮੀਡੀਆ ਪਾਸੋਂ ‘ਪੇਡ ਨਿਊਜ਼’ ’ਤੇ ਰੋਕ ਵਿੱਚ ਸਹਿਯੋਗ ਦੀ ਮੰਗ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਮੀਡੀਆ ਪਾਸੋਂ ‘ਪੇਡ ਨਿਊਜ਼’ ’ਤੇ ਰੋਕ ਵਿੱਚ ਸਹਿਯੋਗ ਦੀ ਮੰਗ
- ਇਲੈਕਟ੍ਰੋਨਿਕ ਮੀਡੀਆ ਤੇ ਸਿਆਸੀ ਇਸਤਿਹਾਰਬਾਜੀ ਲਈ ਪੂਰਵ ਪ੍ਰਵਾਨਗੀ ਲਾਜਮੀ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 9 ਜਨਵਰੀ 2022
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਨੇ ‘ਪੇਡ ਨਿਊਜ਼’ (ਮੁੱਲ ਦੀਆਂ ਖ਼ਬਰਾਂ) ਦੇ ਮਾੜੇ ਰੁਝਾਨ ਦੀ ਰੋਕਥਾਮ ਲਈ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਮੀਡੀਆ ਦੇ ਪ੍ਰਤੀਨਿਧਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ।ਉਨ੍ਹਾਂ ਨੇ ਇਸ ਸੰਬਧੀ ਫਾਜਿ਼ਲਕਾ ਦੇ ਮੀਡੀਆ ਦੇ ਨੁੰਮਾਇੰਦਿਆਂ ਨਾਲ ਇਸ ਸਬੰਧੀ ਬੈਠਕ ਵੀ ਕੀਤੀ।
ਉਨ੍ਹਾਂ ਆਖਿਆ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਪਿ੍ਰੰਟ/ਇਲੈਕਟ੍ਰਾਨਿਕ/ਸੋ਼ਸਲ ਮੀਡੀਆ ਵਿੱਚ ਪੈਸੇ ਦੇ ਕੇ ਮਤਦਾਤਾਵਾਂ ਨੂੰ ਭਰਮਾਉਣ ਹਿੱਤ ਲਵਾਈਆਂ ਜਾਂਦੀਆਂ ਖ਼ਬਰਾਂ ਨੂੰ ਅਨੈਤਿਕ ਕਰਾਰ ਦਿੰਦਿਆਂ ਇਸ ਨੂੰ ਰੋਕਣ ਲਈ ਬਹੁਤ ਸਾਰੇ ਯਤਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਮੀਡੀਆ ਸਰਟੀਫ਼ਿਕੇਸ਼ਨ ਤੇ ਮਾਨੀਟਰਿੰਗ ਕਮੇਟੀਆਂ (ਐਮ.ਸੀ.ਐਮ.ਸੀ.) ਦਾ ਗਠਨ ਕੀਤਾ ਗਿਆ ਹੈ ਜੋ ਕਿ ਸ਼ੱਕੀ ‘ਪੇਡ ਨਿਊਜ਼’ ਮਿਲਣ ’ਤੇ ਤੁਰੰਤ ਸਬੰਧਤ ਆਰ.ਓ. ਰਾਹੀਂ ਸਬੰਧਤ ਉਮੀਦਵਾਰ/ਪਾਰਟੀ ਨੂੰ ਨੋਟਿਸ ਜਾਰੀ ਕਰਵਾਉਣਗੀਆਂ। ਰਿਟਰਨਿੰਗ ਅਫ਼ਸਰ ਪਾਸੋਂ ਨੋਟਿਸ ਮਿਲਣ ਬਾਅਦ ਉਮੀਦਵਾਰ ਨੂੰ 48 ਘੰਟੇ ਵਿੱਚ ਜੁਆਬ ਦੇਣਾ ਪਵੇਗਾ। ਜੁਆਬ ਨਾ ਆਉਣ ’ਤੇ ਇਸ ਨੂੰ ‘ਪੇਡ ਨਿਊਜ਼’ ਮੰਨ ਲਿਆ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਖਰਚ ਉਮੀਦਵਾਰ ਦੇ ਖਾਤੇ ਵਿੱਚ ਪਾ ਕੇ, ਚੋਣ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਕਮੇਟੀ ਦੇ ਫੈਸਲੇ ਦੇ ਖਿਲਾਫ਼ ਅਗਲੇ 48 ਘੰਟਿਆਂ ਵਿੱਚ ਰਾਜ ਪੱਧਰੀ ਐਮ.ਸੀ.ਐਮ.ਸੀ. ਕੋਲ ਅਪੀਲ ਕਰ ਸਕਦਾ ਹੈ, ਜੋ ਕਿ 96 ਘੰਟੇ ਵਿੱਚ ਅਪੀਲ ’ਤੇ ਫੈਸਲਾ ਸੁਣਾਏਗੀ। ਰਾਜ ਪੱਧਰੀ ਐਮ.ਸੀ.ਐਮ.ਸੀ. ਦੇ ਫ਼ੈਸਲੇ ਖਿਲਾਫ਼ ਕੇਵਲ ਭਾਰਤ ਦੇ ਚੋਣ ਕਮਿਸ਼ਨ ਕੋਲ ਹੀ ਅਪੀਲ ਕੀਤੀ ਜਾ ਸਕਦੀ ਹੈ ਤੇ ਉਸਦਾ ਨਿਰਣਾ ਅੰਤਮ ਹੋਵੇਗਾ।
ਸ੍ਰੀਮਤੀ ਬਬੀਤਾ ਕਲੇਰ ਨੇ ਅੱਗੇ ਦੱਸਿਆ ਕਿ ਇਲੈਕਟ੍ਰਾਨਿਕ ਮੀਡੀਆ (ਸਮੇਤ ਆਨ ਲਾਈਨ ਪੇਪਰ, ਰੇਡੀਓ, ਟੀ.ਵੀ., ਸਿਨੇਮਾ ਹਾਲ ਅਤੇ ਸੋਸ਼ਲ ਮੀਡੀਆ ਤੇ ਬਲਕ/ਵਾਇਸ ਮੈਸੇਜਜ਼ ਆਨ ਮੋਬਾਇਲ) ਵਿਚ ਇਸਤਿਹਾਰ ਦੇਣ ਵਾਸਤੇ ਉਮੀਦਵਾਰ ਲਈ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਤੋਂ ਪ੍ਰੀ-ਸਰਟੀਫ਼ਿਕੇਸ਼ਨ ਲਾਜ਼ਮੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਰਜਿਸਟ੍ਰਡ ਰਾਸ਼ਟਰੀ/ਸੂਬਾਈ ਪਾਰਟੀ ਵਾਸਤੇ ਤਜ਼ਵੀਜ਼ਤ ਪ੍ਰਸਾਰਣ ਦੀ ਮਿਤੀ ਤੋਂ ਤਿੰਨ ਦਿਨ ਪਹਿਲਾਂ ਅਤੇ ਵਿਅਕਤੀਗਤ ਜਾਂ ਅਣਰਜਿਸਟ੍ਰਡ ਪਾਰਟੀ ਦੇ ਮਾਮਲੇ ਵਿੱਚ 7 ਦਿਨ ਤੋਂ ਪਹਿਲਾਂ ਅਰਜ਼ੀ ਨਹੀਂ ਦਿੱਤੀ ਜਾ ਸਕਦੀ। ਅਰਜ਼ੀ ਨਾਲ ਸਬੰਧਤ ਪ੍ਰਸਾਰਣ ਜਾਂ ਇਸ਼ਤਿਹਾਰ ਦੀ ਲਿਖਤੀ ਤੇ ਰਿਕਾਰਡਡ ਕਾਪੀ ਲਾਜ਼ਮੀ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਕੇਬਲ ਅਪਰੇਟਰਾਂ, ਸੋਸ਼ਲ ਮੀਡੀਆ, ਵੈਬ ਚੈਨਲਾਂ, ਵੈਬ ਸਾਇਟਾਂ, ਵਟਸਅੱਪ ਗਰੁਪਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਰਾਜਸੀ ਪਾਰਟੀ/ਉਮੀਦਵਾਰ ਦਾ ਰਾਜਸੀ ਇਸ਼ਤਿਹਾਰ ਚਲਾਉਣ ਤੋਂ ਪਹਿਲਾਂ ਉਸ ਪਾਸੋਂ ਅਜਿਹੀ ਪ੍ਰਵਾਨਗੀ ਦੀ ਕਾਪੀ ਜ਼ਰੂਰ ਪ੍ਰਾਪਤ ਕਰਨ।ਉਨ੍ਹਾਂ ਨੇ ਇਸ ਮੌਕੇ ਸਿਆਸੀ ਪਾਰਟੀਆਂ ਅਤੇ ਚੋਣਾਂ ਲੜਨ ਜਾ ਰਹੇ ਊਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।
ਇਸ ਮੌਕੇ ਐਸਐਸਪੀ ਸ੍ਰੀ ਸੰਦੀਪ ਗੁਪਤਾ ਅਤੇ ਚੋਣ ਤਹਿਸੀਲਦਾਰ ਬਲਵਿੰਦਰ ਸਿੰਘ ਵੀ ਮੌਜੂਦ ਸਨ।