ਜ਼ਿਲਾ ਬਰਨਾਲਾ ’ਚ ਪੋਸਟਲ ਬੈਲਟ ਰਾਹੀਂ ਵੋਟ ਵਾਲੇ 994 ਦਿਵਿਆਂਗ ਤੇ ਬਜ਼ੁਰਗ ਵੋਟਰ
ਜ਼ਿਲਾ ਬਰਨਾਲਾ ’ਚ ਪੋਸਟਲ ਬੈਲਟ ਰਾਹੀਂ ਵੋਟ ਵਾਲੇ 994 ਦਿਵਿਆਂਗ ਤੇ ਬਜ਼ੁਰਗ ਵੋਟਰ
–ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਪੂਰੀ ਪ੍ਰਕਿਰਿਆ ਦੀ ਕਰਵਾਈ ਜਾਂਦੀ ਹੈ ਵੀਡੀਓਗ੍ਰਾਫੀ: ਜ਼ਿਲਾ ਚੋਣ ਅਫਸਰ
ਰਵੀ ਸੈਣ,ਬਰਨਾਲਾ, 9 ਫਰਵਰੀ 2022
ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਲਈ ਅਪਲਾਈ ਕਰਨ ਵਾਲੇ 80 ਸਾਲ ਤੋਂ ਉਪਰ ਦੇ ਬਜ਼ੁਰਗ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਦੀ ਗਿਣਤੀ 994 ਹੈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਹਰ ਵੋਟਰ ਨੂੰ ਵੋਟ ਪਾਉਣ ਦੀ ਸੁਵਿਧਾ ਦੇਣ ਵਾਸਤੇ ਇਸ ਵਾਰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਹੈ। ਇਸ ਵਾਸਤੇ ਵੋਟਰਾਂ ਨੇ ਆਪਣੇ ਬੀਐਲਓ ਰਾਹੀਂ 12 ਡੀ ਫਾਰਮ ਭਰਿਆ ਹੈ। ਇਸ ਮਗਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਵਾਉਣ ਵਾਸਤੇ ਟੀਮਾਂ ਬਣਾਈਆਂ ਗਈਆਂ ਹਨ, ਜਿਨਾਂ ਵੱਲੋਂ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਂਦੀ ਹੈ।
ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਤੇ ਭਦੌੜ ਲਈ ਪੋਸਟਲ ਬੈਲਟ ਰਾਹੀਂ ਵੋਟਿੰਗ ਅੱਜ ਮੁਕੰਮਲ ਹੋ ਗਈ ਹੈ, ਜਦੋਂਕਿ ਬਰਨਾਲਾ ਹਲਕੇ ’ਚ 11 ਫਰਵਰੀ, 12 ਫਰਵਰੀ ਤੇ 14 ਫਰਵਰੀ ਨੂੰ ਹੋਵੇਗੀ। ਉਨਾਂ ਦੱਸਿਆ ਕਿ ਇਸ ਵਾਸਤੇ ਬਣਾਈਆਂ ਟੀਮਾਂ ਵਿਚ ਪ੍ਰੀਜ਼ਾਈਡਿੰਗ ਅਫਸਰ, ਸਹਾਇਕ ਪ੍ਰੀਜ਼ਾਈਡਿੰਗ ਅਫਸਰ, ਕੈਮਰਾਮੈਨ, ਮਾਈਕ੍ਰੋ ਆਬਜ਼ਰਵਰ ਤੇ ਦੋ ਸੁਰੱਖਿਆ ਗਾਰਡ ਹੁੰਦੇ ਹਨ, ਜੋ ਪੋਸਟਲ ਬੈਲਟ ਰਾਹੀਂ ਵੋਟ ਦੀ ਆਪਸ਼ਨ ਅਪਲਾਈ ਕਰਨ ਵਾਲੇ ਵੋਟਰ ਦੇ ਘਰ ਵੋਟ ਪਵਾਉਣ ਲਈ ਜਾਂਦੇ ਹਨ ਤੇ ਇਸ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਂਦੀ ਹੈ।
ਉਨਾਂ ਦੱਸਿਆ ਕਿ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ 80 ਸਾਲ ਤੋਂ ਵੱਧ ਉਮਰ ਦੇ ਅਤੇ ਦਿਵਿਆਂਗ ਵੋਟਰ, ਜਿਨਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਫਾਰਮ ਭਰਿਆ ਹੈ, ਦੀ ਗਿਣਤੀ 994 ਹੈ। ਇਨਾਂ ਵਿਚੋਂ 847 ਵੋਟਰ 80 ਸਾਲ ਤੋਂ ਵੱਧ ਉਮਰ ਵਾਲੇ ਅਤੇ 147 ਦਿਵਿਆਂਗ ਹਨ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਭਦੌੜ ’ਚੋਂ 80 ਸਾਲ ਤੋਂ ਬਜ਼ੁਰਗ 315 ਵੋਟਰ ਅਤੇ ਦਿਵਿਆਂਗ 43 ਹਨ। ਹਲਕਾ ਬਰਨਾਲਾ ਤੋਂ 80 ਸਾਲ ਤੋਂ ਵੱਧ 320 ਅਤੇ ਦਿਵਿਆਂਗ 87 ਹਨ। ਮਹਿਲ ਕਲਾਂ ਹਲਕੇ ਤੋਂ 80 ਸਾਲ ਤੋਂ ਵੱਧ ਵਾਲੇ 212 ਅਤੇ ਦਿਵਿਆਂਗ 17 ਵੋਟਰ ਹਨ, ਜਿਨਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਅਪਲਾਈ ਕੀਤਾ ਹੈ। ਉਨਾਂ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਵਾਲਾ ਵਿਅਕਤੀ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਨਹੀਂ ਪਾ ਸਕਦਾ।