ਹੁਸੈਨੀਵਾਲਾ ‘ਚ 100 ਸਾਲ ਪੁਰਾਣੇ ਰੈਸਟ ਹਾਊਸ ਨੂੰ ਪੁਰਾਣੀ ਦਿੱਖ ਵਿੱਚ ਰੈਸਟੋਰੈਂਟ ਵਜੋਂ ਕੀਤਾ ਜਾ ਰਿਹਾ ਹੈ ਮੁੜ ਸੁਰਜੀਤ
ਵਧੀਆ ਪਾਰਕ ਪਿਕਨਿਕ ਸਪਾਟ ਵਜੋਂ ਵਿਕਸਿਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ
ਰਿਟ੍ਰੀਟ ਸੈਰੇਮਨੀ ਦੇਖਣ ਲਈ ਬਾਹਰੋਂ ਆਉਣ ਵਾਲੇ ਸੈਲਾਨੀਆਂ ਲਈ ਵੀ ਬਣੇਗਾ ਖਿੱਚ ਦਾ ਕੇਂਦਰ
ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਬੈਠਕ ਰਾਹੀਂ ਵੱਖੋ-ਵੱਖ ਸੰਸਥਾਵਾਂ ਤੇ ਐਨ ਜੀ ਓਜ ਦੇ ਮੈਂਬਰਾਂ ਦੇ ਲਏ ਕੀਮਤੀ ਸੁਝਾਅ
ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ 30 ਨਵੰਬਰ 2021
ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਲਈ ਹੁਸੈਨੀਵਾਲਾ ਵਿਖੇ ਸਥਿਤ ਲਗਭਗ 100 ਸਾਲ ਪੁਰਾਣੇ ਰੈਸਟ ਹਾਊਸ ਨੂੰ ਉਸੇ ਦਿੱਖ ਵਿੱਚ ਰੈਸਟੋਰੈਂਟ ਵਜੋਂ ਤੇ ਪਾਰਕ ਪਿਕਨਿਕ ਸਪਾਟ ਵਜੋਂ ਵਿਕਸਿਤ ਕਰਨ ਦੇ ਮੰਤਵ ਨਾਲ ਜਿਲ੍ਹੇ ਦੀਆਂ ਵੱਖੋ-ਵੱਖ ਸੰਸਥਾਵਾਂ ਤੇ ਐਨ.ਜੀ.ਓਜ਼. ਦੇ ਮੈਂਬਰਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਦੇ ਕੀਮਤੀ ਸੁਝਾਅ ਲਏ ਗਏ। ਇਸ ਮੌਕੇ ‘ਤੇ ਫਿਰੋਜ਼ਪੁਰ ਦੇ ਐਸ.ਡੀ.ਐਮ. ਓਮ ਪ੍ਰਕਾਸ਼ ਵੀ ਮੌਜੂਦ ਸਨ।
ਹੁਸੈਨੀਵਾਲਾ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ‘ਤੇ ਮੌਜੂਦ ਲਗਭਗ ਇਕ ਸਦੀ ਪੁਰਾਣੀ ਇਤਿਹਾਸਕ ਰੈਸਟ ਹਾਊਸ ਦੀ ਇਮਾਰਤ ਨੂੰ ਮੁੜ ਸੁਰਜੀਤ ਕਰਕੇ ਪਾਰਕ / ਪਿਕਨਿਕ ਸਪਾਟ ਤੇ ਰੈਸਟੋਰੈਂਟ ਵਿਕਸਿਤ ਕੀਤਾ ਜਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸੇ ਮੰਤਵ ਨਾਲ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਤੋਂ ਇਸ ਨੂੰ ਹੋਰ ਵੀ ਜ਼ਿਆਦਾ ਆਕਰਸ਼ਿਤ ਤੇ ਵਧੀਆ ਰੂਪ ਵਿੱਚ ਵਿਕਸਿਤ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਤੋਂ ਕੀਮਤੀ ਸੁਝਾਅ ਲਏ ਗਏ।
ਇਸ ਮੌਕੇ ਸਾਰੇ ਮੌਜੂਦ ਪਤਵੰਤਿਆਂ ਵੱਲੋਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਸ ਇਤਿਹਾਸਕ ਸਥਾਨ ਨੂੰ ਹੋਰ ਵੀ ਵਧੀਆ ਰੂਪ ਚ ਵਿਕਸਿਤ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੇ ਇਸ ਵਿਚ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਪਣਾ-ਅਪਣਾ ਯੋਗਦਾਨ ਪਾਉਣ ਦਾ ਭਰੋਸਾ ਵੀ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਥਾਨ ਨੂੰ ਪਾਰਕ ਪਿਕਨਿਕ ਸਪਾਟ ਵਜੋਂ ਉਭਾਰੇ ਜਾਣ ਦੀ ਜ਼ਰੂਰਤ ਸੀ ਜਿੱਥੇ ਲੋਕ ਰੋਜ਼ਮਰਾ ਦੀ ਜ਼ਿੰਦਗੀ ਤੋਂ ਕੁਝ ਸਮਾਂ ਕੱਢ ਕੇ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਵਿਹਲਾ ਸਮਾਂ ਬਤੀਤ ਕਰ ਕੇ ਤਨਾਅ ਮੁਕਤ ਹੋ ਸਕਣ। ਉਨ੍ਹਾਂ ਕਿਹਾ ਕਿ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੁਸੈਨੀਵਾਲਾ ਬਾਰਡਰ ‘ਤੇ ਆਧੁਨਿਕ ਪਾਰਕ ਵਿਕਸਤ ਕੀਤਾ ਜਾ ਰਿਹਾ ਹੈ ਜਿੱਥੇ ਲਾਇਟ ਐਂਡ ਸਾਊਂਡ, ਖਾਣ ਪੀਣ ਲਈ ਰੈਸਟੋਰੈਂਟ, ਵੱਖ-ਵੱਖ ਕਿਸਮ ਦੇ ਸੁੰਦਰ ਰੁੱਖ, ਕਲੀਆਂ ਬੂਟੇ, ਫੁੱਲ-ਬੂਟੇ ਆਦਿ ਤੋਂ ਇਲਾਵਾ ਵਧੀਆ ਝੂਲੇ, ਬੈਂਚ, ਵਧੀਆ ਪਗਡੰਡੀ ਆਦਿ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਇਸ ਇਤਿਹਾਸਕ ਇਮਾਰਤ ਤੇ ਪਾਰਕ / ਪਿਕਨਿਕ ਸਪਾਟ ਨੂੰ ਜਲਦੀ ਹੀ ਮੁਕੰਮਲ ਕਰ ਦਿੱਤਾ ਜਾਵੇਗਾ।