ਹੁਣ ਸ਼ਹਿਰ ਦੇ ਦੁਕਾਨਦਾਰਾਂ ਤੇ ਸ਼ਿਕੰਜਾ ਕਸਣ ਦੀ ਤਿਆਰੀ !
ਹਰਿੰਦਰ ਨਿੱਕਾ , ਬਰਨਾਲਾ 3 ਮਈ 2022
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦਾ ਹੁਣ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਤੇ ਸ਼ਿਕੰਜਾ ਕਸਣ ਦੀ ਤਿਆਰੀ ਕਰ ਲਈ ਗਈ ਹੈ। ਨਗਰ ਕੌਂਸਲ ਦੇ ਈ.ਉ. ਨੇ ਲੰਘੀ ਕੱਲ੍ਹ ਮੁਨਾਦੀ ਨੋਟਿਸ ਜ਼ਾਰੀ ਕਰਕੇ ਕਿਹਾ ਹੈ ਕਿ ਜਿਸ ਵੀ ਦੁਕਾਨਦਾਰ ਨੇ ਆਪਣੀ ਦੁਕਾਨ ਤੋਂ ਅੱਗੇ ਸਮਾਨ ਰੱਖਿਆ ਹੋਇਆ ਹੈ। ਜਿਸ ਨਾਲ ਟ੍ਰੈਫਿਕ ਵਿੱਚ ਵਿਘਨ ਪੈਂਦਾ ਹੈ , ਉਸ ਸਮਾਨ ਨੂੰ ਮਿਤੀ 03-05-2022 ਅਤੇ 04-05-2022 ਦੋ ਦਿਨਾਂ ਦੇ ਅੰਦਰ ਅੰਦਰ ਤੱਕ ਚੁੱਕ ਲਿਆ ਜਾਵੇ । ਜੇਕਰ ਦੁਕਾਨਦਾਰ ਅਜ਼ਿਹਾ ਨਹੀਂ ਕਰਨਗੇ ਤਾਂ ਉਨਾਂ ਦਾ ਸਮਾਨ ਨਗਰ ਕੌਂਸਲ ਬਰਨਾਲਾ ਵੱਲੋਂ ਜਬਤ ਕਰ ਲਿਆ ਜਾਵੇਗਾ। ਜਿਸ ਦੀ ਜਿੰਮੇਵਾਰੀ ਨਿੱਜੀ ਤੌਰ ਤੇ ਦੁਕਾਨਦਾਰ ਦੀ ਹੀ ਹੋਵੇਗੀ। ਈ.ਉ. ਵੱਲੋਂ ਜਾਰੀ ਹੁਕਮ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਦੁਕਾਨਦਾਰ ਦਾ ਦੁਕਾਨ ਤੋਂ ਬਾਹਰ ਪਿਆ, ਚੁੱਕ ਕੇ ਜਬਤ ਕੀਤਾ ਹੋਇਆ ਸਮਾਨ ਵਾਪਿਸ ਨਹੀਂ ਕੀਤਾ ਜਾਵੇਗਾ । ਨਗਰ ਕੌਂਸਲ ਦੇ ਇਸ ਨਵੇਂ ਹੁਕਮਾਂ ਨੇ ਦੁਕਾਨਦਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ ਕਰ ਦਿੱਤੀਆਂ ਹਨ।
ਰੇਹੜੀ ਫੜ੍ਹੀ ਵਾਲਿਆਂ ਤੇ ਵੀ ਹੋਊ ਕਾਰਵਾਈ ?
ਬੇਸ਼ੱਕ ਨਗਰ ਕੌਂਸਲ ਦੇ ਈ.ਉ. ਵੱਲੋਂ ਜ਼ਾਰੀ ਮੁਨਾਦੀ ਨੋਟਿਸ ਵਿੱਚ ਬਜਾਰਾਂ ਵਿੱਚ ਖੜ੍ਹਦੀਆਂ ਰੇਹੜੀਆਂ ਅਤੇ ਫੜ੍ਹੀ ਵਾਲਿਆਂ ਬਾਰੇ ਕੁੱਝ ਵੀ ਨਹੀਂ ਕਿਹਾ ਗਿਆ। ਪਰੰਤੂ ਈ.ਉ. ਦੇ ਮੁਨਾਦੀ ਨੋਟਿਸ ਤੋਂ ਬਾਅਦ ਸ਼ਹਿਰ ਅੰਦਰ ਵੱਖਰੀ ਕਿਸਮ ਦੀ ਚਰਚਾ ਵੀ ਛਿੜ ਗਈ ਹੈ ਕਿ ਜੇਕਰ ਦੁਕਾਨਦਾਰ ਆਪਣੀ ਹੀ ਦੁਕਾਨ ਤੋਂ ਬਾਹਰ, ਆਪਣਾ ਸਮਾਨ ਨਹੀਂ ਰੱਖ ਸਕਦੇ, ਤਾਂ ਫਿਰ ਸੜ੍ਹਕ ਤੇ ਲੱਗਦੀਆਂ ਰੇਹੜੀਆਂ / ਫੜ੍ਹੀਆਂ ਵਾਲਿਆਂ ਬਾਰੇ ਨਗਰ ਪ੍ਰਸ਼ਾਸ਼ਨ ਦਾ ਕੀ ਰੁੱਖ ਹੋਵੇਗਾ। ਉੱਧਰ ਕੁੱਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਆਮ ਆਦਮੀ ਦੀ ਸਰਕਾਰ ਬਣਨ ਤੋਂ ਇਹੋ ਜਿਹੀ ਉਮੀਦ ਨਹੀਂ ਸੀ ਕਿ ਉਨਾਂ ਦਾ ਕਾਨੂੰਨੀ ਕੁਹਾੜਾ ਆਮ ਲੋਕਾਂ ਤੇ ਹੀ ਚੱਲੂ । ਸ਼ਹਿਰ ਦੇ ਦੁਕਾਨਦਾਰ ਰਾਮ ਲਾਲ ਜਿੰਦਲ , ਗੋਰਾ ਲਾਲ ਗਰਗ , ਮਹੇਸ਼ ਕੁਮਾਰ ਮੇਸ਼ੀ , ਮਨੀਸ਼ ਕੁਮਾਰ ਮਿੱਤਲ ਤੇ ਰਾਕੇਸ਼ ਕੁਮਾਰ ਗੋਗੀ ਦਾ ਕਹਿਣਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਸਿਰਫ ਦੁਕਾਨਾਂ ਦੇ ਬਾਹਰ ਪਏ ਸਮਾਨ ਕਰਕੇ ਨਹੀਂ ਹੈ , ਸਗੋਂ ਟ੍ਰੈਫਿਕ ਦੀ ਸਮੱਸਿਆ , ਸ਼ਹਿਰ ਦੇ ਕਿਸੇ ਵੀ ਬਜਾਰ ਵਿੱਚ ਵਾਹਨ ਪਾਰਕਿੰਗ ਦੀ ਕੋਈ ਵਿਵਸਥਾ ਨਾ ਹੋਣ ਕਰਕੇ ਹੀ ਪੈਦਾ ਹੁੰਦੀ ਹੈ। ਉਨਾਂ ਕਿਹਾ ਕਿ ਬਜਾਰਾਂ ਵਿੱਚ ਵੱਡੀ ਸੰਖਿਆ ਵਿੱਚ ਖੜ੍ਹੀਆਂ ਕਾਰਾਂ/ਮੋਟਰਸਾਈਕਲਾਂ ਤੇ ਹੋਰ ਵਾਹਨਾਂ ਕਰਕੇ, ਦੁਕਾਨਦਾਰਾਂ ਅਤੇ ਗ੍ਰਾਹਕਾਂ ਨੂੰ ਦੁਕਾਨਾਂ ਵਿੱਚ ਆਉਣ/ਜਾਣ ਜਿੰਨੀ ਥਾਂ ਵੀ ਨਹੀਂ ਮਿਲਦੀ। ਉਨਾਂ ਕਿਹਾ ਕਿ ਦੁਕਾਨਦਾਰਾਂ ਤੇ ਸ਼ਿਕੰਜਾ ਕਸਣ ਦੀ ਬਜਾਏ ਨਗਰ ਪ੍ਰਬੰਧਕਾਂ ਨੂੰ ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਨੂੰ ਕੰਟ੍ਰੋਲ ਕਰਨ ਲਈ, ਤਰਜੀਹੀ ਤੌਰ ਤੇ ਪਾਰਕਿੰਗ ਦਾ ਪ੍ਰਬੰਧ ਕਰਨ ਦੀ ਲੋੜ ਹੈ । ਪਾਰਕਿੰਗ ਦੇ ਪ੍ਰਬੰਧ ਨਾਲ, ਜਿੱਥੇ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇਗੀ, ਉੱਥੇ ਹੀ ਦੁਕਾਨਦਾਰਾਂ ਤੇ ਗ੍ਰਾਹਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।