ਹੁਣ ਖੋਖਿਆਂ ਵਾਲਿਆਂ ਨੇ ਖੋਲ੍ਹਿਆ ਪ੍ਰਸ਼ਾਸ਼ਨ ਖਿਲਾਫ ਮੋਰਚਾ,ਕਿਹਾ ! ਕਾਨੂੰਨ ਅਨੁਸਾਰ ਲੇ-ਆਉਟ ਪਲਾਨ ਕਰੋ ਤਿਆਰ
ਮੌਜੂਦਾ ਖੋਖਾ ਧਾਰਕਾਂ ਦੀ ਸੂਚੀ ਨਵੇਂ ਸਿਰਿਉਂ ਤਿਆਰ ਕਰਨ ਦੀ ਕੀਤੀ ਮੰਗ
ਬੇਅੰਤ ਸਿੰਘ ਬਾਜਵਾ , ਬਰਨਾਲਾ 16 ਫਰਵਰੀ 2023
ਕਚਹਿਰੀ ਕੰਪਲੈਕਸ ਦੇ ਖੋਖਾ ਧਾਰਕਾਂ ਵੱਲੋਂ ਖੋਖਿਆਂ ਲਈ ਕਾਨੂੰਨ ਅਨੁਸਾਰ ਲੇ-ਆਊਟ ਪਲਾਨ ਤਿਆਰ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ । ਸਮੂਹ ਖੋਖਾ ਧਾਰਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਯੂਨੀਅਨ ਬਰਨਾਲਾ ਦੇ ਪ੍ਰਧਾਨ ਹੀਰਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਤਹਿਸੀਲਦਾਰ ਬਰਨਾਲਾ ਵੱਲੋ ਜਾਰੀ ਪੱਤਰ ਨੰਬਰ 32/ਨਾਜਰ ਮਿਤੀ 7.2.2023 ,ਜਿਸ ਨੂੰ ਮਿਤੀ 8.2.2023 ਰਾਂਹੀ ਸਿਰਫ 44 ਖੋਖਾ ਧਾਰਕਾਂ ਦਾ ਨਾਮ ਦਰਜ ਕਰਕੇ ਨੋਟ ਕਰਵਾਇਆ ਗਿਆ ਹੈ। ਜਦੋਂ ਕਿ ਬਰਨਾਲਾ ਕਚਹਿਰੀ ਅੰਦਰ ਖੋਖਾ ਧਾਰਕਾਂ ਦੀ ਗਿਣਤੀ 77 ਹੈ । ਲਿਸਟ ਵਿੱਚ ਨੰਬਰ 4 ਪਰ ਦਰਜ ਸੁਨੀਲ ਕੁਮਾਰ ਪੁੱਤਰ ਮਦਨ ਲਾਲ ਅਤੇ ਲੜੀ ਨੰਬਰ 41 ਵਿੱਚ ਦਰਜ ਮੁਕੇਸ ਕੁਮਾਰ ਪੁੱਤਰ ਸ੍ਰੀ ਪ੍ਰੇਮ ਕੁਮਾਰ ਕੰਪਲੈਕਸ ਵਿੱਚ ਬੈਠਦੇ ਹੀ ਨਹੀਂ ਹਨ। ਇਸੇ ਤਰ੍ਹਾਂ ਲੜੀ ਨੰਬਰ 11 ਵਿੱਚ ਪਰਵੀਨ ਕੁਮਾਰ ਪੁੱਤਰ ਕੇਵਲ ਕਰਿਸਨ ਜੋ ਅਸ਼ਟਾਮ ਫਰੋਸ ਹੈ ਅਤੇ ਲੜੀ ਨੰਬਰ 13 ਵਿੱਚ ਇੰਦਰਜੀਤ ਸਿੰਘ ਪੁੱਤਰ ਹਰਗੋਪਾਲ ਸਿੰਘ ਕੰਪਲੈਕਸ ਦੇ ਬਾਹਰ ਸਾਹਮਣੇ ਵਾਲੀ ਸਾਇਡ ਆਪਣੀ ਮਾਲਕੀ ਦੀ ਪੱਕੀ ਦੁਕਾਨ ਵਿੱਚ ਕੰਮ ਕਰਦੇ ਹਨ, ਨੂੰ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਲੈਕਸ ਦੇ ਵਿੱਚ ਖੋਖਾ/ਕੈਬਨ ਬਣਾ ਕੇ ਕੰਮ ਕਰਦੇ 33 ਖੋਖਾ ਧਾਰਕਾਂ ਜਿੰਨਾਂ ਵਿੱਚੋ 9 ਖੋਖਾ ਧਾਰਕਾਂ ਪਾਸ ਪਹਿਲਾ ਹੀ ਜਿਲ੍ਹਾ ਪ੍ਰਸਾਸਨ ਵੱਲੋਂ ਮਨਜੂਰੀ ਹਾਸਲ ਹੈ, ਨੂੰ ਛੱਡ ਦਿੱਤਾ ਗਿਆ ਹੈ।
ਪ੍ਰਧਾਨ ਹੀਰਾ ਸਿੰਘ ਨੇ ਆਖਿਆ ਕਿ ਖੋਖਾ ਧਾਰਕਾਂ ਵੱਲੋ ਆਪਣਾ ਕਿਰਾਇਆ ਭਰਨ ਲਈ ਵਾਰ ਵਾਰ ਸੰਬੰਧਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ, ਪ੍ਰੰਤੂ ਸਬੰਧਤ ਬਰਾਂਚ ਵੱਲੋਂ ਕਿਰਾਇਆ ਨਹੀਂ ਲਿਆ ਜਾ ਰਿਹਾ ਹੈ, ਜਦੋਂ ਕਿ ਸਬ ਡਵੀਜਨਲ ਮੈਜਿਸਟਰੇਟ ਬਰਨਾਲਾ ਵੱਲੋਂ ਫਰਵਰੀ 2022 ਵਿੱਚ ਕਿਰਾਇਆ ਭਰਾਉਣ ਸੰਬੰਧੀ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ।ਪਰੰਤੂ ਵਸੀਕਾ ਨਵੀਸਾਂ ਤੋ ਇਹ ਕਿਰਾਇਆ ਮਿਤੀ 31.12.2027 ਤੱਕ ਪੇਸਗੀ ਵਸੂਲਿਆ ਜਾ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਡਰਾਅ ਵਿੱਚ ਇਨ੍ਹਾਂ ਚਾਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ ਅਤੇ ਇੱਕ ਖੋਖੇ ਵਿੱਚ ਬੈਠੇ ਕਈ ਖੋਖਾ ਧਾਰਕਾਂ ਨੂੰ ਨਿਯਮਾਂ ਨੂੰ ਅਣਦੇਖਿਆਂ ਕਰਕੇ, ਦੋ-ਦੋ ਖੋਖੇ ਵੀ ਅਲਾਟ ਕੀਤੇ ਗਏ ਹਨ । ਇਸ ਤਰਾਂ ਕਰਕੇ ਪੁਨਰਵਾਸ ਦੀ ਨੀਤੀ ਨੂੰ ਤੋੜਿਆ ਗਿਆ ਹੈ ਜੋ ਲੇ-ਆਉਟ ਪਲਾਨ ਮੌਕਾ ਪਰ ਦਿਖਾਇਆ ਗਿਆ। ਉਸ ਵਿੱਚ ਰਸਤੇ ਲਈ ਸਿਰਫ 6 ਫੁੱਟ ਹੀ ਥਾਂ ਰੱਖੀ ਗਈ ਹੈ। ਜਦੋਂ ਕਿ ਪੰਜਾਬ ਸਰਕਾਰ ਅਣ-ਅਧਿਕਾਰਤ ਕਲੋਨੀਜ ਦੇ ਨੋਟੀਫਿਕੇਸ਼ਨ ਨੰਬਰ 12/01/2017 5ਐੱਚ.ਜੀ2/1806 ਮਿਤੀ 18.10.2018 ਅਧੀਨ ਕੋਈ ਵੀ ਰਸਤਾ 20 ਫੁੱਟ ਤੋਂ ਘੱਟ ਨਹੀ ਛੱਡਿਆ ਜਾ ਸਕਦਾ ਹੈ ਅਤੇ ਸੰਘਣੀ ਅਬਾਦੀ ਵਾਲੇ ਖੇਤਰ ਵਿਚ ਰਸਤਾ 16 ਫੁੱਟ ਦਾ ਰੱਖ ਸਕਦੇ ਹਾਂ। ਪੀ ਡਬਲਯੂ ਡੀ ਵਿਭਾਗ ਦੇ ਨਿਯਮਾਂ ਅਨੁਸਾਰ ਕਿਤੇ ਵੀ 6 ਫੁੱਟ ਚੌੜਾ ਰਸਤਾ ਛੱਡਣ ਸੰਬੰਧੀ ਕੋਈ ਕਾਨੂੰਨ ਨਹੀਂ ਹੈ। ਅਜਿਹਾ ਕਰਨ ਨਾਲ ਜਿੱਥੇ ਖੋਖਾ ਧਾਰਕਾਂ ਅਤੇ ਪਬਲਿਕ ਨੂੰ ਭਵਿੱਖ ਵਿੱਚ ਕਿਸੇ ਵੀ ਕੁਦਰਤੀ ਆਫਤ ਅੱਗ ਲੱਗਣ ਕਾਰਨ, ਕਰੰਟ ਲੱਗਣ ਕਾਰਨ ਜਾਂ ਤੂਫਾਨ ਆਉਣ ਕਾਰਨ ਆਪਣਾ ਅਮੁੱਲਾ ਜੀਵਨ ਬਚਾਉਣ ਵਿੱਚ ਭਾਰੀ ਮੁਸਕਿਲ ਹੋਵੇਗੀ। ਜੋ ਕਚਹਿਰੀ ਅੰਦਰ ਕੰਮ ਕਰਨ ਵਾਲਿਆਂ ਅਤੇ ਕਚਹਿਰੀ ‘ਚ ਆਉਣ ਜਾਣ ਵਾਲੇ ਆਮ ਲੋਕਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਇੱਕ ਇੰਸਪੈਕਟਰ ਜਨਰਲ ਆਫ ਰਜਿਸਟ੍ਰੇਸ਼ਨ ਦੇ ਪੱਤਰ ਮੁਤਾਬਕ ਸਮੁੱਚੇ ਵਸੀਕਾ ਨਵੀਸਾਂ ਨੂੰ ਪਬਲਿਕ ਲਈ ਸਬ ਰਜਿਸਟਰਾਰ ਦੇ ਦਫਤਰ ਦੇ ਆਲੇ ਦੁਆਲੇ ਹੀ ਬੈਠ ਕੇ ਕੰਮ ਕਰਨ ਦੇ ਨਿਯਮ ਹਨ।
ਪ੍ਰਧਾਨ ਹੀਰਾ ਸਿੰਘ ਨੇ ਦੱਸਿਆ ਕਿ ਨਵੇਂ ਖੋਖਿਆਂ ਲਈ ਅਲਾਟ ਕੀਤੀ ਜਾ ਰਹੀ ਜਗ੍ਹਾਂ ਲੇ-ਆਉਟ ਪਲਾਨ ਮੁਤਾਬਿਕ ਕੰਜਿਊਮਰ ਕੋਰਟ ਅਤੇ ਈ.ਵੀ.ਐਮ ਸਟਰੋਗ ਰੂਮ ਦੇ ਪਾਸ ਹੈ। ਸੁਰੱਖਿਆ ਦੇ ਪੱਖ ਤੋਂ ਅਜਿਹੀ ਬੇਹੱਦ ਮਹੱਤਵ ਵਾਲੀ ਜਗਾ ਤੇ ਖੋਖਿਆਂ ਲਈ ਜਗਾ ਅਲਾਟ ਕਰਨੀ, ਕਿਸੇ ਵੀ ਤਰਾਂ ਖਤਰੇ ਤੋਂ ਖਾਲੀ ਨਹੀਂ ਹੈ। ਜਦੋਂ ਕਿ ਵਸੀਕਾ ਨਵੀਸ ਦਫਤਰ ਸਬ ਰਜਿਸਟਰਾਰ ਬਰਨਾਲਾ ਨਾਲ ਸੰਬੰਧਤ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪਬਲਿਕ ਦੇ ਹਿੱਤ ਅਤੇ ਸੁਰੱਖਿਆਂ ਦੇ ਮੱਦੇਨਜ਼ਰ । ਖੋਖਿਆਂ ਦੀ ਅਲਾਟਮੈਂਟ ਕਰਨ ਤੋਂ ਪਹਿਲਾ ਖੋਖਾ ਧਾਰਕਾਂ/ਸਰਵਿਸ ਪ੍ਰੋਵਾਈਡਰਾਂ ਨੂੰ ਅਲਾਟ ਕਰਨ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਅਤੇ ਸਾਇਜ ਦਾ ਲੇ-ਆਊਟ ਪਲਾਨ ਕਾਨੂੰਨ ਅਨੁਸਾਰ ਤਿਆਰ ਕਰਨ ਲਈ ਸਮੂਹ ਖੋਖਾ ਧਾਰਕਾਂ ਨਾਲ ਵਿਚਾਰ ਵਟਾਂਦਰਾਂ ਕੀਤਾ ਜਾਵੇ ਅਤੇ ਸਾਰੇ ਖੋਖਾ ਧਾਰਕਾਂ ਦੀ ਮੌਜੂਦਾ ਖੋਖਾ ਲਿਸਟ ਬਣਾ ਕੇ ਅਤੇ ਸਬ ਡਵੀਜਨਲ ਮੈਜਿਸਟਰੇਟ ਬਰਨਾਲਾ ਦੇ ਹੁਕਮ ਫਰਵਰੀ 2022 ਦੀ ਪਾਲਣਾ ਵਿੱਚ ਕਿਰਾਇਆ ਵਸੂਲ ਕਰਕੇ ਸਾਰਿਆਂ ਨੂੰ ਇਸ ਅਲਾਟਮੈਟ ਲਈ ਵਿਚਾਰਿਆ ਜਾਵੇ । ਜ਼ੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੁਰੱਖਿਆ ਪੱਖ ਤੋਂ ਬੇਹੱਦ ਅਹਿਮ ਈਵੀਐਮ ਸਟਰੌਂਗ ਰੂਮ ਦੀ ਅਸੁਰੱਖਿਆ ਦੀ ਪੂਰੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।