ਹਜ਼ਾਰਾਂ ਕਿਸਾਨਾਂ ਨੇ ਲਖਮੀਰ ਖੀਰੀ ਦੇ ਕਤਲੇਆਮ ਵਿਰੁੱਧ ਡੀ.ਸੀ ਦਫਤਰ ਘੇਰਿਆ ਤੇ ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ-ਪੱਤਰ
ਹਜ਼ਾਰਾਂ ਕਿਸਾਨਾਂ ਨੇ ਲਖਮੀਰ ਖੀਰੀ ਦੇ ਕਤਲੇਆਮ ਵਿਰੁੱਧ ਡੀ.ਸੀ ਦਫਤਰ ਘੇਰਿਆ ਤੇ ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ-ਪੱਤਰ
ਹਾਕਮਾਂ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ ਇਹ ਘਟਨਾ: ਕਿਸਾਨ ਆਗੂ
* ‘ਜੈਸੇ ਨੂੰ ਤੈਸਾ’ ਦਾ ਹਿਸਾਬ ਖੱਟਰ ਨਹੀਂ, ਕਿਸਾਨ ਕਰਨਗੇ; ਹਾਕਮਾਂ ਦੇ ਇੱਕ ਇੱਕ ਜ਼ੁਲਮ ਦਾ ਹਿਸਾਬ ਲਿਆ ਜਾਵੇਗਾ: ਕਿਸਾਨ ਆਗੂ
* ਦੋ ਮਿੰਟ ਦਾ ਮੌਨ ਧਾਰ ਕੇ ਲਖਮੀਰ ਖੀਰੀ ਦੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
ਪਰਦੀਪ ਕਸਬਾ , ਬਰਨਾਲਾ: 4 ਅਕਤੂਬਰ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਹਰ ਰੋਜ਼ ਰੇਲਵੇ ਸਟੇਸ਼ਨ ‘ਤੇ ਲੱਗਣ ਵਾਲਾ ਧਰਨਾ ਅੱਜ,ਲਖਮੀਰ ਖੀਰੀ ਦੇ ਕਤਲੇਆਮ ਵਿਰੁੱਧ, ਡੀ.ਸੀ ਦਫਤਰ ਬਰਨਾਲਾ ਮੂਹਰੇ ਲਾਇਆ ਗਿਆ। ਬੀਕੇਯੂ ਉਗਰਾਹਾਂ ਨੇ ਵੀ ਇਸ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ।ਖਚਾਖਚ ਭਰੇ ਜਿਲ੍ਹਾ ਕੰਪਲੈਕਸ ਵਿੱਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਹੈ। ਇਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ੍ਹ ਨਹੀਂ ਲੱਭ ਰਿਹਾ।
ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਇਸ ਕੋਲ ਕੋਈ ਜਵਾਬ ਨਹੀਂ। 11 ਗੇੜ ਦੀ ਚੱਲੀ ਗੱਲਬਾਤ ਦੌਰਾਨ ਕਿਸਾਨ ਆਗੂ ਸਰਕਾਰ ਨੂੰ ਇਖਲਾਕੀ ਤੌਰ ‘ਤੇ ਹਰਾ ਚੁੱਕੇ ਹਨ। ਕਿਸਾਨ ਅੰਦੋਲਨ ਦੀ ਦਿਨ-ਬਦਿਨ ਵਧ ਰਹੀ ਤਾਕਤ ਮੂਹਰੇ ਬੇਬਸ ਸਰਕਾਰ ਹੁਣ ਨੰਗੀ ਚਿੱਟੀ ਗੁੰਡਾਗਰਦੀ ‘ਤੇ ਉਤਰ ਆਈ ਹੈ। ਇੱਕ ਕੇਂਦਰੀ ਮੰਤਰੀ ਦੇ ਹੰਕਾਰੇ ਛੋਹਰ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਗੱਡੀ ਚੜ੍ਹਾ ਦਿੱਤੀ। ਪੰਜ ਕਿਸਾਨ ਸ਼ਹੀਦ ਕਰਨ ਬਾਅਦ ਵੀ ਸਰਕਾਰ ਨੇ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ।
ਧਰਨੇ ਦੌਰਾਨ ਦੋ ਮਿੰਟ ਦਾ ਮੌਨ ਧਾਰ ਕੇ ਲਖਮੀਰ ਖੀਰੀ ਦੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਕੱਲ੍ਹ ਦੀ ਘਟਨਾ ਬਾਰੇ ਡੀ.ਸੀ ਬਰਨਾਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ
1.ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸਦੇ ਵਿਰੁੱਧ ਹਿੰਸਾ ਭੜਕਾਉਣ ਤੇ ਫਿਰਕੂ ਨਫ਼ਰਤ ਫੈਲਾਉਣ ਦਾ ਮੁਕੱਦਮਾ ਦਰਜ਼ ਕੀਤਾ ਜਾਵੇ।
2. ਇਸ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ’ਮੋਨੀ’ਅਤੇ ਉਸਦੇ ਗੁੰਡਾ ਸਾਥੀਆਂ ਵਿਰੁੱਧ 302 (ਕਤਲ) ਦਾ ਮੁਕੱਦਮਾ ਦਰਜ਼ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
3. ਸੰਵਿਧਾਨਕ ਅਹੁਦੇ ‘ਤੇ ਹੁੰਦਿਆਂ ਹਿੰਸਾ ਲਈ ਉਕਸਾਉਣ ਦੇ ਦੋਸ਼ੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।
ਅੱਜ ਦੇ ਧਰਨੇ ਨੂੰ ਬਲਵੰਤ ਸਿੰਘ ਉਪਲੀ, ਚਮਕੌਰ ਸਿੰਘ ਨੈਣੇਵਾਲ, ਹਰਦੀਪ ਸਿੰਘ ਟੱਲੇਵਾਲ,ਜਗਸੀਰ ਸਿੰਘ ਛੀਨੀਵਾਲ,ਗੁਰਮੇਲ ਸ਼ਰਮਾ, ਮੇਲਾ ਸਿੰਘ ਕੱਟੂ, ਕਮਲਜੀਤ ਕੌਰ,ਬਾਬੂ ਸਿੰਘ ਖੁੱਡੀ, ਜਸਮੇਲ ਸਿੰਘ ਕਾਲੇਕਾ, ਅਮਰਜੀਤ ਕੌਰ, ਜਸਪਾਲ ਕੌਰ ਕਰਮਗੜ੍ਹ, ਪਵਿੱਤਰ ਸਿੰਘ ਲਾਲੀ, ਵਿੰਦਰਪਾਲ ਕੌਰ ਭਦੌੜ,ਪ੍ਰੇਮਪਾਲ ਕੌਰ, ਮਹਿੰਦਰ ਸਿੰਘ ਵੜੈਚ, ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਹਰਿਆਣਾ ਦੇ ਮੁੱਖਮੰਤਰੀ ਖੱਟਰ ਨੇ ਜੋ ‘ਜੈਸੇ ਨੂੰ ਤੈਸਾ’ ਵਾਲਾ ਬਿਆਨ ਦਿੱਤਾ ਹੈ ਇਹ ਬਿਆਨ ਸਿਰਫ ਗੈਰ- ਸੰਵਿਧਾਨਕ ਤੇ ਗੈਰਕਾਨੂੰਨੀ ਹੀ ਨਹੀਂ, ਇਹ ਅੰਦੋਲਨ ਨੂੰ ਹਿੰਸਾ ਦੇ ਰਾਹ ਪਾਉਣ ਦੀ ਸਾਜਿਸ਼ ਵੀ ਹੈ। ਇੱਕ ਸੰਵਿਧਾਨਕ ਅਹੁਦੇ ‘ਤੇ ਬੈਠੇ ਸ਼ਖਸ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਗੈਰਕਾਨੂੰਨੀ ਹੈ ਜਿਸ ‘ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਸਲ ਵਿੱਚ ‘ਜੈਸੇ ਨੂੰ ਤੈਸਾ’ ਦਾ ਹਿਸਾਬ ਤਾਂ ਹੁਣ ਭਾਰਤ ਦੇ ਆਮ ਲੋਕ ਇਨ੍ਹਾਂ ਜੋਕਾਂ ‘ਤੋਂ ਲੈਣਗੇ। ਜਾਬਰਾਂ ਤੋਂ ਇਹ ਹਿਸਾਬ ਲੈਣ ਲਈ ਆਉ ਆਪਣੇ ਏਕੇ ਨੂੰ ਹੋਰ ਮਜ਼ਬੂਤ ਕਰੀਏ।