ਸੰਗਤਾਂ ਦੀ ਸੁਰੱਖਿਆ ਲਈ ਕਰੀਬ 3000 ਜਵਾਨ ਤਾਇਨਾਤ – ਐਸ ਐਸ ਪੀ
ਸੰਗਤਾਂ ਦੀ ਸੁਰੱਖਿਆ ਲਈ ਕਰੀਬ 3000 ਜਵਾਨ ਤਾਇਨਾਤ – ਐਸ ਐਸ ਪੀ
– ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸੰਗਤਾਂ ਨੂੰ ਕੀਮਤੀ ਸਮਾਨ ਨਾ ਲੈ ਕੇ ਆਉਣ ਦੀ ਅਪੀਲ
-ਕੋਈ ਵੀ ਸਮੱਸਿਆ ਆਉਣ ਤੇ ਹੈਲਪਲਾਈਨ ਨੰਬਰ 112 ਉੱਤੇ ਦਿੱਤੀ ਜਾ ਸਕਦੀ ਹੈ ਸੂਚਨਾ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 22 ਦਸੰਬਰ 2021
ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ 27 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਸੰਗਤਾਂ ਦੀ ਸੁਰੱਖਿਆ ਲਈ ਪੁਲੀਸ ਦੇ ਕਰੀਬ 03 ਹਜਾਰ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇੜੇ ਟਿੱਲੇ ‘ਤੇ ਸਥਾਪਤ ਕੀਤੇ ਕੰਟਰੋਲ ਰੂਮ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸੰਗਤਾਂ ਦੀ ਸਹੂਲਤ ਲਈ ਹਰ ਕਿਸਮ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਭਾ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਵੱਖ-ਵੱਖ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ 20 ਪਾਰਕਿੰਗ ਸਥਾਨ ਬਣਾਏ ਗਏ ਹਨ ਅਤੇ 09 ਡਾਈਵਰਜਨਾਂ ਭਾਵ ਬਦਲਵੇਂ ਰੂਟ ਬਣਾਏ ਗਏ ਹਨ ਅਤੇ 12 ਵੱਡੇ ਨਾਕੇ ਅਤੇ 54 ਛੋਟੇ ਨਾਕੇ ਲਗਾਏ ਗਏ ਹਨ। ਇਸਦੇ ਨਾਲ 03 ਆਰਜੀ ਬੱਸ ਸਟੈਂਡ ਬਣਾਏ ਗਏ ਹਨ ਅਤੇ ਵੱਖ ਵੱਖ ਥਾਵਾਂ ਉੱਤੇ ਪੱਕੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ ਨਾਲ ਆਰਜੀ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਭਾ ਦੌਰਾਨ ਕੋਈ ਵੀ ਕੀਮਤੀ ਸਾਜੋ ਸਮਾਨ ਜਾਂ ਬਹੁਤ ਜਿਆਦਾ ਪੈਸੇ ਲੈ ਕੇ ਨਾ ਆਉਣ।
ਸ਼ਹੀਦੀ ਸਭਾ ਦੌਰਾਨ ਮਹਿਲਾ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸ਼ਨ ਨੂੰ ਆਪਣਾ ਪੂਰਾ-ਪੂਰਾ ਸਹਿਯੋਗ ਦੇਣ ਅਤੇ ਪੁਲਿਸ ਉਨ੍ਹਾਂ ਦੀ ਸੇਵਾ ਵਿੱਚ 24 ਘੰਟੇ ਹਾਜਰ ਰਹੇਗੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਸ਼ਰਧਾਲੂ ਨੂੰ ਸ਼ੱਕੀ ਵਿਅਕਤੀ ਬਾਰੇ ਸੂਚਨਾ ਮਿਲਦੀ ਹੈ ਤਾਂ ਤੁਰੰਤ ਇਸ ਸਬੰਧੀ ਨੇੜਲੇ ਪੁਲਿਸ ਕੰਟਰੋਲ ਰੂਮ ਨਾਲ ਸੰਪਰਕ ਕਰਨ। ਉਨ੍ਹਾਂ ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਆਵਾਜਾਈ ਲਈ ਕੀਤੇ ਬਦਲਵੇਂ ਪ੍ਰਬੰਧਾਂ ਵਾਲੇ ਰੂਟਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਆਵਾਜਾਈ ਵਿੱਚ ਕਿਸੇ ਕਿਸਮ ਦੀ ਵਿਘਨ ਨਾ ਪਵੇ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 112 ਉੱਤੇ ਆਪਣੀ ਸਮੱਸਿਆ ਦੱਸ ਸਕਦੇ ਹਨ ਜੋ ਕਿ ਛੇਤੀ ਤੋਂ ਛੇਤੀ ਹੱਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਆਪਣੀ ਡਿਊਟੀ ਪੂਰਨ ਸੇਵਾ ਭਾਵਨਾ ਨਾਲ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਭਿਖਾਰੀਆਂ ਕਾਰਨ ਸੰਗਤਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਵਾਰ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਅਜਿਹੀ ਮੁਸ਼ਕਿਲ ਨਾ ਖੜੀ ਹੋਵੇ।
ਇਸ ਮੌਕੇ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਸੇਫ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਦਿੱਤੇ ਗਏ ਐਲ.ਈ.ਡੀ. ਬੱਲਬਾਂ ਵਾਲੇ ਬੈਟਰੀ ਅਧਾਰਤ 100 ਬੈਟਨ ਵੀ ਪੁਲਿਸ ਮੁਲਾਜ਼ਮਾਂ ਨੂੰ ਸੋਂਪੇ। ਇਹ ਬੈਟਨ ਰਾਤ ਨੂੰ ਟ੍ਰੈਫਿਕ ਕੰਟਰੋਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਇਹ ਬੈਟਨ ਇੱਕ ਵਾਰ ਚਾਰਜ ਕਰਨ ਤੋਂ ਬਾਅਦ 250 ਘੰਟੇ ਵਰਤੇ ਜਾ ਸਕਦੇ ਹਨ। ਇਸ ਮੌਕੇ ਐਸ.ਪੀ. (ਐਚ) ਸ੍ਰੀ ਆਲਮ ਵਿਜੇ ਸਿੰਘ, ਐਸ.ਪੀ. ਸ. ਨਵਰੀਤ ਸਿੰਘ ਵਿਰਕ ਸਮੇਤ ਵੱਖ ਵੱਖ ਅਧਿਕਾਰੀ ਹਾਜਰ ਸਨ।