ਸ੍ਰੀਮਤੀ ਸੋਨੀਆ ਗਾਂਧੀ ਜੀ ਨੂੰ ਬਿਨੈ ਪੱਤਰ
ਦਵਿੰਦਰ ਡੀ.ਕੇ, ਲੁਧਿਆਣਾ, 11 ਦਸੰਬਰ 2021
ਸ੍ਰੀਮਤੀ ਸੋਨੀਆ ਗਾਂਧੀ
ਕਾਂਗਰਸ ਪ੍ਰਧਾਨ,
10 ਜਨਪਥ,
ਨਵੀਂ ਦਿੱਲੀ।
ਸਤਿਕਾਰਯੋਗ ਮੈਡਮ ਜੀ,
ਮੈ ਇਸ ਪੱਤਰ ਰਾਹੀਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ। ਸਾਡੇ ਕਿਸਾਨ ਵੀਰਾਂ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾ ਕੇ ਕੇਂਦਰ ਦੀ ਜ਼ਾਲਮ ਸਰਕਾਰ ਵਿਰੁੱਧ ਵੱਡੀ ਜਿੱਤ ਤੋਂ ਬਾਅਦ ਅੱਜ ਮੈਂ ਤੁਹਾਨੂੰ ਇਸ ਪੱਤਰ ਰਾਹੀਂ ਤੁਹਾਡਾ ਧਿਆਨ ਪੰਜਾਬ ਦੇ ਆਉਣ ਵਾਲੇ ਰਾਜਨੀਤਿਕ ਦ੍ਰਿਸ਼ਟੀਕੋਣ, ਜਨਸੰਖਿਆ ਅਤੇ ਚੋਣਾਂ ਵੱਲ ਦਿਵਾਉਣਾ ਚਾਹੁੰਦਾ ਹਾਂ। ਮੈਡਮ, ਪੰਜਾਬ ਵਿੱਚ ਇਸ ਵੇਲੇ 35 ਅਜਿਹੀਆਂ ਵਿਧਾਨ ਸਭਾ ਸੀਟਾਂ ਹਨ ਜੋ ਸ਼ਹਿਰੀ ਜਨਸੰਖਿਆ ਨਾਲ ਸਬੰਧਤ ਹਨ ਅਤੇ ਇਨ੍ਹਾਂ ਸਾਰੇ ਹਲਕਿਆਂ ਵਿੱਚ ਸ਼ਹਿਰੀ ਗੈਰ-ਜੱਟ ਸਿੱਖਾਂ ਦਾ ਇੱਕ ਨਿਰਣਾਇਕ ਵੋਟ ਬੈਂਕ ਹੈ। ਮੈਡਮ, ਜੇ ਮੈਂ ਅੰਕੜਿਆਂ ਦਾ ਵੇਰਵਾ ਸਾਂਝਾ ਕਰਾਂ ਤਾਂ ਆਬਾਦੀ ਦੇ ਹਿਸਾਬ ਨਾਲ ਗੈਰ-ਜੱਟ ਸਿੱਖਾਂ ਦੀ ਨੁਮਾਇੰਦਗੀ 15 ਫੀਸਦ ਹੈ ਅਤੇ ਬਹੁਗਿਣਤੀ ਧੜੇ ਖੱਤਰੀ/ਅਰੋੜਾ ਵਿਰਾਦਰੀ ਨਾਲ ਸਬੰਧਤ ਹਨ ਜੋਕਿ 16 ਫੀਸਦ ਹਨ।
ਮੈਡਮ, ਸ.ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਨਿਯੁਕਤ ਕਰਨ ਦਾ ਫੈਸਲਾ ਐਸ.ਸੀ/ਐਸ.ਟੀ ਭਾਈਚਾਰੇ ਦੀ ਨੁਮਾਇੰਦਗੀ ‘ਤੇ ਪੂਰੀ ਤਰ੍ਹਾਂ ਆਧਾਰਿਤ ਹੈ ਕਿਉਂਕਿ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਐਸ.ਸੀ/ਐਸ.ਟੀ. ਭਾਈਚਾਰੇ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ। ਇਸੇ ਤਰ੍ਹਾਂ ਸਾਡੇ ਗੈਰ-ਜੱਟ ਸਿੱਖ ਭਾਈਚਾਰੇ ਦੀ ਵੀ ਢੁਕਵੀਂ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਗੈਰ-ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਕੇਵਲ ਇੱਕ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸੀ ਜਿਸ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਸਾਡੇ ਭਾਈਚਾਰੇ ਵਿੱਚ ਭਾਰੀ ਰੋਸ ਹੈ।
ਮੈਡਮ, ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਭਾਈਚਾਰੇ ਨੂੰ ਢੁੱਕਵੀਂ ਪ੍ਰਤੀਨਿਧਤਾ ਦਿੱਤੀ ਜਾਵੇ ਕਿਉਂਕਿ ਇਹ ਵੋਟਾਂ ਆਗਾਮੀ 2022 ਦੀਆਂ ਚੋਣਾਂ ਵਿੱਚ ਫੈਸਲਾਕੁੰਨ ਸਿੱਧ ਹੋਣਗੀਆਂ।
ਮੈਂ 2004 ਅਤੇ 2009 ਦੀਆਂ ਚੋਣਾਂ ਨੂੰ ਯਾਦ ਕਰਵਾਉਣਾ ਚਾਹਾਂਗਾ ਜਦੋਂ ਡਾ: ਮਨਮੋਹਨ ਸਿੰਘ ਨੇ ਇਸ ਦਾ ਸਮਰਥਨ ਕੀਤਾ ਅਤੇ ਜਿਸ ਦੇ ਨਤੀਜੇ ਵਜੋਂ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਬਹੁਮਤ ਸੀਟਾਂ ਜਿੱਤੀਆਂ ਅਤੇ ਅੱਗੇ ਜਦੋਂ ਡਾ: ਮਨਮੋਹਨ ਸਿੰਘ ਨੂੰ 2009 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਤਾਂ ਸਾਰੇ ਗੈਰ-ਜੱਟ ਸਿੱਖਾਂ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਇਕੱਠੇ ਖੜ੍ਹੇ ਹੋ ਕੇ ਡਾ: ਮਨਮੋਹਨ ਸਿੰਘ ਨੂੰ ਸੱਤਾ ਵਿਚ ਲਿਆਂਦਾ। ਇਹ ਵੀ ਜਿਕਰਯੋਗ ਹੈ ਕਿ 2002 ਅਤੇ 2017 ਵਿੱਚ ਜਦੋਂ ਸ.ਮਨਮੋਹਨ ਸਿੰਘ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਦੇ ਸਲਾਹਕਾਰ ਸਨ, ਉਦੋਂ ਵੀ ਇਹ ਗੱਲ ਉਲੀਕੀ ਗਈ ਸੀ ਜਿਸ ਕਾਰਨ ਇਹਨਾਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ।
ਮੈਡਮ, ਮੈਂ ਆਪਣੇ ਗ੍ਰਹਿ ਸ਼ਹਿਰ ਲੁਧਿਆਣਾ ਦੀ ਉਦਾਹਰਣ ਦੇ ਕੇ ਗੱਲ ਸਮਾਪਤ ਕਰਨਾ ਚਾਹਾਂਗਾ। ਵਿਧਾਨ ਸਭਾ ਵਿੱਚ ਲੁਧਿਆਣਾ ਦੇ ਚਾਰ ਨੁਮਾਇੰਦੇ ਹਨ ਅਤੇ ਇਹਨਾਂ ਵਿੱਚੋਂ ਤਿੰਨ ਸੀਟਾਂ ਲੁਧਿਆਣਾ ਸੈਂਟਰਲ, ਲੁਧਿਆਣਾ ਵੈਸਟ ਅਤੇ ਆਤਮ ਨਗਰ ‘ਤੇ ਗੈਰ-ਜੱਟ ਸਿੱਖ ਭਾਈਚਾਰੇ ਦਾ ਦਬਦਬਾ ਹੈ, ਗੈਰ ਜੱਟ ਸਿੱਖ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਫੈਸਲਾਕੁੰਨ ਅਤੇ ਚੋਣਾਂ ਦੇ ਨਤੀਜੇ ਬਦਲਣ ਵਾਲੀ ਭੂਮਿਕਾ ਨਿਭਾਉਣਗੇ। ਮੈਂ ਚਾਹੁੰਦਾ ਹਾਂ ਕਿ ਇਨ੍ਹਾਂ ਗੈਰ-ਜੱਟ ਸਿੱਖ ਉਮੀਦਵਾਰਾਂ ਨੂੰ ਢੁੱਕਵੀਂ ਪ੍ਰਤੀਨਿਧਤਾ ਦਿੱਤੀ ਜਾਣੀ ਚਾਹੀਦੀ ਹੈ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸ਼ ਪਾਤਰ,
ਅਮਰਜੀਤ ਸਿੰਘ ਟਿੱਕਾ
ਚੇਅਰਮੈਨ ਪੀ.ਐਮ.ਆਈ.ਡੀ.ਬੀ.