ਸੈਂਟਰਲ ਯੂਨੀਵਰਸਿਟੀ ਨੇ ਭਾਰਤ ਦੀਆਂ ਪ੍ਰਮੁੱਖ 20 ਕੇਂਦਰੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ 9ਵਾਂ ਸਥਾਨ ਕੀਤਾ ਪ੍ਰਾਪਤ
ਸੈਂਟਰਲ ਯੂਨੀਵਰਸਿਟੀ ਨੇ ਭਾਰਤ ਦੀਆਂ ਪ੍ਰਮੁੱਖ 20 ਕੇਂਦਰੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ 9ਵਾਂ ਸਥਾਨ ਕੀਤਾ ਪ੍ਰਾਪਤ
ਬਠਿੰਡਾ (ਅਸ਼ੋਕ ਵਰਮਾ)
ਬਠਿੰਡਾ, 8 ਅਗਸਤ : ਸਿੱਖਿਆ ਦੇ ਖੇਤਰ ਵਿੱਚ ਨਿੱਤ ਨਵੀਆਂ ਬੁਲੰਦੀਆਂ ਛੂਹਣ ਵਾਲੀ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਆਉਟਲੁੱਕ-ਆਈਕੇਅਰ (ਆਈਸੀਏਆਰਈ) ਇੰਡੀਆ 2022 ਰੈਂਕਿੰਗ ਵਿੱਚ “ਭਾਰਤ ਦੀਆਂ ਪ੍ਰਮੁੱਖ 20 ਕੇਂਦਰੀ ਯੂਨੀਵਰਸਿਟੀਆਂ” ਦੀ ਸ਼੍ਰੇਣੀ ਵਿੱਚ 9ਵਾਂ ਸਥਾਨ ਪ੍ਰਾਪਤ ਕਰਕੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ। ਆਉਟਲੁੱਕ-ਆਈਕੇਅਰ-2022 ਰੈੰਕਿੰਗ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣੀ ਪਿਛਲੇ ਸਾਲ ਦੀ ਰੈਂਕਿੰਗ ਵਿੱਚ ਦੋ ਸਥਾਨਾਂ ਦਾ ਸੁਧਾਰ ਕਰਦਿਆਂ 11ਵੇਂ ਦੀ ਜਗ੍ਹਾ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਦਰਜਾਬੰਦੀ ਆਉਟਲੁੱਕ ਇੰਡੀਆ ਦੁਆਰਾ ਵਿਦਿਆਰਥੀਆਂ ਨੂੰ ਵਿਦਿਅਕ ਅਦਾਰਿਆਂ ਦੀ ਚੋਣ ਬਾਰੇ ਸੂਝਵਾਨ ਫੈਸਲਾ ਲੈਣ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਜਾਰੀ ਕੀਤੀ ਗਈ ਹੈ।
ਆਉਟਲੁੱਕ ਇੰਡੀਆ ਨੇ ਆਪਣੇ ਸਰਵੇਖਣ ਵਿੱਚ ਵਿਦਿਅਕ ਸੰਸਥਾਵਾਂ ਦਾ ਪੰਜ ਮਾਪਦੰਡਾਂ ਤੇ ਮੁਲਾਂਕਣ ਕੀਤਾ ਹੈ, ਜੋ ਕਿ ਇਸ ਪ੍ਰਕਾਰ ਹਨ- ਅਕਾਦਮਿਕ ਅਤੇ ਖੋਜ ਉੱਤਮਤਾ; ਉਦਯੋਗ ਇੰਟਰਫੇਸ ਅਤੇ ਪਲੇਸਮੈਂਟ; ਬੁਨਿਆਦੀ ਢਾਂਚਾ ਅਤੇ ਸਹੂਲਤਾਂ; ਪ੍ਰਸ਼ਾਸਨ ਅਤੇ ਵਿਸਥਾਰ; ਵਿਭਿੰਨਤਾ ਅਤੇ ਪਹੁੰਚ। ਇਹਨਾਂ ਸਾਰੇ ਮਾਪਦੰਡਾਂ ਨੂੰ ਮਿਲਾ ਕੇ ਸੀਯੂਪੀਬੀ ਨੇ ਆਉਟਲੁੱਕ-ਆਈਸੀਏਆਰਈ 2022 ਰੈਂਕਿੰਗ ਵਿੱਚ 1000 ਵਿੱਚੋਂ 860.81 ਅੰਕ ਹਾਸਿਲ ਕੀਤੇ ਹਨ।
ਜਿਕਰਯੋਗ ਹੈ ਕਿ ਸੀਯੂਪੀਬੀ ਨੇ ਐਨਆਈਆਰਐਫ ਇੰਡੀਆ ਰੈਂਕਿੰਗ ਵਿੱਚ ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਸਾਲ 2021 ਵਿੱਚ ਪ੍ਰਾਪਤ ਕੀਤੇ 84ਵੇਂ ਸਥਾਨ ਦੇ ਮੁਕਾਬਲੇ ਸਾਲ 2022 ਵਿੱਚ 81ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਐਨਆਈਆਰਐਫ ਰੈਂਕ ਵਿੱਚ ਵੀ ਸੁਧਾਰ ਕੀਤਾ ਹੈ। ਆਉਟਲੁੱਕ- ਆਈਸੀਏਆਰਈ ਇੰਡੀਆ ਰੈਂਕਿੰਗ-2022 ਅਤੇ ਐਨਆਈਆਰਐਫ ਇੰਡੀਆ-2022 ਰੈਂਕਿੰਗ ਵਿੱਚ ਯੂਨੀਵਰਸਿਟੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਸੀਯੂਪੀਬੀ ਦੇ ਵਿਦਿਅਕ ਗੁਣਵੱਤਾ ਦੇ ਮਿਆਰਾਂ ਵਿੱਚ ਸੁਧਾਰ ਨੂੰ ਦਰਸਾਉਂਦਾ ਹੈ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਮੂਹ ਯੂਨੀਵਰਸਿਟੀ ਪਰਿਵਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਘੜੀ ਹੈ ਕਿਉਂਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਐਨਆਈਆਰਐਫ ਇੰਡੀਆ -2022 ਰੈਂਕਿੰਗ ਦੇ ਨਾਲ-ਨਾਲ ਆਉਟਲੁੱਕ-ਆਈਕੇਅਰ ਇੰਡੀਆ ਰੈਂਕਿੰਗ -2022 ਵਿੱਚ ਕੇਂਦਰੀ ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸਾਲ 2009 ਅਤੇ ਇਸ ਤੋਂ ਬਾਅਦ ਦੇ ਸਾਲਾਂ ਵਿੱਚ ਸਥਾਪਤ ਹੋਈਆਂ ਭਾਰਤ ਦੀਆਂ ਹੋਰ ਨਵੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਮੋਹਰੀ ਰਹੀ ਹੈ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਸੀਯੂਪੀਬੀ ਦੇ ਅਧਿਆਪਕਾਂ, ਅਧਿਕਾਰੀਆਂ, ਸਟਾਫ, ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਖਤ ਮਿਹਨਤ ਨੂੰ ਦਿੱਤਾ। ਪ੍ਰੋ. ਤਿਵਾਰੀ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਕੇ ਇਸ ਯੂਨੀਵਰਸਿਟੀ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੇ ਲਿਜਾਣ ਲਈ ਪ੍ਰੇਰਿਤ ਕੀਤਾ।