ਸੁਵਿਧਾ ਕੈਂਪਾਂ ਰਾਹੀਂ ਲੋਕਾਂ ਦਾ ਕੰਮ ਉਹਨਾਂ ਦੇ ਘਰਾਂ ਦੇ ਨੇੜੇ ਹੀ ਹੋਣ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ : ਅਨੀਤਾ ਦਰ਼ਸ਼ੀ
ਸੁਵਿਧਾ ਕੈਂਪਾਂ ਰਾਹੀਂ ਲੋਕਾਂ ਦਾ ਕੰਮ ਉਹਨਾਂ ਦੇ ਘਰਾਂ ਦੇ ਨੇੜੇ ਹੀ ਹੋਣ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ : ਅਨੀਤਾ ਦਰ਼ਸ਼ੀ
- ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਬੱਚਤ ਭਵਨ ਵਿੱਚ ਸੁਵਿਧਾ ਕੈਂਪ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 17 ਦਸੰਬਰ:2021
ਪੰਜਾਬ ਸਰਕਾਰ ਵੱਲੋਂ ਸਬ ਡਵੀਜ਼ਨ ਪੱਧਰ ’ਤੇ ਲਗਾਏ ਜਾ ਰਹੇ ਸੁਵਿਧਾ ਕੈਂਪ ਲਗਾਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਸੁਵਿਧਾ ਕੈਂਪਾਂ ਵਿੱਚ ਲੋਕਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੰਮ ਇੱਕੋ ਛੱਤ ਹੇਠ ਉਹਨਾਂ ਦੇ ਘਰਾਂ ਦੇ ਨੇੜੇ ਹੋ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਂਦੇ ਅਤੇ ਉਨ੍ਹਾਂ ਦਾ ਕੰਮ ਨਿਸ਼ਚਿਤ ਸਮੇਂ ਅੰਦਰ ਹੋ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ ਨੇ ਬੱਚਤ ਭਵਨ ਵਿਖੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।ਇਸ ਕੈਂਪ ਵਿੱਚ ਵੱਖ-ਵੱਖ ਭਲਾਈ ਸਕੀਮਾਂ ਸਮੇਤ 125 ਵਰਗ ਗਜ ਤੱਕ ਦੇ ਘਰਾਂ ਦੇ ਪਾਣੀ ਅਤੇ ਸੀਵਰੇਜ ਦੇ ਬਿਲ ਮੁਆਫ ਕਰਨ ਸਬੰਧੀ, ਪਾਣੀ ਦੇ ਮਹੀਨਾਵਾਰ ਬਿਲ ਜੋ ਪਹਿਲਾਂ 100 ਰੁਪਏ ਸਨ ਉਹ 50 ਰੁਪਏ ਪ੍ਰਤੀ ਮਹੀਨਾ ਕਰਨ ਅਤੇ ਪਾਣੀ ਤੇ ਸੀਵਰੇਜ ਦੇ ਬਕਾਇਆ ਬਿਲ ਮੁਆਫ ਕਰਨ ਸਬੰਧੀ ਕਾਰਵਾਈ ਕੀਤੀ ਗਈ।
ਸੁਵਿਧਾ ਕੈਂਪ ਲਗਾਉਣ ਦੀ ਸ਼ਲਾਘਾ ਕਰਦਿਆਂ ਪਿੰਡ ਮੀਰਪੁਰ ਦੇ ਵਸਨੀਕ ਫਕੀਰ ਸਿੰਘ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਦੇ ਕੰਮ ਛੇਤੀ ਹੁੰਦੇ ਹਨ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਆਮ ਲੋਕ ਜਾਗਰੂਕ ਹੁੰਦੇ ਹਨ।
ਸਰਕਾਰ ਵੱਲੋਂ ਜਲ ਸਪਲਾਈ ਤੇ ਸੀਵਰੇਜ ਦੇ ਬਿਲ ਮੁਆਫ ਕਰਨ ਬਾਰੇ ਬੋਲਦਿਆਂ ਹਮਾਯੂਂਪੁਰ ਸਰਹਿੰਦ ਦੇ ਵਸਨੀਕ ਪਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇੱਕ ਦਿਹਾੜੀਦਾਰ ਵਿਅਕਤੀ ਹੈ ਅਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਜਲ ਸਪਲਾਈ ਤੇ ਸੀਵਰੇਜ ਦੇ ਲੰਬਿਤ ਬਿਲ ਮੁਆਫ ਕਰਨ ਦੇ ਫੈਸਲੇ ਕਾਰਨ ਉਹਨ੍ਹਾਂ ਦਾ 13-14 ਹਜ਼ਾਰ ਰੁਪਏ ਦਾ ਲੰਬਿਤ ਬਿਲ ਮੁਆਫ ਹੋਇਆ ਹੈ।
ਇਸੇ ਤਰ੍ਹਾਂ ਸਰਹਿੰਦ ਸ਼ਹਿਰ ਦੇ ਰਾਹੁਲ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਫੈਸਲੇ ਸ਼ਲਾਘਾਯੌਗ ਹਨ ਅਤੇ ਸਰਕਾਰ ਦੇ ਪਾਣੀ ਤੇ ਸੀਵਰੇਜ ਦੇ ਲੰਬਿਤ ਬਿਲ ਮੁਆਫ ਕਰਨ ਕਾਰਨ ਉਸ ਦਾ 28 ਹਜ਼ਾਰ ਰੁਪਏ ਦਾ ਲੰਬਿਤ ਬਿਲ ਮੁਆਫ ਹੋਇਆ ਹੈ।