ਸੁਰਜੀਤ ਪਾਤਰ ਤੇ ਲਖਵਿੰਦਰ ਸਿੰਘ ਜੌਹਲ ਵੱਲੋਂ ਨੌਜਵਾਨ ਲੇਖਿਕਾ ਯਸ਼ਪ੍ਰਿਤਪਾਲ ਕੌਰ ਦੀ ਪਲੇਠੀ ਪੁਸਤਕ ‘ਵਿਦਿਆਰਥੀ ਮੰਚ ਦੇ ਬੋਲ’ ਰਿਲੀਜ਼
ਸੁਰਜੀਤ ਪਾਤਰ ਤੇ ਲਖਵਿੰਦਰ ਸਿੰਘ ਜੌਹਲ ਵੱਲੋਂ ਨੌਜਵਾਨ ਲੇਖਿਕਾ ਯਸ਼ਪ੍ਰਿਤਪਾਲ ਕੌਰ ਦੀ ਪਲੇਠੀ ਪੁਸਤਕ ‘ਵਿਦਿਆਰਥੀ ਮੰਚ ਦੇ ਬੋਲ’ ਰਿਲੀਜ਼
ਹਰਿੰਦਰ ਨਿੱਕਾ , ਬਰਨਾਲਾ, 2 ਫਰਵਰੀ 2022
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੇਨ ਡਾ. ਸੁਰਜੀਤ ਪਾਤਰ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਬਰਨਾਲਾ ਸ਼ਹਿਰ ਦੀ ਨੌਜਵਾਨ ਲੇਖਿਕਾ ਯਸ਼ਪ੍ਰਿਤਪਾਲ ਕੌਰ ਦੀ ਪਲੇਠੀ ਪੁਸਤਕ ‘ਵਿਦਿਆਰਥੀ ਮੰਚ ਦੇ ਬੋਲ’ ਰਿਲੀਜ਼ ਕੀਤੀ ਗਈ। ਤਰਕਭਾਰਤੀ ਪ੍ਰਕਾਸ਼ਨ ਵੱਲੋਂ ਛਾਪੀ ਇਸ ਪੁਸਤਕ ਨੂੰ ਲੇਖਿਕਾ ਦੇ ਪਿਤਾ ਗੁਰਮੇਲ ਸਿੰਘ ਸੰਧੂ ਨੇ ਸੰਪਾਦਿਤ ਕੀਤਾ ਹੈ।
ਪੰਜਾਬੀ ਭਵਨ ਲੁਧਿਆਣਾ ਵਿਖੇ ਪੁਸਤਕ ਰਿਲੀਜ਼ ਕਰਦਿਆਂ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਲੇਖਿਕਾ ਯਸ਼ਪ੍ਰਿਤਪਾਲ ਕੌਰ ਵੱਲੋਂ ਸਕੂਲ ਤੋਂ ਯੂਨੀਵਰਸਿਟੀ ਤੱਕ ਆਪਣੇ ਵਿਦਿਆਰਥੀ ਜੀਵਨ ਦੌਰਾਨ ਭਾਸ਼ਣ ਮੁਕਾਬਲਿਆਂ ਵਿੱਚ ਬੋਲੇ ਗਏ ਭਾਸ਼ਣਾਂ ਨੂੰ ਸੰਗ੍ਰਹਿ ਕਰਕੇ ਪੁਸਤਕ ਦੇ ਰਾਹੀਂ ਲਿਖਤੀ ਰੂਪ ਵਿੱਚ ਸਾਂਭਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਲਈ ਬਹੁਤ ਸਹਾਈ ਸਿੱਧ ਹੋਵੇਗੀ ਜਿਸ ਵਿੱਚ ਹਰ ਵਿਸ਼ੇ ਬਾਰੇ ਦਿੱਤੇ ਭਾਸ਼ਣਾਂ ਦੇ ਲੇਖ ਸ਼ਾਮਲ ਹਨ।
ਡਾ. ਲਖਵਿੰਦਰ ਸਿੰਘ ਜੌਹਲ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੋਟੀ ਉਮਰ ਸਾਹਿਤਕ ਖੇਤਰ ਵਿੱਚ ਵੱਡੀ ਪੁਲਾਂਘ ਪੁੱਟੀ ਹੈ ਅਤੇ ਉਹ ਆਸ ਕਰਦੇ ਹਨ ਕਿ ਇਹ ਸਫਰ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਵਾਂਗ ਹੋਵੇਗੀ। ਇਸ ਮੌਕੇ ਬਰਨਾਲਾ ਇਲਾਕੇ ਦੀ ਉਘੀ ਸਾਹਿਤਕ ਹਸਤੀ ਸੀ.ਮਾਰਕੰਡਾ ਨੇ ਕਿਹਾ ਕਿ ਬਰਨਾਲਾ ਇਲਾਕੇ ਦਾ ਸਾਹਿਤ ਨਾਲ ਗੂੜ੍ਹਾ ਰਿਸ਼ਤਾ ਹੈ ਅਤੇ ਅੱਜ ਬਰਨਾਲਾ ਦੇ ਲਿਖਾਰੀ ਪਰਿਵਾਰ ਵਿੱਚ ਹੋਰ ਵਾਧਾ ਹੋ ਗਿਆ।
ਇਸ ਮੌਕੇ ਪੁਸਤਕ ਦੇ ਸੰਪਾਦਕ ਗੁਰਮੇਲ ਸਿੰਘ ਸਿੱਧੂ ਦੇ ਮਿੱਤਰ ਅਤੇ ਅਧਿਆਪਕ ਆਗੂ ਰਹੇ ਸੁਰਜੀਤ ਸਿੰਘ ਸ਼ਹਿਣਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਲੇਖਿਕਾ ਦੇ ਪਰਿਵਾਰ ਦਾ ਜੱਦੀ ਪਿੰਡ ਨੈਣੇਵਾਲ ਹਨ ਅਤੇ ਅੱਜ-ਕੱਲ੍ਹ ਯਸ਼ਪ੍ਰਿਤਪਾਲ ਕੌਰ ਆਸਟਰੇਲੀਆ ਰਹਿ ਰਹੀ ਹੈ।
ਲੇਖਿਕਾ ਯਸ਼ਪ੍ਰਿਤਪਾਲ ਕੌਰ ਨੇ ਸਕੂਲੀ ਤੇ ਸੈਕੰਡਰੀ ਤੱਕ ਦੀ ਪੜ੍ਹਾਈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੇ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਤੋਂ ਕਰਨ ਉਪਰੰਤ ਐਸ.ਡੀ.ਕਾਲਜ ਬਰਨਾਲਾ ਤੋਂ ਬੀ.ਏ., ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (ਅੰਗਰੇਜ਼ੀ) ਅਤੇ ਐਸ.ਡੀ.ਕਾਲਜ ਆਫ ਐਜੂਕੇਸ਼ਨ ਬਰਨਾਲਾ ਤੋਂ ਬੀ.ਐਡ. ਕੀਤੀ। ਕੁਝ ਸਮਾਂ ਵਾਈ.ਐਸ. ਸਕੂਲ ਵਿਖੇ ਅਧਿਆਪਕਾ ਵਜੋਂ ਸੇਵਾਵਾਂ ਵੀ ਨਿਭਾਈਆਂ। ਇਸ ਮੌਕੇ ਉਘੇ ਕਵੀ ਡਾ. ਰਵਿੰਦਰ ਬਟਾਲਾ, ਅੰਮ੍ਰਿਤ ਪਾਲ ਸਿੰਘ ਭੰਗੂ ਯੂ.ਐਸ.ਏ., ਖੇਡ ਲੇਖਕ ਨਵਦੀਪ ਸਿੰਘ ਗਿੱਲ, ਸੀਨੀਅਰ ਪੱਤਰਕਾਰ ਸਤਿਬੀਰ ਸਿੰਘ ਵੀ ਹਾਜ਼ਰ ਸਨ।