ਸਿਹਤ ਵਿਭਾਗ ਵੱਲੋਂ ਹੋਟਲ/ਢਾਬੇ ‘ਤੇ ਕੰਮ ਕਰਨ ਵਾਲੇ ਸਟਾਫ ਦਾ ਟੀਕਾਕਰਣ ਕਰਾਉਣ ਦੀ ਅਪੀਲ
ਸਿਹਤ ਵਿਭਾਗ ਵੱਲੋਂ ਹੋਟਲ/ਢਾਬੇ ‘ਤੇ ਕੰਮ ਕਰਨ ਵਾਲੇ ਸਟਾਫ ਦਾ ਟੀਕਾਕਰਣ ਕਰਾਉਣ ਦੀ ਅਪੀਲ
ਦਵਿੰਦਰ ਡੀ.ਕੇ,ਲੁਧਿਆਣਾ, 07 ਜਨਵਰੀ 2022
ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਢਾਬਾ/ਹੋਟਲ ਮਾਲਕਾਂ ਅਤੇ ਖਾਣ-ਪੀਣ ਦੀਆਂ ਵਸਤਾਂ ਸਪਲਾਈ ਕਰਨ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਆਪਣੇ ਸਟਾਫ ਦਾ ਸੰਪੂਰਨ ਟੀਕਾਕਰਣ ਕਰਵਾਉਣ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕੋਵਿਡ ਦੀ ਤੀਸਰੀ ਲਹਿਰ ਨੇ ਦਸਤਕ ਦੇ ਦਿੱਤੀ ਹੈ, ਇਸ ਲਈ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਕੋਵਿਡ ਵੈਕਸੀਨ ਲਗਵਾਉਣੀ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਹੋਟਲਾਂ/ਢਾਬਿਆਂ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਕਰਨ ਵਾਲੇ, ਆਪਣੇ ਅਧੀਨ ਕਰਮਚਾਰੀਆਂ ਜਿਸ ਵਿੱਚ ਸਬਜ਼ੀਆਂ ਕੱਟਣ ਵਾਲੇ, ਖਾਣਾ ਬਣਾਉਣ, ਖਾਣਾ ਸਪਲਾਈ ਕਰਨ ਅਤੇ ਹੋਰ ਸਟਾਫ ਜਿਹੜਾ ਕਿ ਗ੍ਰਾਹਕਾਂ ਦੇ ਸੰਪਰਕ ਵਿੱਚ ਆਉਂਦਾ ਹੈ, ਦਾ ਤੁਰੰਤ ਟੀਕਾਕਰਣ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੇ ਪੋਜ਼ਟਿਵ ਹੋਣ ਕਾਰਨ ਇਸ ਦੀ ਲੰਬੀ ਚੇਨ ਨਾ ਬਣੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਨਵੀਆਂ ਕੋਰਨਾ ਸਬੰਧੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਜਿਸ ਦੇ ਤਹਿਤ ਆਪਸੀ ਵਿੱਥ, ਹੱਥਾਂ ਦੀ ਸਫਾਈ ਅਤੇ ਮਾਸਕ ਚੰਗੀ ਤਰ੍ਹਾਂ ਪਹਿਨਿਆ ਜਾਵੇ।