ਸਿਹਤ ਵਿਭਾਗ ਵੱਲੋਂ ਵਸਨੀਕਾਂ ਨੂੰ ਅਪੀਲ, ਲੋਹੜੀ ਦੇ ਤਿਉਂਹਾਰ ‘ਤੇ ਚੰਗੀ ਗੁਣਵੱਤਾ ਵਾਲੀਆਂ ਹੀ ਚੀਜਾਂ ਖਰੀਦੀਆਂ ਜਾਣ
ਸਿਹਤ ਵਿਭਾਗ ਵੱਲੋਂ ਵਸਨੀਕਾਂ ਨੂੰ ਅਪੀਲ, ਲੋਹੜੀ ਦੇ ਤਿਉਂਹਾਰ ‘ਤੇ ਚੰਗੀ ਗੁਣਵੱਤਾ ਵਾਲੀਆਂ ਹੀ ਚੀਜਾਂ ਖਰੀਦੀਆਂ ਜਾਣ
- ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ, ਸਟਾਫ ਦਾ ਕੋਵਿਡ ਟੀਕਾਕਰਨ ਵੀ ਕਰਵਾਇਆ ਜਾਵੇ – ਜ਼ਿਲ੍ਹਾ ਸਿਹਤ ਅਫ਼ਸਰ
ਦਵਿੰਦਰ ਡੀ.ਕੇ,ਲੁਧਿਆਣਾ, 11 ਜਨਵਰੀ 2022
ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਹੜੀ ਦੇ ਤਿਉਂਹਾਰ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਚੰਗੀ ਗੁਣਵੱਤਾ ਵਾਲੀਆਂ ਹੀ ਖਰੀਦੀਆਂ ਜਾਣ।
ਜ਼ਿਲ੍ਹਾ ਸਿਹਤ ਅਫਸਰ ਨੇ ਅੱਗੇ ਕਿਹਾ ਕਿ ਅਣਢੱਕੀਆਂ ਜਾਂ ਘਟੀਆ ਕੁਆਲਟੀ ਦੀਆਂ ਵਸਤਾਂ ਬਿਲਕੁਲ ਵੀ ਨਾ ਖਰੀਦੀਆਂ ਜਾਣ ਅਤੇ ਉਨ੍ਹਾਂ ਸਾਰੇ ਫੂਡ ਵਿਕਰੇਤਾਵਾਂ, ਰੇਹੜੀ ਫੜੀ ਅਤੇ ਖਾਣ-ਪੀਣ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਵਸਤਾਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਚੰਗੀ ਗੁਣਵੱਤਾ ਵਾਲੀਆਂ ਵਸਤਾਂ ਹੀ ਵੇਚੀਆਂ ਜਾਣ ਅਤੇ ਆਪਣੇ ਸਮੂਹ ਕਰਮਚਾਰੀਆਂ ਦਾ ਸੰਪੂਰਨ ਕੋਵਿਡ ਟੀਕਾਕਰਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵੇਚੀ ਜਾਣ ਵਾਲੀ ਵਸਤੂ ‘ਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਲਾਜ਼ਮੀ ਤੌਰ ‘ਤੇ ਦਰਸਾਇਆ ਜਾਵੇ। ਉਨ੍ਹਾ ਫੂਡ ਵਿਕ੍ਰੇਤਾਵਾਂ ਨੂੰ ਸਿਹਤ ਵਿਭਾਗ ਤੋਂ ਆਪਣਾ ਰਜਿਸਟ੍ਰੇਸ਼ਨ ਲੈਣ ਲਈ ਵੀ ਕਿਹਾ ਅਤੇ ਕਿਹਾ ਕਿ ਕੋਈ ਵੀ ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ।
ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਾਉਣ ਲਈ www.poscos.pssai.gov.in ‘ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸਿਵਲ ਸਰਜਨ ਦਫ਼ਤਰ ਦੇ ਫੂਡ ਕਲਰਕ ਦੀ ਈ-ਮੇਲ ਆਈ.ਡੀ. clerkfoodludhiana@gmail.com ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਤਿਉਂਹਾਰਾਂ ਦੇ ਇਸ ਸੀਜਨ ਵਿੱਚ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕੋਰੋਨਾ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ।