PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਫ਼ਿਰੋਜ਼ਪੁਰ

ਸਿਹਤ ਵਿਭਾਗ ਵੱਲੋਂ ਆਈ ਫਲੂ ਸਬੰਧੀ ਐਡਵਾਈਜ਼ਰੀ ਜਾਰੀ

Advertisement
Spread Information

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ ,30 ਜੁਲਾਈ 2023

     ਬਰਸਾਤੀ ਮੌਸਮ ਵਿੱਚ ਜਲਦੀ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਅੱਖਾਂ ਦੀਆਂ ਬੀਮਾਰੀਆਂ ਵੀ ਆਮ ਹਨ, ਖਾਸ ਕਰਕੇ ਇਸ ਮੌਸਮ ਵਿੱਚ ‘ਆਈ ਫਲੂ’ ਬਹੁਤ ਤੇਜੀ ਨਾਲ ਫੈਲਣ ਵਾਲਾ ਰੋਗ ਹੈ। ਬਰਸਾਤੀ ਮੌਸਮ ਵਿੱਚ ਅੱਖਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਅਤੇ ਸਾਫ਼ ਸਫਾਈ ਦਾ ਵਿਸ਼ੇਸ ਧਿਆਨ ਰੱਖਣ ਦੀ ਲੋੜ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ: ਰਜਿੰਦਰਪਾਲ ਨੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਹੈਲਥ ਐਡਵਾਈਜਰੀ ਜਾਰੀ ਕਰਨ ਮੌਕੇ ਕੀਤਾ।                           
     ਜ਼ਿਲੇ ਅੰਦਰ ਕੌਮੀ ਅੰਨਾਪਣ ਰੋਕੂ ਪ੍ਰੋਗਰਾਮ ਦੇ ਜ਼ਿਲਾ ਪ੍ਰੋਗਰਾਮ ਅਧਿਕਾਰੀ ਡਾ: ਸੁਸ਼ਮਾ ਠੱਕਰ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਨਿਵਾਸੀਆਂ ਨੂੰ ਅਜੋਕੇ ਮੌਸਮ ਵਿੱਚ ਅੱਖਾਂ ਦੇ ਰੋਗਾਂ ਤੋਂ ਬਚਾਅ ਲਈ ਅਤੇ ਅੱਖਾਂ ਦੀ ਉਚਿਤ ਸਿਹਤ ਸੰਭਾਲ ਲਈ ਇਹ ਹੈਲਥ ਐਡਵਾਈਜਰੀ ਜਾਰੀ ਕੀਤੀ ਜਾ ਰਹੀ ਹੈ। ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਨੇਤਰ ਰੋਗ ਮਾਹਿਰ ਡਾ. ਦੀਕਸ਼ਿਤ ਸਿੰਗਲਾ ਨੇ ਕਿਹਾ ਕਿ ਬਰਸਾਤੀ ਮੌਸਮ ਵਿੱਚ ਤੇਜੀ ਨਾਲ ਫੈਲਣ ਵਾਲੇ ਕੰਜਕਟਿਵਾਈਟਿਸ/ਆਈ ਫਲੂ ਤੋਂ ਚੌਕਸ ਰਹਿਣ ਦੀ ਲੋੜ ਹੈ। ਇਸ ਰੋਗ  ਦੇ ਲੱਛਣਾਂ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਇਸ ਵਿੱਚ ਅੱਖਾਂ ਦਾ ਸੁਜਣਾਂ, ਲਾਲੀ ਅੱਖਾਂ ਵਿੱਚ ਰੜਕ ਪੈਣੀ ਮੁੱਖ ਲੱਛਣ ਹਨ।ਅੱਖਾਂ ਵਿੱਚ ਵਧੇਰੇ ਗਿੱਡ ਆ ਸਕਦੀ ਹੈ ਅਤੇ ਬੱਚਿਆਂ ਵਿੱਚ ਬੁਖਾਰ ਵੀ ਹੋ ਸਕਦਾ ਹੈ। ਆਈ ਫਲੂ ਤੋਂ ਬਚਾਅ ਅਤੇ ਇਸ ਰੋਗ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਰੋਗ,ਪੀੜਿਤ ਵਿਅਕਤੀ ਦੀਆਂ ਅੱਖਾਂ ਵੱਲ ਦੇਖਣ ਨਾਲ ਨਹੀ ਫੈਲਦਾ ਸਗੋਂ ਪੀੜਿਤ ਵਿਅਕਤੀ ਨਾਲ ਤੌਲੀਆ, ਮੇਕਅਪ ਆਦਿ ਵਸਤਾਂ ਸਾਂਝੀਆ ਕਰਨ ਨਾਲ ਫੈਲ ਸਕਦਾ ਹੈ। 
       ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਬਚਾਅ ਲਈ ਹੱਥਾਂ ਨੂੰ ਸਮੇਂ ਸਮੇਂ ਤੇ ਸਾਬਣ ਪਾਣੀ ਨਾਲ ਚੰਗੀ ਤਰਾਂ ਸਾਫ ਕੀਤਾ ਜਾਵੇ, ਪੀੜਤ ਵਿਅਕਤੀ ਸਵਿਮਿੰਗ ਨਾ ਕਰੇ, ਅੱਖਾਂ ਨੂੰ ਦਿਨ ਵਿੱਚ ਦੋ ਤਿੰਨ ਵਾਰ ਸਾਫ ਪਾਣੀ ਨਾਲ ਸਾਫ ਕੀਤਾ ਜਾਵੇ ਅਤੇ ਗਹਿਰੇ ਰੰਗ ਦੇ ਧੁੱਪ ਵਾਲੇ ਚਸ਼ਮੇ ਦਾ ਇਸਤੇਮਾਲ ਕਰਨ ਤੋਂ ਇਲਾਵਾ ਆਪਣੇ ਆਲੇ ਦੁਆਲੇ ਅਤੇ ਨਿੱਜੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਬਿਨਾ ਡਾਕਟਰੀ ਸਲਾਹ ਤੋਂ ਅੱਖਾਂ ਲਈ ਕਿਸੇ ਵੀ ਦਵਾਈ ਦੀ ਵਰਤੋਂ ਨਾ ਕੀਤੀ  ਜਾਵੇ।

Spread Information
Advertisement
Advertisement
error: Content is protected !!