ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੀ ਸੁਵਿਧਾ ਲਈ ਸਥਾਪਿਤ ਵਿਸ਼ੇਸ਼ ਹੈਲਪ ਡੈਸਕ
ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੀ ਸੁਵਿਧਾ ਲਈ ਸਥਾਪਿਤ ਵਿਸ਼ੇਸ਼ ਹੈਲਪ ਡੈਸਕ
- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਧਾਨ ਸਭਾ ਚੋਣਾਂ ਬਾਰੇ ਦਿਸ਼ਾ ਨਿਰਦੇਸ਼ ਜਾਰੀ
ਪਰਦੀਪ ਕਸਬਾ ,ਸੰਗਰੂਰ, 11 ਜਨਵਰੀ:2022
ਆਦਰਸ਼ ਚੋਣ ਜ਼ਾਬਤੇ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ ਚੋਣਾਂ ਦੇ ਸਮੁੱਚੇ ਅਮਲ ਦੌਰਾਨ ਸਿਆਸੀ ਪਾਰਟੀਆਂ ਤੇ ਸੰਭਾਵੀ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੁਆਰਾ ਸਮੇਂ ਸਮੇਂ ’ਤੇ ਜਾਰੀ ਹੋਣ ਵਾਲੇ ਦਿਸ਼ਾ ਨਿਰਦੇਸ਼ਾਂ ਬਾਰੇ ਜਿਥੇ ਸਬੰਧਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਲਗਾਤਾਰ ਮੀਟਿੰਗਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਹੀ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰਾਂ ਵਿਖੇ ਵਿਸ਼ੇਸ਼ ਹੈਲਪ ਡੈਸਕ ਵੀ ਸਥਾਪਤ ਕੀਤੇ ਜਾ ਰਹੇ ਹਨ ਜਿਥੇ ਪਹੁੰਚ ਕਰਕੇ ਕੋਈ ਵੀ ਪਾਰਟੀ ਪ੍ਰਤੀਨਿਧ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਣਗੇ। ਇਹ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਨੇ ਅੱਜ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਤਰਫੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸੰਗਰੂਰ ਵਿਖੇ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸਾਫ਼ ਸੁਥਰੇ, ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਵੋਟਾਂ ਦੇ ਅਮਲ ਨੂੰ ਨੇਪਰੇ ਚੜ੍ਹਾਉਣ ਵਿੱਚ ਪ੍ਰਸਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਕੋਵਿਡ ਨਿਯਮਾਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ ਅਤੇ ਕੋਵਿਡ ਕੇਸਾਂ ਦੇ ਵਧਦੇ ਪਸਾਰ ਨੂੰ ਦੇਖਦਿਆਂ ਇਲੈਕਸ਼ਨ ਕਮਿਸ਼ਨ ਦੀ ਤਰਫੋਂ ਜੋ ਜੋ ਪਾਬੰਦੀਆਂ ਲਗਾਈਆਂ ਗਈਆਂ ਹਨ ਉਸ ਬਾਰੇ ਲਗਾਤਾਰ ਪਾਰਟੀ ਪੱਧਰ ’ਤੇ ਸੁਚੇਤ ਕੀਤਾ ਜਾਵੇ ਤਾਂ ਜੋ ਕੋਈ ਵੀ ਆਗੂ ਜਾਂ ਵਰਕਰ ਇਨ੍ਹਾਂਨਿਯਮਾਂ ਦੀ ਉਲੰਘਣਾ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਹੋਣੀ ਚਾਹੀਦੀ ਹੈ ਅਤੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਕੋਲ ਉਮੀਦਵਾਰ ਸਮੇਤ ਸਿਰਫ਼ ਤਿੰਨ ਹੀ ਨਾਗਰਿਕਾਂ ਨੂੰ ਪਹੁੰਚਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਪ੍ਰਤੀਨਿਧੀਆਂ ਨੂੰ ਉਮੀਦਵਾਰ ਦੇ ਪੱਧਰ ’ਤੇ ਵੱਖਰਾ ਬੈਂਕ ਖ਼ਾਤਾ ਖੋਲ੍ਹਣ ਤੇ ਇਸ ਨਾਲ ਸਬੰਧਤ ਸਮੂਹ ਖਰਚੇ ਦੇ ਲੈਣ ਦੇਣ ਦਾ ਰਜਿਸਟਰ ਮੇਨਟੇਨ ਕਰਨ, ਰੋਜ਼ਾਨਾ ਆਧਾਰ ’ਤੇ ਖਰਚੇ ਸ਼ਾਮਲ ਕਰਨ ਆਦਿ ਸਮੇਤ ਹੋਰ ਦਿਸ਼ਾ ਨਿਰਦੇਸ਼ਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।