ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ : ਡਿਪਟੀ ਕਮਿਸ਼ਨਰ
ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ : ਡਿਪਟੀ ਕਮਿਸ਼ਨ
- ਲੰਗਰਾਂ ਲਈ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਲਿਆਂਦਾ ਜਾ ਸਕੇਗਾ ਰਾਸ਼ਨ
- ਰਾਤ 10:00 ਵਜੇ ਤੋਂ ਸਵੇਰੇ 9:00 ਵਜੇ ਤੱਕ ਹੋਵੇਗੀ ਦੁੱਧ ਲਿਆਉਣ ਦੀ ਪ੍ਰਵਾਨਗੀ
- ਸੰਗਤਾਂ ਦੀ ਸਹੂਲਤ ਲਈ ਇਕੋ ਥਾਂ ਦੁੱਧ ਇਕੱਤਰ ਕਰਨ ਲਈ ਬਣਾਏ ਜਾਣਗੇ ਕੁਲੈਕਸ਼ਨ ਸੈਂਟਰ
- ਸਮੂਹ ਅਧਿਕਾਰੀ ਸ਼ਹੀਦੀ ਸਭਾ ਦੀ ਇਤਿਹਾਸਕ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਮਿਹਨਤ ਨਾਲ ਨਿਭਾਉਣ ਆਪਣੇ ਫਰਜ਼
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 14 ਦਸੰਬਰ: 2021
ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਵੱਡੀ ਗਿਣਤੀ ’ਚ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਬੱਚਤ ਭਵਨ ਵਿਖੇ ਸ਼ਹੀਦੀ ਸਭਾ ਦੇ ਅਗੇਤੇ ਪ੍ਰਬੰਧਾਂ ਦਾ ਜਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਜੋ ਸਾਨੂੰ ਇਸ ਮਹਾਨ ਧਰਤੀ ’ਤੇ ਸੇਵਾ ਕਰਨ ਦਾ ਮੌਕਾ ਹਾਸਲ ਹੋਇਆ, ਇਸ ਲਈ ਅਧਿਕਾਰੀ ਸ਼ਹੀਦੀ ਸਭਾ ਦੌਰਾਨ ਸਮਰਪਣ ਦੀ ਭਾਵਨਾਂ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਲਗਾਏ ਜਾਣ ਵਾਲੇ ਲੰਗਰਾਂ ਲਈ ਰਾਸ਼ਨ ਆਦਿ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ ਲਿਆਂਦਾ ਜਾ ਸਕੇਗਾ ਜਦੋਂ ਕਿ ਰਾਤ 10:00 ਵਜੇ ਤੋਂ ਸਵੇਰੇ 9:00 ਵਜੇ ਤੱਕ ਦੁੱਧ ਲਿਆਉਣ ਦੀ ਪ੍ਰਵਾਨਗੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਦੁੱਧ ਇੱਕੋ ਥਾਂ ਇਕੱਤਰ ਕਰਨ ਲਈ ਕੁਲੈਕਸ਼ਨ ਸੈਂਟਰ ਵੀ ਬਣਾਏ ਜਾਣਗੇ ਜਿਥੋਂ ਕਿ ਛੋਟੀਆਂ ਗੱਡੀਆਂ ਰਾਹੀਂ ਦੁੱਧ ਲੰਗਰਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿਨ ਸਮੇਂ ਰਾਸ਼ਨ, ਦੁੱਧ ਜਾਂ ਕੋਈ ਹੋਰ ਵਸਤੂ ਲਿਆਉਣ ਕਾਰਨ ਆਵਾਜ਼ਾਈ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਸ਼ਰਧਾਲੂਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ’ ਨਿੱਕੀਆਂ ਜਿੰਦਾਂ-ਵੱਡੇ ਸਾਕੇ ’ ਦੇ ਨਾਮ ਨਾਲ ਵੀ ਜਾਣੀ ਜਾਂਦੀ ਸ਼ਹੀਦੀ ਸਭਾ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਿਰਦੈ ਵਲੁੰਧਰਣ ਵਾਲੀ ਘਟਨਾ ਹੈ ਇਸ ਲਈ ਪ੍ਰਸ਼ਾਸ਼ਨ ਵੱਲੋਂ ਜਿਥੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਅਤੇ ਜੋਤੀ ਸਰੂਪ ਮੋੜਾਂ ਤੋਂ ਚੁੰਗੀ ਨੰਬਰ 4 ਦੀ ਸੜਕ ਦੇ ਆਲੇ ਦੁਆਲੇ ਆਰਜ਼ੀ ਦੁਕਾਨਾਂ ਲਗਾਉਣ ਦੀ ਮਨਾਹੀਂ ਹੋਵੇਗੀ ਅਤੇ ਸ਼ਹੀਦੀ ਸਭਾ ਵਾਲੇ ਖੇਤਰ ਵਿੱਚ ਭਿਖਾਰੀਆਂ ਦੇ ਦਾਖਲੇ ’ਤੇ ਵੀ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਆਰਜ਼ੀ ਦੁਕਾਨਾਂ ਲੱਗਣ ਨਾਲ ਆਵਾਜ਼ਾਈ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਭਿਖਾਰੀਆਂ ਦੀ ਆੜ ਵਿੱਚ ਜੇਬ ਕਤਰੇ ਅਤੇ ਹੋਰ ਅਸਮਾਜਿਕ ਤੱਤ ਅਣਸੁਖਾਂਵੀ ਘਟਨਾਂ ਨੂੰ ਅੰਜ਼ਾਮ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਮਨੋਰੰਜਨ ਦੀਆਂ ਖੇਡਾਂ ’ਤੇ ਪਾਬੰਦੀ ਵੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਸੰਗਤਾਂ ਦੀ ਸਹੂਲਤ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਅਤੇ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਸ਼ਹੀਦੀ ਸਭਾ ਦੇ ਪ੍ਰਮੁੱਖ ਸਥਾਨਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਕਾਰਜ ਸਾਧਕ ਅਫਸਰ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨੂੰ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਮੁਕੰਮਲ ਸਾਫ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਲਗਾਤਾਰ ਫੌਗਿੰਗ ਕਰਵਾਈ ਜਾਵੇ ਤਾਂ ਜੋ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਸੰਗਤਾਂ ਨੂੰ ਬਚਾਇਆ ਜਾ ਸਕੇ।
ਮੀਟਿੰਗ ਵਿੱਚ ਐਸ.ਪੀ. ਨਵਰੀਤ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਹਰਕੰਵਲਜੀਤ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਹਿਮਾਂਸ਼ੂ ਗੁਪਤਾ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਯਸ਼ਪਾਲ ਸ਼ਰਮਾ ਅਤੇ ਸਹਾਇਕ ਕਮਿਸ਼ਨਰ (ਜ) ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।