ਸਹਿਕਾਰੀ ਸਭਾਵਾਂ ਵੱਲੋਂ ਵਿਧਾਇਕ ਨਾਗਰਾ ਜੀ ਦਾ ਕੀਤਾ ਗਿਆ ਸਨਮਾਨ
ਸਹਿਕਾਰੀ ਸਭਾਵਾਂ ਵੱਲੋਂ ਵਿਧਾਇਕ ਨਾਗਰਾ ਜੀ ਦਾ ਕੀਤਾ ਗਿਆ ਸਨਮਾਨ
- ਪੰਜਾਬ ਸਰਕਾਰ ਕਿਸਾਨਾਂ ਨੂੰ ਨਹੀਂ ਪੇਸ਼ ਆਉਣ ਦੇਵੇਗੀ ਕੋਈ ਪ੍ਰੇਸ਼ਾਨੀ : ਨਾਗਰਾ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ 06 ਜਨਵਰੀ: 2022
ਸਰਹਿੰਦ ਬਲਾਕ ਦੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਆਉਣ ਕਾਰਨ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਸੰਸਦ ਮੈਂਬਰ ਸ. ਅਮਰ ਸਿੰਘ ਦੇ ਸਹਿਯੋਗ ਨਾਲ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ, ਜਿਸ ਸਦਕਾ ਸਰਹਿੰਦ ਵਿਖੇ ਯੂਰੀਆ ਦੇ ਦੋ ਰੈਕ 55 ਮੀਟ੍ਰਿਕ ਟਨ ਤੇ 58 ਮੀਟ੍ਰਿਕ ਟਨ ਸਰਹਿੰਦ ਬਲਾਕ ਲਈ ਲੱਗੇ ਅਤੇ ਜਲਦ ਹੀ ਇਕ ਰੈਕ ਹੋਰ ਲੱਗ ਰਿਹਾ ਹੈ। ਇਹਨਾਂ ਯਤਨਾਂ ਲਈ ਬਲਾਕ ਦੀਆਂ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ, ਜਿਸ ਵਿੱਚ ਕਿਸਾਨਾਂ ਨੇ ਵੀ ਵਿਧਾਇਕ ਦੀਆਂ ਕੋਸਿ਼ਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰ ਰਹੀ ਹੈ ਅਤੇ ਦੇਸ਼ ਵਿੱਚ ਸੂਬੇ ਦੀ ਕਾਂਗਰਸ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਵੱਡਾ ਕਦਮ ਉਠਾਇਆ ਜਿਸ ਨਾਲ ਵੱਡੀ ਗਿਣਤੀ ਕਿਸਾਨਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਦੀ ਘਾਟ ਕਿਸਾਨਾਂ ਲਈ ਬਹੁਤ ਵੱਡੀ ਪ੍ਰੇਸ਼ਾਨੀ ਬਣ ਸਕਦੀ ਸੀ ਪ੍ਰੰਤੂ ਫ਼ਤਹਿਗੜ੍ਹ ਸਾਹਿਬ ਦੇ ਮੈਂਬਰ ਲੋਕ ਸਭਾ ਡਾ: ਅਮਰ ਸਿੰਘ ਵੱਲੋਂ ਤੁਰੰਤ ਕੇਂਦਰ ਦੇ ਸਬੰਧਤ ਮੰਤਰੀ ਅਤੇ ਉਚ ਅਧਿਕਾਰੀਆਂ ਨਾਲ ਇਸ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ। ਜਿਸ ਦੇ ਨਤੀਜ਼ੇ ਵਜੋਂ ਸਰਹਿੰਦ ਬਲਾਕ ਦੇ ਕਿਸਾਨਾਂ ਲਈ ਪਹਿਲਾਂ 55 ਮੀਟ੍ਰਿਕ ਟਨ ਤੇ ਫਿਰ 58 ਮੀਟ੍ਰਿਕ ਟਨ ਯੂਰੀਆ ਦੇ ਦੋ ਰੈਕ ਲੱਗੇ ਅਤੇ ਤੀਜਾ ਰੈਕ ਵੀ ਛੇਤੀ ਹੀ ਲੱਗ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।
ਵਿਧਾਇਕ ਨੇ ਕਿਹਾ ਕਿ ਸਰਹਿੰਦ ਵਿਖੇ ਯੂਰੀਆ ਦੇ ਰੈਕ ਲੱਗਣ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਯੂਰੀਆ ਖਰੀਦਣ ਲਈ ਦੂਰ ਜਾਣਾ ਪੈਂਦਾ ਸੀ ਪ੍ਰੰਤੂ ਹੁਣ ਉਨ੍ਹਾਂ ਨੂੰ ਘਰਾਂ ਦੇ ਨਜ਼ਦੀਕ ਹੀ ਯੂਰੀਆ ਉਪਲਬਧ ਹੋਇਆ ਹੈ। ਇਸ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਵੀ ਦੂਰ ਹੋਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਵਿਧਾਇਕ ਹੋਣ ਨਾਤੇ ਉਨ੍ਹਾਂ ਦਾ ਇਹ ਫਰ਼ਜ ਬਣਦਾ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦਾ ਫੌਰੀ ਤੌਰ ’ਤੇ ਹੱਲ ਕਰਵਾਉਣ ਅਤੇ ਆਪਣੀ ਇਸ ਡਿਊਟੀ ਨੂੰ ਉਨ੍ਹਾਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀ ਲਾਗਤਾਂ ਵੱਧਣ ਕਾਰਨ ਆਰਥਿਕ ਤੌਰ ’ਤੇ ਤੰਗੀ ਮਹਿਸੂਸ ਕਰ ਰਹੇ ਹਨ ਜਿਸ ਦੇ ਹੱਲ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਹਿਕਾਰੀ ਸਭਾਵਾਂ ਰਾਹੀਂ ਘੱਟ ਕਿਰਾਏ ’ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਬਹਾਦਰ ਸਿੰਘ ਜੱਲਾ, ਗੁਰਮੀਤ ਸਿੰਘ ਬਿੱਟੂ, ਪ੍ਰਮੋਦ ਕੁਮਾਰ, ਰਾਜਿੰਦਰ ਸਿੰਘ ਬਧੌਛੀ, ਲਖਵੀਰ ਸਿੰਘ ਲਲਹੇੜੀ, ਤਰਨਵੀਰ ਸਿੰਘ ਚਨਾਰਥਲ, ਸਹਿਕਾਰੀ ਸਭਾ ਸਰਹਿੰਦ ਦੇ ਚੇਅਰਮੈਨ ਤੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲਾ, ਸਹਿਕਾਰੀ ਸਭਾ ਸੰਗਤਪੁਰਾ ਸੌਢੀਆਂ ਦੇ ਪ੍ਰਧਾਨ ਰਣਜੀਤ ਸਿੰਘ ਹੁਸੈਨਪੁਰਾ, ਜਤਿੰਦਰ ਸਿੰਘ ਬੱਬੀ ਤੇ ਸਮੂਹ ਸਹਿਕਾਰੀ ਸਭਾ ਦੇ ਸਮੂਹ ਮੁਲਾਜ਼ਮ ਹਾਜ਼ਰ ਸਨ।