Advertisement
ਸਵੀਪ ਮੁਹਿੰਮ ਤਹਿਤ ਮਲਟੀਪਰਪਜ਼ ਸਕੂਲ ਵਿਖੇ ਲਗਾਇਆ ਵੋਟਰ ਜਾਗਰੂਕਤਾ ਕੈਂਪ
ਨਾਟਕ ਰਾਹੀਂ ਨਵੀਂ ਪੀੜ੍ਹੀ ਨੂੰ ਕੀਤਾ ਵੋਟ ਪਾਉਣ ਲਈ ਉਤਸ਼ਾਹਿਤ
ਰਿਚਾ ਨਾਗਪਾਲ,ਪਟਿਆਲਾ 30 ਨਵੰਬਰ: 2021
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੇ ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ‘ਚ ਇੱਕ ਦਿਨਾ ਵੋਟਰ ਜਾਗਰੂਕਤਾ ਤੇ ਵੋਟ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ। ਜਿਸ ਦੌਰਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਤੇ ਮੇਜ਼ਬਾਨ ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਵਿਦਿਆਰਥੀਆਂ ਨੂੰ ਵੋਟ ਦੀ ਅਹਿਮੀਅਤ ਤੇ ਯੋਗ ਵਰਤੋਂ ਕਰਨ ਸਬੰਧੀ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਦਾ ਮਕਸਦ ਹਰ ਯੋਗ ਵਿਅਕਤੀ ਨੂੰ ਵੋਟ ਬਣਾਉਣ ਲਈ ਉਤਸ਼ਾਹਿਤ ਕਰਨਾ ਅਤੇ ਵੋਟ ਦੀ ਸਹੀ ਵਰਤੋਂ ਕਰਨ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਪਾਉਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਲੋਕਤੰਤਰ ਦਾ ਤਿਉਹਾਰ’ ਦਾ ਮੰਚਨ ਕੀਤਾ ਗਿਆ। ਜਿਸ ਰਾਹੀਂ ਤਨੂਜਾ, ਕਿਰਨ, ਸ਼ਰਨਦੀਪ, ਜੈਸਮੀਨ ਕੌਰ ਤੇ ਰਿੱਕੀ ਨੇ ਹਰ ਵਰਗ ਦੇ ਵੋਟਰਾਂ ਨੂੰ ਵੋਟ ਹਰ ਹਾਲਤ ‘ਚ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦਿੱਤਾ। ਇਸ ਨਾਟਕ ਰਾਹੀਂ ਵੋਟ ਸਮਝਦਾਰੀ ਤੇ ਵਧੀਆ ਉਮੀਦਵਾਰਾਂ ਨੂੰ ਹਰ ਹਾਲਤ ‘ਚ ਪਾਉਣ ਦਾ ਹੋਕਾ ਦਿੱਤਾ ਗਿਆ ਅਤੇ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਚਾਨਣਾ ਪਾਇਆ ਗਿਆ।
ਇਸ ਮੌਕੇ ਜਸਵੀਰ ਸਿੰਘ, ਨਵਜੋਤ ਸਿੰਘ, ਜਸਪਾਲ ਸਿੰਘ ਤੇ ਲਵਲੀਨ ਸਿੰਘ ਨੇ ਯੋਗ ਨੌਜਵਾਨਾਂ ਦੀਆਂ ਮੌਕੇ ‘ਤੇ ਵੋਟਾਂ ਬਣਾਈਆਂ। ਅਖੀਰ ‘ਚ ਪ੍ਰਿੰ. ਤੋਤਾ ਸਿੰਘ ਚਹਿਲ ਤੇ ਹਾਈ ਬ੍ਰਾਂਚ ਦੀ ਇੰਚਾਰਜ ਮਨਪ੍ਰੀਤ ਕੌਰ ਨੇ ਨਾਟਕ ਮੰਡਲੀ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ।
Advertisement
Advertisement