PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਧਰਮ ਤੇ ਧਿਆਨ ਪੰਜਾਬ ਫ਼ਤਿਹਗੜ੍ਹ ਸਾਹਿਬ ਮਾਲਵਾ ਰਾਜਸੀ ਹਲਚਲ

ਸਰਹਿੰਦ ਦੀ ਲਾਸਾਨੀ ਸ਼ਹਾਦਤ ਹਮੇਸ਼ਾਂ ਪ੍ਰੇਰਨਾਸ੍ਰੋਤ ਰਹੇਗੀ- ਡੀ ਸੀ ਪੂਨਮਦੀਪ ਕੌਰ

Advertisement
Spread Information

ਸਰਹਿੰਦ ਦੀ ਲਾਸਾਨੀ ਸ਼ਹਾਦਤ ਹਮੇਸ਼ਾਂ ਪ੍ਰੇਰਨਾਸ੍ਰੋਤ ਰਹੇਗੀ- ਡੀ ਸੀ ਪੂਨਮਦੀਪ ਕੌਰ

  • ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ

    ਅਸ਼ੋਕ ਧੀਮਾਨ.ਫ਼ਤਹਿਗੜ੍ਹ ਸਾਹਿਬ, 25 ਦਸੰਬਰ :2021

      ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਅੱਜ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਵਿਹੜੇ ਚ ਭਾਸ਼ਾ ਵਿਭਾਗ ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਚ ਸ਼ਿਰਕਤ ਕਰਦਿਆਂ ਕਿਹਾ ਕਿ ਸਰਹਿੰਦ ਦੀ ਲਾਸਾਨੀ ਸ਼ਹਾਦਤ ਹਮੇਸ਼ਾਂ ਪ੍ਰੇਰਨਾਸ੍ਰੋਤ ਰਹੇਗੀ। ਉਨ੍ਹਾਂ ਕਿਹਾ ਕਿ ਨਿੱਕੀਆਂ ਜਿੰਦਾਂ ਦੀ ਕੁਰਬਾਨੀ ਨੇ ਇੱਕ ਵਿਲੱਖਣ ਇਤਿਹਾਸ ਰਚਿਆ ਹੈ ਅਤੇ ਉਹ ਆਪਣੇ ਆਪ ਨੂੰ ਇਸ ਪਵਿੱਤਰ ਧਰਤੀ ਦੀ ਸੇਵਾ ਕਰਕੇ ਬਹੁਤ ਹੀ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ।

       ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਦੂਰ ਦੂਰ ਤੋਂ ਨਤਮਸਤਕ ਹੋਣ ਆ ਰਹੀਆਂ ਸੰਗਤਾਂ ਦੀ ਸਹੂਲਤ ਵਾਸਤੇ ਪੁਖ਼ਤਾ ਪ੍ਰਬੰਧ ਤਾਂ ਕੀਤੇ ਹੀ ਹਨ ਪਰ ਇਨ੍ਹਾਂ ਪ੍ਰਬੰਧਾਂ ਦੇ ਨਾਲ ਨਾਲ ਸੰਗਤਾਂ ਵੀ ਸਵੈ ਅਨੁਸਾਸ਼ਨ ਦਾ ਪ੍ਰਮਾਣ ਦਿੰਦੇ ਹੋਏ ਪੂਰੀ ਮਰਿਆਦਾ ਅਤੇ ਸ਼ਰਧਾ ਨਾਲ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਪ੍ਰਸਾਸ਼ਨ ਨੂੰ ਸਹਿਯੋਗ ਦੇਣ।

      ਇਸ ਮੌਕੇ ਉਨ੍ਹਾਂ ਦੇ ਨਾਲ ਐਮ ਐਲ ਏ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਮਨਦੀਪ ਕੌਰ ਨਾਗਰਾ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਕਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ, ਅਨੁਪ੍ਰਿਤਾ ਜੌਹਲ, ਹਰਕੰਵਲਜੀਤ ਸਿੰਘ, ਐਸ ਡੀ ਐਮ ਹਿਮਾਂਸ਼ੂ ਗੁਪਤਾ, ਐਸ ਡੀ ਐਮ ਬੱਸੀ ਪਠਾਣਾਂ ਯਸ਼ਪਾਲ, ਸਹਾਇਕ ਕਮਿਸ਼ਨਰ ਅਸ਼ੋਕ ਕੁਮਾਰ, ਐਸ ਡੀ ਐਮ ਰਾਜਪੁਰਾ ਸੰਜੀਵ ਕੁਮਾਰ ਤੇ ਤਹਿਸੀਲਦਾਰ ਗੁਰਜਿੰਦਰ ਸਿੰਘ ਵੀ ਮੌਜੂਦ ਸਨ।

      ਕਵੀ ਦਰਬਾਰ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਪ੍ਰੋ. ਅੱਛਰੂ ਸਿੰਘ ਨੇ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿੱਚ ਪਰਮਜੀਤ ਕੌਰ ਸਰਹਿੰਦ ਤੇ ਮਾਤਾ ਗੁਜਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਸਾਧੂ ਸਿੰਘ ਪਨਾਗ ਸ਼ਾਮਿਲ ਸਨ।

      ਕਵੀ ਦਰਬਾਰ ਚ ਰਚਨਾਵਾਂ ਪੇਸ਼ ਕਰਨ ਵਾਲੇ ਕਵੀਆਂ ਚੋਂ ਡਾਕਟਰ ਜਗਜੀਤ ਸਿੰਘ ਗੁਰਮ ਨੇ ਗੁਰੂ ਉਸਤਿਤ ਵਿੱਚ ਆਪਣੀ ਕਾਵਿ ਰਚਨਾ 42 ਸਾਲ ਨਾਲ ਸ਼ੁਰੂਆਤ ਕੀਤੀ।ਹਰਬੰਸ ਸ਼ਾਨ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਰਚਨਾ ‘ਦਸ਼ਮੇਸ਼ ਪਿਤਾ ਦਾ ਕਰਜ਼ਾ ਕੋਈ ਉਤਾਰ ਨਹੀਂ ਸਕਦਾ’ ਸੁਣਾਈ।ਬਲਤੇਜ ਸਿੰਘ ਬਠਿੰਡਾ ਨੇ ਜ਼ੋਰਾਵਰ ਤੇ ਫਤਹਿ ਸਿੰਘ ਹਸ ਧਰਮ ਤੋਂ ਜਾਨਾਂ ਵਾਰ ਗਏ, ਅਮਰਬੀਰ ਸਿੰਘ ਚੀਮਾ ਨੇ ਕਵਿਤਾ ਪੋਹ ਦਾ ਮਹੀਨਾ ‘ਚ ਸਰਸਾ ਦੇ ਪਾਣੀ ਤੋਂ ਸ਼ਹੀਦੀ ਸਾਕੇ ਤੱਕ ਦਾ ਕਾਵਿ ਪੇਸ਼ ਕੀਤਾ।

       ਮਨਿੰਦਰ ਕੌਰ ਬੱਸੀ ਪਠਾਣਾਂ ਨੇ ਬਾਲਕ ਗੁਰੂ ਗੋਬਿੰਦ ਸਿੰਘ ਦੇ ਕਵਿਤਾ ਰਾਹੀਂ ਸਾਹਿਬਜ਼ਾਦਿਆਂ ਦੀ ਅਡੋਲਤਾ ਬਾਰੇ ਦੱਸਿਆ। ਮਨਜੀਤ ਸਿੰਘ ਘੁੰਮਣ ਨੇ ਦਸ਼ਮੇਸ਼ ਪਿਤਾ ਜੀ ਦੇ ਲਾਲ ਜੇ ਨਾ ਨੀਹਾਂ ਚ ਖੜ੍ਹਦੇ, ਅੱਜ ਕਲਮੇ ਹੋਣਾ ਸੀ ਇਥੇ ਫੇਰ ਸਾਰਿਆਂ ਨੇ ਪੜ੍ਹਦੇ ਅਤੇ ਗੁਰਪ੍ਰੀਤ ਸਿੰਘ ਜਖਵਾਲੀ ਨੇ ਆਪਣੇ ਗੀਤ ਚ ਦਸਮੇਸ਼ ਪਿਤਾ ਅਤੇ ਭਾਈ ਦਯਾ ਸਿੰਘ ਦੀ ਗਲਬਾਤ ਨੂੰ ਕਾਵਿਕ ਰੂਪ ਚ ਪੇਸ਼ ਕੀਤਾ।

       ਐਡਵੋਕੇਟ ਦਰਬਾਰਾ ਸਿੰਘ ਢੀਂਡਸਾ ਨੇ ਆਪਣੀ ਧਾਰਮਿਕ ਰਚਨਾ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਅਦੁੱਤੀ ਬਲੀਦਾਨ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਾਰਨ ਦਾ ਇਤਿਹਾਸ ਪੇਸ਼ ਕੀਤਾ। ਉਪਕਾਰ ਸਿੰਘ ਦਿਆਲਪੁਰੀ ਨੇ ਮੋਤੀ ਮਹਿਰਾ ਜੀ ਵਲੋਂ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੇ ਨੀਹਾਂ ਚ ਚਿਣਵਾਏ ਜਾਣ ਤੇ ਸ਼ਹਾਦਤ ਦੀ ਵੈਰਾਗਮਈ ਗਾਥਾ ਨੂੰ ਕਾਵਿਕ ਰੂਪ ਚ ਸੁਣਾਇਆ। ਗੁਰਪ੍ਰੀਤ ਸਿੰਘ ਬੀੜ ਕਿਸ਼ਨਪੁਰੀ ਨੇ ‘ਕੱਕਰਾਂ ਦੀ ਰਾਤ ਠੰਡੀ, ਨਦੀ ਠਾਠਾਂ ਮਾਰਦੀ’ ਰਾਹੀਂ ਗੁਰੂ ਪਰਿਵਾਰ ਦੀ ਅਦੁੱਤੀ ਗਾਥਾ ਬਿਆਨੀ। ਪਰਮਜੀਤ ਕੌਰ ਸਰਹਿੰਦ ਨੇ ਇਹ ਧਰਤੀ ਹੈ ਸ਼ਹੀਦਾਂ ਦੀ, ਇਹ ਜ਼ਰ੍ਹੇ ਨਹੀਂ ਸਿਤਾਰੇ ਨੇ, ਰੁਸ਼ਨਾ ਗਏ ਜਿਸ ਨੂੰ ਗੁਰੂ ਦੇ ਲਾਲ ਪਿਆਰੇ ਨੇ ਅਤੇ ਸਾਧੂ ਸਿੰਘ ਪਨਾਗ ਵਾਈਸ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਨੇ ਆਪਣੀ ਕਾਵਿ ਰਚਨਾ ‘ਹੱਕ ਸੱਚ ਤੇ ਅਣਖ ਦੀ ਸਿਖਿਆ ਦਿੱਤੀ ਜੋ ਸਰਹਿੰਦ ਭੁੱਲ ਨਾ ਜਾਇਓ’ ਰਾਹੀਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ। ਡਾਕਟਰ ਸਨੇਹਇੰਦਰ ਮੀਲੂ ਨੇ ‘ਨੀਹਾਂ ਸਰਹਿੰਦ ਦੀਆਂ ਵਿੱਚ ਜੋਤ ਸਦਾ ਜਗਦੀ, ਇਕ ਇਹੀ ਗਾਥਾ ਜਦ ਸੁਣਾ ਨਵੀਂ ਲਗਦੀ’ ਰਾਹੀਂ ਸਾਕਾ ਸਰਹਿੰਦ ਬਾਰੇ ਦੱਸਿਆ। ਸੁਖਦੇਵ ਸਿੰਘ ਇਨਾਇਤਪੁਰੀ ਨੇ ਵੀ ਗੁਰੂ ਉਸਤਤ ਵਿੱਚ ਆਪਣੀ ਰਚਨਾ ਪੇਸ਼ ਕੀਤੀ। ਜਸਬੀਰ ਸਿੰਘ ਵੇਰਕਾ ਨੇ ਵੀ ਇਸ ਮੌਕੇ ਧਾਰਮਿਕ ਗੀਤ ਨਾਲ ਹਾਜ਼ਰੀ ਲਗਵਾਈ।
       ਡਾਕਟਰ ਅੱਛਰੂ ਸਿੰਘ ਨੇ ਆਪਣੇ ਸੰਖੇਪ ਸੰਬੋਧਨ ਚ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਮਿਲੇ ਸੰਸਕਾਰਾਂ ਅਤੇ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਇਸ ਮੌਕੇ ਕੁਲਵੰਤ ਸਿੰਘ ਨਾਰੀਕੇ ਵੱਲੋਂ ਸੰਪਾਦਿਤ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਮੈਗਜ਼ੀਨ ਗੁਸਈਆਂ ਦਾ ਵਿਸ਼ੇਸ਼ ਅੰਕ ਡੀਸੀ ਪੂਨਮਦੀਪ ਕੌਰ ਅਤੇ ਮਨਦੀਪ ਕੌਰ ਨਾਗਰਾ ਵੱਲੋਂ ਰਿਲੀਜ਼ ਕੀਤਾ ਗਿਆ। ਗੀਤਕਾਰ ਤੇ ਗਾਇਕ ਰਾਮ ਸਿੰਘ ਅਲਬੇਲਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਗੀਤ ਵੀ ਇਸ ਮੌਕੇ ਰਿਲੀਜ਼ ਕੀਤਾ ਗਿਆ।
      ਇਸ ਮੌਕੇ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ, ਸਤਨਾਮ ਸਿੰਘ, ਪ੍ਰਵੀਨ ਕੁਮਾਰ ਅਤੇ ਤਜਿੰਦਰ ਸਿੰਘ ਗਿੱਲ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਭਜਨ ਕੌਰ ਮੌਜੂਦ ਸਨ। ਇਸ ਮੌਕੇ ਸਮੂਹ ਮਹਿਮਾਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਕਿਤਾਬਾਂ ਦੇ ਸੈੱਟ ਵੀ ਭੇਟ ਕੀਤੇ ਗਏ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!