ਸਰਕਾਰ ਵੱਲੋਂ ਰੇਤੇ ਦੇ ਭਾਅ ਤੈਅ ਕਰਨ ਨਾਲ ਲੋਕਾਂ ਨੂੰ ਵੱਡੀ ਰਾਹਤ
ਸਰਕਾਰ ਵੱਲੋਂ ਰੇਤੇ ਦੇ ਭਾਅ ਤੈਅ ਕਰਨ ਨਾਲ ਲੋਕਾਂ ਨੂੰ ਵੱਡੀ ਰਾਹਤ
- ਤੈਅ ਰੇਟਾਂ ਤੋਂ ਵੱਧ ਰੇਟ ਉੱਤੇ ਰੇਤਾ ਵੇਚੇ ਜਾਣ ਉੱਤੇ ਹੋਵੇਗੀ ਕਾਰਵਾਈ
- ਲੋਕਾਂ ਵੱਲੋਂ ਕੀਤਾ ਜਾ ਰਿਹਾ ਮੁੱਖ ਮੰਤਰੀ ਦਾ ਧੰਨਵਾਦ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 12 ਦਸੰਬਰ 2021
ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਖੱਡ ਦੇ ਰੇਤੇ ਦੇ ਭਾਅ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਸਰਕਾਰ ਵੱਲੋਂ ਤੈਅ ਕੀਤੀ ਕੀਮਤ ਜੋ ਕਿ 550 ਰੁਪਏ ਪ੍ਰਤੀ ਸੈਂਕੜਾ ਹੈ, ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਲੋਕਾਂ ਵੱਲੋਂ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਓਥੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਭਾਅ ਉਤੇ ਲੋਕਾਂ ਨੂੰ ਰੇਤ ਮੁਹੱਇਆ ਹੋਵੇ, ਨੂੰ ਯਕੀਨੀ ਬਣਾਇਆ ਜਾਵੇ ਤੇ ਤੈਅ ਕੀਤੇ ਗਏ ਮੁੱਲ ਤੋਂ ਵੱਧ ਰੇਤਾ ਨਾ ਵੇਚੀ ਜਾਵੇ ਅਤੇ ਤੈਅ ਰੇਟ ਤੋਂ ਵੱਧ ਕੀਮਤ ਵਸੂਲਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸ਼ਹਿਰ ਵਿਚ ਸੜਕਾਂ ਕਿਨਾਰੇ ਰੇਤ ਦੀਆਂ ਟਰਾਲੀਆਂ ਨਹੀਂ ਖੜ੍ਹੀਆਂ ਹੋਣ ਦਿੱਤੀਆਂ ਜਾਣਗੀਆਂ।
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਰੇਤ ਦੇ ਭਾਅ ਤੈਅ ਕੀਤੇ ਹਨ ਕਿਉਂਕਿ ਆਪਣਾ ਘਰ ਬਣਾਉਣਾ ਹਰੇਕ ਇਨਸਾਨ ਦਾ ਸੁਪਨਾ ਹੁੰਦਾ ਹੈ ਅਤੇ ਇਸ ਸੁਪਨੇ ਦੀ ਪ੍ਰਾਪਤੀ ਲਈ ਜਿ਼ਲ੍ਹਾ ਪ੍ਰਸ਼ਾਸਨ ਹਰ ਸੰਭਵ ਸਹਿਯੋਗ ਦੇਵੇਗਾ। ਉਨ੍ਹਾਂ ਜਿ਼ਲ੍ਹੇ ਦੇ ਸਮੂਹ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਕਿ ਆਮ ਲੋਕਾਂ ਨੂੰ ਤੈਅ ਰੇਟ ’ਤੇ ਰੇਤ ਮੁਹੱਈਆ ਕਰਵਾਉਣ ਲਈ ਆਪਣੀ ਸਬ ਡਵੀਜ਼ਨ ਵਿੱਚ ਟੀਮਾਂ ਬਣਾ ਕੇ ਨਿਗਰਾਨੀ ਯਕੀਨੀ ਬਣਾਉਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਰੇਤੇ ਦੇ ਰੇਟ ਸਬੰਧੀ ਦਿੱਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਸਕੇ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸੀ.ਐਸ.ਆਰ. ਵਿੱਚ ਦਰਜ਼ ਰੇਟਾਂ ਅਨੁਸਾਰ ਕੀਤੀ ਕੈਲਕੁਲੇਸ਼ਨ ਅਤੇ ਟਿੱਪਰ ਯੂਨੀਅਨ ਅਤੇ ਹੋਰ ਰੇਤੇ ਦੇ ਰਿਟੇਲਰਾਂ ਵੱਲੋਂ ਦਿੱਤੇ ਗਏ ਰੇਟ ਅਨੁਸਾਰ ਸਬ ਡਵੀਜ਼ਨ ਖਮਾਣੋਂ ਵਿੱਚ ਰੇਤੇ ਦੇ ਰੇਟ 18 ਰੁਪਏ ਤੋਂ 20 ਰੁਪਏ ਪ੍ਰਤੀ ਕਿਊਬਿਕ ਫੁੱਟ, ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਵਿੱਚ 20 ਰੁਪਏ ਤੋਂ 22 ਰੁਪਏ ਪ੍ਰਤੀ ਕਿਊਬਿਕ ਫੁੱਟ, ਸਬ ਡਵੀਜ਼ਨ ਅਮਲੋਹ ਵਿੱਚ 22 ਰੁਪਏ ਤੋਂ 25 ਰੁਪਏ ਪ੍ਰਤੀ ਕਿਊਬਿਕ ਫੁੱਟ ਅਤੇ ਸਬ ਡਵੀਜ਼ਨ ਬਸੀ ਪਠਾਣਾਂ ਵਿੱਚ 20 ਰੁਪਏ ਤੋਂ 22 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤੇ ਗਏ ਹਨ।
ਇਸ ਬਾਬਤ ਗੱਲ ਕਰਦਿਆਂ ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਸ਼੍ਰੀ ਗੁਲਸ਼ਨ ਰਾਏ ਬੌਬੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਫੈਸਲਾ ਇੱਕ ਇਤਿਹਾਸਕ ਤੇ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਲੰਮੇਂ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਰੇਤ ਮਾਫੀਏ ਕਾਰਨ ਮਹਿੰਗਾ ਰੇਤਾ ਖਰੀਦਣਾ ਪੈ ਰਿਹਾ ਸੀ ਅਤੇ ਇੱਕ ਆਮ ਵਿਅਕਤੀ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰਨਾ ਵੀ ਔਖਾ ਹੋ ਜਾਂਦਾ ਸੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਥੋੜੇ ਦਿਨਾਂ ਦੇ ਕਾਰਜਕਾਲ ਵਿੱਚ ਹੀ ਰੇਤੇ ਦੇ ਭਾਅ ਘਟਾ ਕੇ ਪੰਜਾਬੀਆਂ ਨੂੰ ਬਹੁਤ ਵੱਡੀ ਸੌਗਾਤ ਦਿੱਤੀ ਹੈ। ਜਿਸ ਲਈ ਪੰਜਾਬੀ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਬੰਧਤ ਅਧਿਕਾਰੀਆਂ ਨੂੰ ਇਹ ਆਦੇਸ਼ ਦੇਣੇ ਕਿ ਤੈਅ ਕੀਤੇ ਗਏ ਮੁੱਲ ਤੋਂ ਵੱਧ ਰੇਤਾ ਨਾ ਵਿੱਕਣ ਦਿੱਤੀ ਜਾਵੇ ਅਤੇ ਤੈਅ ਰੇਟ ਤੋਂ ਵੱਧ ਕੀਮਤ ਵਸੂਲਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਵੀ ਚੰਗਾ ਕਦਮ ਹੈ।
ਇਸ ਸਬੰਧੀ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਸ਼੍ਰੀ ਬਲਵਿੰਦਰ ਮਾਵੀ ਤੇ ਸਮਾਜਕ ਆਗੂ ਤੇ ਮਾਰਕਿਟ ਕਮੇਟੀ ਚਨਾਰਥਲ ਦੇ ਅਹੁਦੇਦਾਰ ਬਲਜਿੰਦਰ ਸਿੰਘ ਅਤਾਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਰੇਤ ਦੇ ਭਾਅ ਤੈਅ ਕੀਤੇ ਹਨ ਕਿਉਂਕਿ ਆਪਣਾ ਘਰ ਬਣਾਉਣਾ ਹਰੇਕ ਇਨਸਾਨ ਦਾ ਸੁਪਨਾ ਹੁੰਦਾ ਹੈ ਅਤੇ ਇਸ ਸੁਪਨੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਹਮੇਸ਼ਾਂ ਲੋਕਾਂ ਦੇ ਨਾਲ ਖੜੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਤੈਅ ਰੇਟ ’ਤੇ ਰੇਤ ਮੁਹੱਈਆ ਕਰਵਾਉਣ ਲਈ ਸਮੇਂ ਸਮੇਂ ਸਿਰ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਸੁਪਨੇ ਨਾਲ ਕੋਈ ਖਿਲਵਾੜ ਨਾ ਕਰ ਸਕੇ।