ਸਰਕਾਰ ਵੱਲੋਂ ਨਿਰਧਾਰਿਤ ਰੇਤੇ ਦੇ ਭਾਅ ਤੋਂ ਵੱਧ ਭਾਅ ਵਸੂਲਣ ਵਾਲਿਆਂ ’ਤੇ ਹੋਵੇਗੀ ਕਾਰਵਾਈ: ਡਿਪਟੀ ਕਮਿਸ਼ਨਰ
ਸਰਕਾਰ ਵੱਲੋਂ ਨਿਰਧਾਰਿਤ ਰੇਤੇ ਦੇ ਭਾਅ ਤੋਂ ਵੱਧ ਭਾਅ
ਵਸੂਲਣ ਵਾਲਿਆਂ ’ਤੇ ਹੋਵੇਗੀ ਕਾਰਵਾਈ: ਡਿਪਟੀ ਕਮਿਸ਼ਨਰ
*ਪ੍ਰਸ਼ਾਸਨ ਵੱਲੋਂ ਰੇਤਾ ਵਿਕਰੇਤਾਵਾਂ ਨਾਲ ਮੀਟਿੰਗ ਦੌਰਾਨ ਦਿਸ਼ਾ ਨਿਰਦੇਸ਼ ਜਾਰੀ
ਪਰਦੀਪ ਕਸਬਾ,ਸੰਗਰੂਰ, 29 ਨਵੰਬਰ:2021
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਅੱਜ ਜ਼ਿਲੇ ਦੇ ਰੇਤਾ ਵਿਕਰੇਤਾਵਾਂ ਨਾਲ ਮੀਟਿੰਗ ਕਰਦਿਆਂ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਰੇਤੇ ਦੀਆਂ ਕੀਮਤਾਂ ਨਾਲੋਂ ਵੱਧ ਭਾਅ ਵਸੂਲਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਪੀ ਸ਼੍ਰੀ ਪਲਵਿੰਦਰ ਸਿੰਘ ਚੀਮਾ ਅਤੇ ਐਸ.ਡੀ.ਓ ਡਰੇਨੇਜ਼-ਕਮ-ਮਾਈਨਿੰਗ ਸ਼੍ਰੀ ਹੇਮ ਸਿੰਘ ਸਮੇਤ ਜ਼ਿਲੇ ਭਰ ਤੋਂ ਆਏ ਰੇਤਾ ਵਿਕਰੇਤਾਵਾਂ ਤੇ ਟਰਾਂਸਪੋਰਟਰਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੇਤਾ, ਆਮ ਵਰਤੋਂ ਦੀਆਂ ਵਸਤਾਂ ਵਿੱਚ ਸ਼ਾਮਲ ਹੈ ਅਤੇ ਇਸ ਦੀ ਕਾਲਾਬਜ਼ਾਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਨੋਟੀਫਾਈ ਕੀਤੇ ਭਾਅ ਨਾਲੋਂ ਵੱਧ ਭਾਅ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਉਣ ’ਤੇ ਫੌਰੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰੇਤਾ ਵਾਜਬ ਦਰਾਂ ’ਤੇ ਮੁਹੱਈਆ ਕਰਵਾਉਣ ਲਈ ‘ਪੰਜਾਬ ਸਟੇਟ ਸੈਂਡ ਐਂਡ ਗਰੇਵਲ ਮਾਈਨਿੰਗ ਪਾਲਸੀ-2021’ ਤਹਿਤ ਰੇਤ ਦਾ ਭਾਅ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਪਿੱਟ ਹੈੱਡ ਤੇ ਸੋਰਸ (ਵਾਜਬ ਢੋਆ ਢੁਆਈ ਖਰਚਾ ਵੱਖਰਾ) ’ਤੇ ਨਿਰਧਾਰਿਤ ਕੀਤਾ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਰੇਤ ਦੀਆਂ ਖੱਡਾਂ ਨਹੀਂ ਹਨ ਅਤੇ ਇਹ ਰੇਤ ਜ਼ਿਆਦਾਤਰ ਲੁਧਿਆਣਾ, ਰੂਪਨਗਰ ਅਤੇ ਪਠਾਨਕੋਟ ਜ਼ਿਲੇ ਦੀਆਂ ਖੱਡਾਂ ਅਤੇ ਦਰਿਆਵਾਂ ਤੋਂ ਭਰਿਆ ਜਾਣ ਵਾਲਾ ਹੁੰਦਾ ਹੈ । ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੀਆਂ ਮਨਜ਼ੂਰਸ਼ੁਦਾ ਖੱਡਾਂ ਤੋਂ ਆਉਣ ਵਾਲੇ ਰੇਤੇ ਦਾ ਭਾਅ ਪ੍ਰਤੀ ਘਣ ਫੁੱਟ 25.31 ਰੁਪਏ, ਜ਼ਿਲਾ ਰੋਪੜ ਤੋਂ 28.26 ਰੁਪਏ ਅਤੇ ਪਠਾਨਕੋਟ ਤੋਂ 33.07 ਰੁਪਏ ਦਾ ਭਾਅ ਤੈਅ ਕੀਤਾ ਗਿਆ ਹੈ।