ਸਰਕਾਰੀ ਹਾਈ ਸਕੂਲ ਪਿੰਡ ਸਾਈਆਂ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੁਕਨਾ ਬੇਗੂ ਵਿਖੇ ਰਾਸ਼ਟਰੀ ਮਨੁੱਖੀ
ਸਰਕਾਰੀ ਹਾਈ ਸਕੂਲ ਪਿੰਡ ਸਾਈਆਂ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੁਕਨਾ ਬੇਗੂ ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ
- ਕਿਹਾ, ਮਨੁੱਖੀ ਅਧਿਕਾਰਾਂ ਤਹਿਤ ਹਰ ਇੱਕ ਨਾਗਰਿਕ ਦਾ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 10 ਦਸੰਬਰ 2021
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਦੇ ਹੁਕਮਾਂ ਅਨੁਸਾਰ ਸਰਕਾਰੀ ਹਾਈ ਸਕੂਲ ਪਿੰਡ ਸਾਈਆਂ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੁਕਨਾ ਬੇਗੂ ਵਿਖੇ ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਇਸ ਦਿਵਸ ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਹਾਜ਼ਰ ਹੋਏ ਰਿਟੇਨਰ ਐਡਵੋਕੇਟ ਮਿਸ ਦਮਨਪ੍ਰੀਤ ਕੌਰ ਨੇ ਦੱਸਿਆ ਕਿ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਮਨੁੱਖੀ ਅਧਿਕਾਰਾਂ ਤਹਿਤ ਹਰ ਇੱਕ ਨਾਗਰਿਕ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਇਹ ਸੈਮੀਨਾਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਇੱਕ ਨਾਗਰਿਕ ਲਈ ਸਾਫ ਹਵਾ, ਪਾਣੀ, ਅਤੇ ਵਾਤਾਵਰਣ ਆਦਿ ਤੇੇ ਸਭ ਦਾ ਬਰਾਬਰ ਅਧਿਕਾਰ ਹੈ। ਕਿਸੇ ਵੀ ਨਾਗਰਿਕ ਨੂੰ ਦੂਸਰੇ ਨਾਗਰਿਕ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੋਈ ਅਧਿਕਾਰ ਨਹੀਂ ਹੈ। ਸਭ ਇਸ ਦੇਸ਼ ਵਿੱਚ ਬਰਾਬਰ ਅਧਿਕਾਰ ਰੱਖਦੇ ਹਨ। ਇਸ ਦੇ ਨਾਲ ਸਾਡੇ ਅਧਿਕਾਰਾਂ ਨੇ ਨਾਲ ਨਾਲ ਸਾਡੇ ਮੁੱਢਲੇ ਫਰਜ਼ ਵੀ ਹਨ ਜੋ ਕਿ ਹਰ ਇਨਸਾਨ ਲਈ ਅਮਲ ਵਿੱਚ ਲਿਆਉਣੇ ਅਤਿ ਜ਼ਰੂਰੀ ਹਨ।
ਇਸ ਤੋਂ ਬਾਅਦ ਜੱਜ ਸਾਹਿਬ ਨੇ ਮਿਡੀਏਸ਼ਨ ਸੈਂਟਰ ਅਤੇ ਲੋਕ ਅਦਾਲਤ, ਮੁਫ਼ਤ ਕਾਨੂੰਨੀ ਸੇਵਾਵਾਂ, ਵਿਕਟਮ ਕੰਪਨਸੇਸ਼ਨ ਆਦਿ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਹ ਸੈਮੀਨਾਰ ਉਪਰੋਕਤ ਸਕੂਲਾਂ ਦੇ ਪ੍ਰਿੰਸੀਪਲ ਸ਼੍ਰੀ ਮੋਹਿੰਦਰ ਸਿੰਘ ਸੰਧੂ ਅਤੇ ਸ਼੍ਰੀਮਤੀ ਸੁਮਨ ਰਾਣੀ ਵੱਲੋਂ ਕਰਵਾਇਆ ਗਿਆ ਅਤੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਵੱਲੋਂ ਜੱਜ ਸਾਹਿਬ ਅਤੇ ਐਡਵੋਕੇਟ ਸਾਹਿਬ ਦਾ ਧੰਨਵਾਦ ਕੀਤਾ ਗਿਆ।