ਸਮੂਹ ਅਧਿਕਾਰੀ ਤੇ ਕਰਮਚਾਰੀ ਲੋਕਤੰਤਰ ਦੀ ਮਜਬੂਤੀ ਵਿੱਚ ਆਪਣਾ ਯੋਗਦਾਨ ਦੇਣ
ਸਮੂਹ ਅਧਿਕਾਰੀ ਤੇ ਕਰਮਚਾਰੀ ਲੋਕਤੰਤਰ ਦੀ ਮਜਬੂਤੀ ਵਿੱਚ ਆਪਣਾ ਯੋਗਦਾਨ ਦੇਣ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 25 ਜਨਵਰੀ:2022
ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ ਇਸ ਦੀ ਮਜਬੂਤੀ ਵਿੱਚ ਹਰੇਕ ਨਾਗਰਿਕ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾ ਲਈ ਜਿ਼ਲ੍ਹੇ ਵਿੱਚ ਤਕਰੀਬਨ 5 ਤੋਂ 6 ਹ਼ਜਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਚੋਣ ਪ੍ਰਕ੍ਰਿਆ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜਿਆ ਜਾ ਸਕੇ।
ਜਿ਼ਲ੍ਹਾ ਚੋਣ ਅਫਸਰ ਨੇ ਕਿਹਾ ਕਿ ਅਕਸਰ ਵੇਖਿਆ ਜਾ ਰਿਹਾ ਹੈ ਕਿ ਕਈ ਅਧਿਕਾਰੀ/ਕਰਮਚਾਰੀ ਆਪਣੀ ਚੋਣ ਡਿਊਟੀ ਕਟਵਾਉਣ ਲਈ ਵੱਖ-ਵੱਖ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਭਨਾ ਦੇ ਸਹਿਯੋਗ ਨਾਲ ਹੀ ਚੋਣ ਪ੍ਰਕ੍ਰਿ਼ਆ ਨੂੰ ਨੇਪਰੇ ਚਾੜਿਆ ਜਾ ਸਕਦਾ ਹੈ ਇਸ ਲਈ ਚੋਣ ਡਿਊਟੀ ਕਟਵਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਡਿਊਟੀ ਕਟਵਾਉਣ ਦੀ ਥਾਂ ਜਿ਼ਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਲੋਕਤੰਤਰ ਦੇ ਮਹਾਂਉਤਸਵ ਨੂੰ ਨੇਪਰੇ ਚਾੜਨ ਲਈ ਚੋਣ ਡਿਊਟੀ ਦੇਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਵਿਡ-19 ਦੀ ਬੂਸਟਰ ਡੋਜ ਦੇਣ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਰੋਨਾ ਵਾਇਰਸ ਨੂੰ ਠੱਲ ਪਾਈ ਜਾ ਸਕੇ। ਇਸ ਤੋਂ ਇਲਾਵਾ ਚੋਣ ਪ੍ਰਕ੍ਰਿ਼ਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਉਡਨ ਦਸਤਿਆਂ ਤੇ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਲਗਾਤਾਰ 24 ਘੰਟੇ ਡਿਊਟੀ ’ਤੇ ਰਹਿਣਗੀਆਂ ਜਦੋਂ ਕਿ ਜਿਹੜੇ ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਲਗਾਈਆਂ ਗਈਆਂ ਹਨ ਉਹ ਸਿਰਫ ਇੱਕ ਦਿਨ ਲਈ ਹੀ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਬਿਨਾਂ ਸਭਨਾਂ ਦੇ ਸਹਿਯੋਗ ਤੋਂ ਸਫਲਤਾ ਪੂਰਵਕ ਨੇਪਰੇ ਨਹੀਂ ਚਾੜਿਆ ਜਾ ਸਕਦਾ ਇਸ ਲਈ ਪ੍ਰਸ਼ਾਸ਼ਨ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਮੂਲੀਅਤ ਨਾਲ ਹੀ ਇਸ ਮਹਾਂਉਤਸਵ ਨੂੰ ਮੁਕੰਮਲ ਕੀਤਾ ਜਾ ਸਕਦਾ ਹੈ।